-3.7 C
Toronto
Sunday, December 21, 2025
spot_img
Homeਭਾਰਤ'ਵਟਸਐਪ' ਭਾਰਤ ਸਰਕਾਰ ਖਿਲਾਫ਼ ਅਦਾਲਤ ਪੁੱਜੀ

‘ਵਟਸਐਪ’ ਭਾਰਤ ਸਰਕਾਰ ਖਿਲਾਫ਼ ਅਦਾਲਤ ਪੁੱਜੀ

ਨਵੀਂ ਦਿੱਲੀ/ਬਿਊਰੋ ਨਿਊਜ਼ : ‘ਵਟਸਐਪ’ ਨੇ ਨਵੇਂ ਡਿਜੀਟਲ ਨਿਯਮਾਂ ‘ਤੇ ਸਰਕਾਰ ਦੇ ਖਿਲਾਫ ਦਿੱਲੀ ਹਾਈਕੋਰਟ ਦਾ ਰੁਖ਼ ਕੀਤਾ ਹੈ। ‘ਵਟਸਐਪ’ ਦਾ ਕਹਿਣਾ ਹੈ ਕਿ ਕੰਪਨੀ ਨੂੰ ‘ਐਨਕ੍ਰਿਪਟੇਡ ਮੈਸੇਜ’ ਤੱਕ ਪਹੁੰਚ ਦੇਣ ਲਈ ਕਹਿਣ ਨਾਲ ਨਿੱਜਤਾ (ਪ੍ਰਾਈਵੇਸੀ) ਖ਼ਤਮ ਹੋ ਜਾਵੇਗੀ। ‘ਵਟਸਐਪ’ ਨੇ ਮੰਗਲਵਾਰ ਨੂੰ ਪਟੀਸ਼ਨ ਦਾਇਰ ਕੀਤੀ ਹੈ ਤੇ ਉਸ ਨੇਮ ਜਿਸ ਤਹਿਤ ਸੰਦੇਸ਼ ਸੇਵਾਵਾਂ (ਮੈਸੇਜਿੰਗ ਐਪਸ) ਲਈ ਇਹ ਪਤਾ ਲਾਉਣਾ ਜ਼ਰੂਰੀ ਕੀਤਾ ਗਿਆ ਹੈ ਕਿ ਕਿਸੇ ਸੁਨੇਹੇ ਦੀ ਸ਼ੁਰੂਆਤ ਕਿਸ ਨੇ ਕੀਤੀ, ਨੂੰ ਨਿੱਜਤਾ ਦੇ ਹੱਕਾਂ ਦੀ ਉਲੰਘਣਾ ਕਰਾਰ ਦੇਣ ਦੀ ਬੇਨਤੀ ਕੀਤੀ ਹੈ।
ਕੰਪਨੀ ਨੇ ਕਿਹਾ ਕਿ ਇਹ ਹੱਕ ਸੰਵਿਧਾਨ ਵਿਚ ਦਿੱਤਾ ਗਿਆ ਹੈ। ‘ਵਟਸਐਪ’ ਦੇ ਇਕ ਬੁਲਾਰੇ ਨੇ ਕਿਹਾ ਕਿ ਐਪ ਲਈ ਚੈਟ (ਗੱਲਬਾਤ) ਉਤੇ ਨਜ਼ਰ ਰੱਖਣ ਦੀ ਲੋੜ, ਉਨ੍ਹਾਂ ਨੂੰ ਵਟਸਐਪ ਉਤੇ ਭੇਜੇ ਗਏ ਹਰ ਸੁਨੇਹੇ ਦਾ ‘ਫਿੰਗਰਪ੍ਰਿੰਟ’ ਰੱਖਣ ਲਈ ਕਹਿਣ ਦੇ ਬਰਾਬਰ ਹੈ। ਬੁਲਾਰੇ ਨੇ ਕਿਹਾ ਕਿ ਇਹ ‘ਏਂਡ-ਟੂ-ਏਂਡ ਐਨਕ੍ਰਿਪਸ਼ਨ’ ਨੂੰ ਤੋੜ ਦੇਵੇਗਾ ਤੇ ਲੋਕਾਂ ਦੇ ਨਿੱਜਤਾ ਦੇ ਹੱਕ ਨੂੰ ਕਮਜ਼ੋਰ ਕਰੇਗਾ। ਉਨ੍ਹਾਂ ਕਿਹਾ ਕਿ ‘ਕੰਪਨੀ ਦੁਨੀਆ ਭਰ ਵਿਚ ਲਗਾਤਾਰ ਸਿਵਿਲ ਸੁਸਾਇਟੀ ਤੇ ਮਾਹਿਰਾਂ ਦੇ ਨਾਲ ਉਨ੍ਹਾਂ ਨਿਯਮਾਂ ਦਾ ਵਿਰੋਧ ਕਰ ਰਹੀ ਹੈ ਜੋ ਸਾਡੀ ਐਪ ਵਰਤਣ ਵਾਲਿਆਂ ਦੀ ਪ੍ਰਾਈਵੇਸੀ ਨੂੰ ਖ਼ਤਮ ਕਰਦੇ ਹਨ।’
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਸੋਸ਼ਲ ਮੀਡੀਆ ਕੰਪਨੀਆਂ ਲਈ ਬਣਾਏ ਗਏ ਨਵੇਂ ਨੇਮ ਲਾਗੂ ਹੋ ਗਏ ਹਨ। ਇਹ ਨਿਯਮ ਨਾ ਮੰਨਣ ‘ਤੇ ਫੇਸਬੁੱਕ, ਟਵਿੱਟਰ, ਯੂਟਿਊਬ, ਇੰਸਟਾਗ੍ਰਾਮ ਤੇ ਵਟਸਐਪ ਜਿਹੀਆਂ ਕੰਪਨੀਆਂ ਨੂੰ ਕਾਨੂੰਨੀ ਕਾਰਵਾਈ ਤੋਂ ਮਿਲੀ ਛੋਟ ਖ਼ਤਮ ਹੋ ਜਾਵੇਗੀ। ਇਨ੍ਹਾਂ ਪਲੈਟਫਾਰਮਾਂ ਨੂੰ ਵਰਤਣ ਵਾਲਾ ਜਿਹੜੀ ਸਮੱਗਰੀ ਪੋਸਟ ਕਰਦਾ ਹੈ, ਉਸ ਲਈ ਹੁਣ ਕੰਪਨੀਆਂ ਨੂੰ ਕਾਨੂੰਨੀ ਘੇਰੇ ਵਿਚ ਲਿਆਂਦਾ ਜਾ ਸਕੇਗਾ।
ਇਸ ਤੋਂ ਪਹਿਲਾਂ ਕਿਸੇ ਤੀਜੀ ਧਿਰ ਵੱਲੋਂ ਪੋਸਟ ਕੀਤੇ ਜਾਣ ਉਤੇ ਕੰਪਨੀਆਂ ਖਿਲਾਫ ਕਾਰਵਾਈ ਨਹੀਂ ਹੁੰਦੀ ਸੀ। ਨਵੇਂ ਨੇਮਾਂ ਤਹਿਤ ਇਨ੍ਹਾਂ ਨੂੰ ਉਹ ਪੋਸਟ 36 ਘੰਟੇ ਦੇ ਅੰਦਰ-ਅੰਦਰ ਹਟਾਉਣੀ ਪਵੇਗੀ ਜਿਸ ਨੂੰ ਅਥਾਰਿਟੀ ਨੇ ਗਲਤ ਠਹਿਰਾਇਆ ਹੋਵੇ।
ਇਸ ਤੋਂ ਇਲਾਵਾ ਸ਼ਿਕਾਇਤਾਂ ਦਾ ਨਿਬੇੜਾ ਕਰਨ ਲਈ ਵੀ ਇਕ ਢਾਂਚਾ ਖੜ੍ਹਾ ਕਰਨਾ ਹੋਵੇਗਾ। ਕੰਪਨੀਆਂ ਨੂੰ ‘ਪੋਰਨੋਗ੍ਰਾਫੀ’ ਹਟਾਉਣ ਲਈ ਵੀ ਕੋਈ ਆਟੋਮੈਟਿਡ ਪ੍ਰਣਾਲੀ ਲਾਗੂ ਕਰਨ ਲਈ ਕਿਹਾ ਗਿਆ ਹੈ। ਇਸੇ ਦੌਰਾਨ ਵਟਸਐਪ ਨੇ ਕਿਹਾ ਹੈ ਕਿ ਉਹ ਲੋਕਾਂ ਨੂੰ ਸੁਰੱਖਿਅਤ ਰੱਖਣ ਦੇ ਮੰਤਵ ਨਾਲ ਵਿਹਾਰਕ ਹੱਲਾਂ ਉਤੇ ਭਾਰਤ ਸਰਕਾਰ ਨਾਲ ਗੱਲਬਾਤ ਜਾਰੀ ਰੱਖਣਗੇ।
25 ਫਰਵਰੀ ਨੂੰ ਐਲਾਨੇ ਗਏ ਨਿਯਮ ਲਾਗੂ ਹੋ ਗਏ ਹਨ। ਨਵੇਂ ਨੇਮਾਂ ਤਹਿਤ ਕੰਪਨੀਆਂ ਨੂੰ ਨੋਡਲ ਤੇ ਸ਼ਿਕਾਇਤਾਂ ਬਾਰੇ ਅਧਿਕਾਰੀ, ਕੰਪਲਾਇੰਸ ਅਫ਼ਸਰ ਵੀ ਨਿਯੁਕਤ ਕਰਨ ਲਈ ਕਿਹਾ ਗਿਆ ਹੈ। ਇਸ ਵਰਗ ਵਿਚ ਉਹ ਪਲੈਟਫਾਰਮ ਸ਼ਾਮਲ ਹਨ ਜਿਨ੍ਹਾਂ ਦੇ ਰਜਿਸਟਰਡ ਯੂਜ਼ਰ 50 ਲੱਖ ਤੋਂ ਵੱਧ ਹਨ।

RELATED ARTICLES
POPULAR POSTS