Breaking News
Home / ਭਾਰਤ / ਲੌਕਡਾਊਨ ਦੌਰਾਨ ਘਰਾਂ ‘ਚ ਲੱਗ ਰਹੀ ਹੈ ‘ਹੈਪੀਨੈੱਸ ਕਲਾਸ’

ਲੌਕਡਾਊਨ ਦੌਰਾਨ ਘਰਾਂ ‘ਚ ਲੱਗ ਰਹੀ ਹੈ ‘ਹੈਪੀਨੈੱਸ ਕਲਾਸ’

ਨਵੀਂ ਦਿੱਲੀ : ਆਮ ਆਦਮੀ ਪਾਰਟੀ ਵੱਲੋਂ ਸ਼ੁਰੂ ਕੀਤੀਆਂ ਗਈਆਂ ‘ਹੈਪੀਨੈੱਸ ਕਲਾਸਾਂ’ ਹੁਣ ਘਰਾਂ ‘ਚ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਕਰੋਨਾਵਾਇਰਸ ਕਰਕੇ ਲੌਕਡਾਊਨ ‘ਚ ਕਰੀਬ ਅੱਠ ਲੱਖ ਪਰਿਵਾਰਾਂ ਨੂੰ ਘਰਾਂ ‘ਚ ਬੈਠੇ ਹੀ ਫੋਨ ‘ਤੇ ਨਿਰਦੇਸ਼ ਮਿਲ ਰਹੇ ਹਨ ਅਤੇ ਉਹ ਰੋਜ਼ਾਨਾ ਇਨ੍ਹਾਂ ਜਮਾਤਾਂ ‘ਚ ਸ਼ਮੂਲੀਅਤ ਕਰ ਰਹੇ ਹਨ। ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ 8ਵੀਂ ਗਰੇਡ ਤਕ ਦੇ ਵਿਦਿਆਰਥੀ ਅਤੇ ਉਨ੍ਹਾਂ ਦੇ ਪਰਿਵਾਰ ਇਸ ਦਾ ਲਾਹਾ ਲੈ ਰਹੇ ਹਨ। ਉਪ ਮੁੱਖ ਮੰਤਰੀ ਸਿਸੋਦੀਆ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ 8ਵੀਂ ਜਮਾਤ ਤਕ ਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਿੱਖਿਆ ਵਿਭਾਗ ਤੋਂ ਆਡੀਓ ਕਾਲਜ਼ ਮਿਲਣਗੇ ਜਿਸ ‘ਚ ਉਨ੍ਹਾਂ ਨੂੰ ਦੱਸਿਆ ਜਾਵੇਗਾ ਕਿ ਉਹ ਘਰਾਂ ‘ਚ ਬੈਠੇ ਹੀ ਅਧਿਆਪਕਾਂ ਦੀ ਭੂਮਿਕਾ ਕਿਵੇਂ ਨਿਭਾਅ ਸਕਦੇ ਹਨ। ਸਿੱਖਿਆ ਵਿਭਾਗ ਮੁਤਾਬਕ ਹੈਪੀਨੈੱਸ ਪਾਠਕ੍ਰਮ ਦਾ ਮਕਸਦ ਬੱਚਿਆਂ ਨੂੰ ਜਾਗਰੂਕ ਰੱਖ ਕੇ ਉਨ੍ਹਾਂ ਨੂੰ ਬਿਹਤਰ ਇਨਸਾਨ ਬਣਾਉਣਾ ਹੈ। ਸ੍ਰੀ ਸਿਸੋਦੀਆ ਨੇ ਕਿਹਾ,”ਇਹ ਮੁਸ਼ਕਲਾਂ ਭਰਿਆ ਸਮਾਂ ਹੈ ਅਤੇ ਅਸੀਂ ਨਹੀਂ ਜਾਣਦੇ ਕਿ ਮਨੋਰੰਜਨ ਕਿਵੇਂ ਕੀਤਾ ਜਾਵੇ ਕਿਉਂਕਿ ਅਸੀਂ ਬਾਹਰ ਜਾ ਕੇ ਫਿਲਮਾਂ ਨਹੀਂ ਦੇਖ ਸਕਦੇ ਅਤੇ ਪਾਰਕਾਂ ‘ਚ ਨਹੀਂ ਬੈਠ ਸਕਦੇ ਹਾਂ। ਅਸੀਂ ਪਰਿਵਾਰਾਂ ਨਾਲ ਘਰਾਂ ਅੰਦਰ ਬੰਦ ਹੋ ਕੇ ਬੈਠੇ ਹਾਂ। ਅਜਿਹੇ ਹਾਲਾਤ ‘ਚ ਇਕ-ਦੂਜੇ ਨਾਲ ਖਹਿਬੜ ਸਕਦੇ ਹਾਂ ਅਤੇ ਸਾਨੂੰ ਇਹ ਨਹੀਂ ਪਤਾ ਕਿ ਸਾਡੀ ਸੋਚ ਕਿਵੇਂ ਬਦਲੇ।” ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ‘ਚ ਹੈਪੀਨੈੱਸ ਜਮਾਤਾਂ ਅਹਿਮ ਭੂਮਿਕਾਵਾਂ ਨਿਭਾ ਸਕਦੀਆਂ ਹਨ। ਮੰਤਰੀ ਨੇ ਕਿਹਾ ਕਿ ਹੁਣ ਰੋਜ਼ਾਨਾ ਮਾਪੇ ਘਰਾਂ ‘ਚ ਹੀ ਇਹ ਜਮਾਤਾਂ ਲੈਣਗੇ ਅਤੇ ਬੱਚਿਆਂ ਨਾਲ ਉਹ ਧਿਆਨ ਲਗਾਉਣਗੇ। ਉਨ੍ਹਾਂ ਕਿਹਾ ਕਿ ਘਰਾਂ ਦਾ ਮਾਹੌਲ ਸੁਖਾਵਾਂ ਬਣਾਉਣ ਲਈ ਇਹ ਜਮਾਤਾਂ ਸਾਜ਼ਗਾਰ ਹੋ ਸਕਦੀਆਂ ਹਨ ਅਤੇ ਪਰਿਵਾਰ ਇਕੱਠਿਆਂ ਵਧੀਆ ਸਮਾਂ ਬਤੀਤ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਹੈਪੀਨੈੱਸ ਪਾਠਕ੍ਰਮ ਜੁਲਾਈ 2018 ਤੋਂ ਲਾਗੂ ਕੀਤਾ ਗਿਆ ਸੀ ਅਤੇ ਰੋਜ਼ਾਨਾ 45 ਮਿੰਟ ਦੀ ਹੈਪੀਨੈੱਸ ਕਲਾਸ ਲਗਾਈ ਜਾਂਦੀ ਸੀ ਜਿਸ ਰਾਹੀਂ ਬੱਚਿਆਂ ਨੂੰ ਸਕੂਲ ਤੋਂ ਬਾਹਰ ਦੀ ਦੁਨੀਆ ਦੇ ਰੂ-ਬ-ਰੂ ਕਰਵਾਇਆ ਜਾਂਦਾ ਸੀ। ਕਲਾਸਾਂ ਦੌਰਾਨ ਬੱਚਿਆਂ ਨੂੰ ਆਪਣੇ ਵਿਚਾਰ ਅਤੇ ਸਿਰਜਣਾਤਮਕਤਾ ਖੁੱਲ੍ਹ ਕੇ ਦਰਸਾਉਣ ਦੀ ਛੋਟ ਹੁੰਦੀ ਹੈ।

Check Also

1984 ਸਿੱਖ ਕਤਲੇਆਮ ਮਾਮਲੇ ’ਚ ਸੱਜਣ ਕੁਮਾਰ ਖਿਲਾਫ਼ ਫੈਸਲਾ ਟਲਿਆ

ਅਗਲੀ ਸੁਣਵਾਈ ਦੌਰਾਨ ਅਦਾਲਤ 16 ਦਸੰਬਰ ਨੂੰ ਸੁਣਾਏਗੀ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਸਿੱਖ …