Breaking News
Home / ਭਾਰਤ / ਕੇਜਰੀਵਾਲ ਨੇ ਵੈਕਸੀਨ ਨੂੰ ਲੈ ਕੇ ਕੇਂਦਰ ਸਰਕਾਰ ਦੀ ਕੀਤੀ ਆਲੋਚਨਾ

ਕੇਜਰੀਵਾਲ ਨੇ ਵੈਕਸੀਨ ਨੂੰ ਲੈ ਕੇ ਕੇਂਦਰ ਸਰਕਾਰ ਦੀ ਕੀਤੀ ਆਲੋਚਨਾ

ਕਿਹਾ : ਜੇਕਰ ਪਾਕਿ ਹਮਲਾ ਕਰੇ ਤਾਂ ਤਿਆਰੀ ਲਈ ਦਿੱਲੀ ਨਹੀਂ ਕੇਂਦਰ ਜਵਾਬਦੇਹ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਕੇਂਦਰ ਨੇ ਦੇਸ਼ ‘ਚ ਟੀਕਾਕਰਨ ਮੁਹਿੰਮ ਛੇ ਮਹੀਨੇ ਦੇਰੀ ਨਾਲ ਸ਼ੁਰੂ ਕੀਤੀ ਹੈ। ਕੇਂਦਰ ਨੂੰ ਕਰੜੇ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਟੀਕੇ ਖ਼ਰੀਦਣ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈ ਅਤੇ ਉਹ ਫੌਰੀ ਜੰਗੀ ਪੱਧਰ ‘ਤੇ ਟੀਕਾਕਰਨ ਮੁਹਿੰਮ ਚਲਾਏ। ਦਵਾਰਕਾ ‘ਚ ਵੇਗਾਸ ਮਾਲ ਦੇ ਟੀਕਾਕਰਨ ਕੇਂਦਰ ‘ਚ ਗੱਡੀ ‘ਚ ਹੀ ਲੋਕਾਂ ਨੂੰ ਟੀਕੇ ਲਗਾਉਣ ਦੀ ਸ਼ੁਰੂਆਤ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਅੱਜ ਅਸੀਂ ਕੋਵਿਡ-19 ਖਿਲਾਫ ਜੰਗ ਲੜ ਰਹੇ ਹਾਂ ਜਿਸ ‘ਚ ਕੇਂਦਰ ਅਤੇ ਸੂਬਿਆਂ ਦੀਆਂ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਹਨ। ਕੇਂਦਰ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਪਾਸਾ ਵੱਟ ਰਹੀ ਹੈ ਅਤੇ ਸੂਬਿਆਂ ਨੂੰ ਆਪਣੇ ਲਈ ਖੁਦ ਪ੍ਰਬੰਧ ਕਰਨ ਨੂੰ ਆਖ ਰਹੀ ਹੈ। ਇਹ ਗਲਤ ਹੈ। ਉਨ੍ਹਾਂ ਨਾਰਾਜ਼ਗੀ ਭਰੇ ਸ਼ਬਦਾਂ ‘ਚ ਕਿਹਾ ਕਿ ਇਹ ਕੁਝ ਇੰਜ ਹੈ ਕਿ ਪਾਕਿਸਤਾਨ ਨੇ ਭਾਰਤ ਖਿਲਾਫ ਜੰਗ ਦਾ ਐਲਾਨ ਕਰ ਦਿੱਤਾ ਹੋਵੇ ਅਤੇ ਤਾਂ ਉਹ (ਕੇਂਦਰ) ਪੁੱਛੇ ਕਿ ਕੀ ਦਿੱਲੀ ਨੇ ਪਰਮਾਣੂ ਬੰਬ ਬਣਾਇਆ ਹੈ ਅਤੇ ਕੀ ਉੱਤਰ ਪ੍ਰਦੇਸ਼ ਨੇ ਟੈਂਕ ਖ਼ਰੀਦੇ ਹਨ। ਟੀਕਿਆਂ ਨੂੰ ਖ਼ਰੀਦਣ ਅਤੇ ਉਨ੍ਹਾਂ ਦੀ ਸਪਲਾਈ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈ। ਜੇਕਰ ਉਹ ਟੀਕੇ ਦੇਣ ਅਤੇ ਅਸੀਂ ਟੀਕਾਕਰਨ ਕੇਂਦਰਾਂ ਨੂੰ ਨਾ ਖੋਲ੍ਹੀਏ ਤਾਂ ਉਹ ਦਿੱਲੀ ਨੂੰ ਜਵਾਬਦੇਹ ਠਹਿਰਾ ਸਕਦੇ ਹਨ।
ਕੇਜਰੀਵਾਲ ਨੇ ਦਾਅਵਾ ਕੀਤਾ ਕਿ ਭਾਰਤ ‘ਚ ਟੀਕਾਕਰਨ ਮੁਹਿੰਮ ਛੇ ਮਹੀਨੇ ਦੀ ਦੇਰੀ ਨਾਲ ਸ਼ੁਰੂ ਹੋਈ। ਉਨ੍ਹਾਂ ਕਿਹਾ ਕਿ ਦੁਨੀਆ ਭਰ ਦੇ ਮੁਲਕਾਂ ਨੇ ਆਪਣੇ ਲੋਕਾਂ ਨੂੰ ਟੀਕੇ ਲਗਾਉਣੇ ਸ਼ੁਰੂ ਕਰ ਦਿੱਤੇ ਸਨ। ਪਰ ਭਾਰਤ ‘ਚ ਲੋਕਾਂ ਨੂੰ ਟੀਕੇ ਲਗਾਉਣ ਦੀ ਥਾਂ ‘ਤੇ ਵੈਕਸੀਨ ਵਿਦੇਸ਼ ਭੇਜੀ ਗਈ। ਜੇਕਰ ਮੁਲਕ ‘ਚ ਵੀ ਟੀਕਾਕਰਨ ਮੁਹਿੰਮ ਪਹਿਲਾਂ ਸ਼ੁਰੂ ਹੋ ਜਾਂਦੀ ਤਾਂ ਅਸੀਂ ਦੂਜੀ ਲਹਿਰ ਤੋਂ ਕਈ ਲੋਕਾਂ ਦੀਆਂ ਜਾਨਾਂ ਬਚਾ ਸਕਦੇ ਸੀ।

Check Also

‘ਇਸਕੋਨ ਕਸਾਈਆਂ ਨੂੰ ਗਾਵਾਂ ਵੇਚਦੀ ਹੈ’: ਮੰਦਰ ਅਥਾਰਟੀ ਨੇ ਭਾਜਪਾ ਸੰਸਦ ਮੇਨਕਾ ਗਾਂਧੀ ਦੇ ਦੋਸ਼ਾਂ ਦੀ ਨਿੰਦਾ ਕੀਤੀ

‘ਇਸਕੋਨ ਕਸਾਈਆਂ ਨੂੰ ਗਾਵਾਂ ਵੇਚਦੀ ਹੈ’: ਮੰਦਰ ਅਥਾਰਟੀ ਨੇ ਭਾਜਪਾ ਸੰਸਦ ਮੇਨਕਾ ਗਾਂਧੀ ਦੇ ਦੋਸ਼ਾਂ …