Breaking News
Home / ਪੰਜਾਬ / ਜ਼ਿਮਨੀ ਚੋਣਾਂ: ਸਿੱਖ ਚਿਹਰਿਆਂ ਦੇ ਬਾਵਜੂਦ ਪੰਜਾਬ ਵਿਚ ਨਾ ਲੱਗੇ ਭਾਜਪਾ ਦੇ ਪੈਰ

ਜ਼ਿਮਨੀ ਚੋਣਾਂ: ਸਿੱਖ ਚਿਹਰਿਆਂ ਦੇ ਬਾਵਜੂਦ ਪੰਜਾਬ ਵਿਚ ਨਾ ਲੱਗੇ ਭਾਜਪਾ ਦੇ ਪੈਰ

ਕਿਸਾਨ ਜਥੇਬੰਦੀਆਂ ਦਾ ਵਿਰੋਧ ਭਗਵਾ ਪਾਰਟੀ ਲਈ ਬਣਿਆ ਵੱਡਾ ਅੜਿੱਕਾ
ਮਾਨਸਾ/ਬਿਊਰੋ ਨਿਊਜ਼ : ਕੇਂਦਰ ‘ਚ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਵਾਲੀ ਭਾਜਪਾ ਨੇ ਭਾਵੇਂ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਲਈ ਹੋਈਆਂ ਜ਼ਿਮਨੀ ਚੋਣਾਂ ਵਿੱਚ ਸਿੱਖ ਚਿਹਰਿਆਂ ਨੂੰ ਮੈਦਾਨ ਵਿੱਚ ਉਤਾਰਿਆ ਸੀ ਪਰ ਭਗਵਾਂ ਪਾਰਟੀ ਲਈ ਇਹ ਦਾਅ-ਪੇਚ ਵੀ ਸੂਬੇ ‘ਚ ਉਸ ਲਈ ਫਿੱਟ ਨਹੀਂ ਬੈਠ ਸਕੇ। ਪਾਰਟੀ ਨੂੰ ਮਨਪ੍ਰੀਤ ਸਿੰਘ ਬਾਦਲ ਸਣੇ ਤਿੰਨ ਹਲਕਿਆਂ ‘ਚ ਆਪਣੀਆਂ ਜ਼ਮਾਨਤਾਂ ਜ਼ਬਤ ਹੋਣ ਤੋਂ ਬਚਾਉਣ ਦਾ ਮੌਕਾ ਵੀ ਨਹੀਂ ਮਿਲਿਆ। ਭਾਜਪਾ ਨੂੰ ਕਿਸਾਨਾਂ ਦੇ ਲਗਾਤਾਰ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ।
ਬੇਸ਼ੱਕ ਪਾਰਟੀ ਨੇ 2027 ਦੌਰਾਨ ਪੰਜਾਬ ਵਿੱਚ ਸਰਕਾਰ ਬਣਾਉਣ ਦਾ ਜ਼ਿਮਨੀ ਚੋਣਾਂ ਦੌਰਾਨ ਥਾਂ-ਥਾਂ ਨਾਅਰਾ ਦਿੱਤਾ ਗਿਆ, ਪਰ ਪਾਰਟੀ ਜ਼ਿਮਨੀ ਚੋਣਾਂ ਦੌਰਾਨ ਪੈਰ ਜਮਾਉਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋ ਗਈ ਹੈ। ਨਤੀਜਿਆਂ ਮੁਤਾਬਕ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਹਲਕਿਆਂ ‘ਚ ਭਾਜਪਾ ਉਮੀਦਵਾਰ ਦੂਜੇ ਨੰਬਰ ‘ਤੇ ਵੀ ਨਹੀਂ ਆ ਸਕੇ ਜਦੋਂ ਕਿ ਇਸ ਦਾ ਪੁਰਾਣਾ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਇਸ ਵਾਰ ਚੋਣ ਮੈਦਾਨ ‘ਚੋਂ ਬਾਹਰ ਸੀ।
ਬਰਨਾਲਾ ਤੋਂ ਭਾਜਪਾ ਬਰਨਾਲਾ ਤੋਂ ਉਮੀਦਵਾਰ ਕੇਵਲ ਸਿੰਘ ਢਿੱਲੋਂ ਤੀਜੇ ਨੰਬਰ ‘ਤੇ ਰਹਿ ਕੇ ਆਪਣੀ ਜ਼ਮਾਨਤ ਬਚਾਉਣ ‘ਚ ਸਫ਼ਲ ਹੋਏ ਦੱਸੇ ਜਾਂਦੇ ਹਨ, ਪਰ ਗਿੱਦੜਬਾਹਾ ਤੋਂ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਚੱਬੇਵਾਲ ਤੋਂ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ, ਡੇਰਾ ਬਾਬਾ ਨਾਨਕ ਤੋਂ ਅਕਾਲੀ ਦਲ ਦੇ ਸਾਬਕਾ ਟਕਸਾਲੀ ਆਗੂ ਰਵੀਕਰਨ ਸਿੰਘ ਕਾਹਲੋਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਰਵਾਇਤੀ ਵਿਧਾਨ ਸਭਾ ਹਲਕੇ ਗਿੱਦੜਬਾਹਾ ਤੋਂ ਅੰਦਰ ਖਾਤੇ ਲੰਬੇ ਸਮੇਂ ਤੋਂ ਸਰਗਰਮੀਆਂ ਵਿੱਢੀਆਂ ਹੋਈਆਂ ਸਨ। ਉਨ੍ਹਾਂ ਦੀਆਂ ਸਰਗਰਮੀਆਂ ਨੂੰ ਗੰਭੀਰਤਾ ਨਾਲ ਲੈ ਕੇ ਹੀ ਹਰਦੀਪ ਸਿੰਘ ਡਿੰਪੀ ਢਿੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸਾਥ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ, ਜਿਨ੍ਹਾਂ ਨੂੰ ਮਗਰੋਂ ਹੁਣ ਸੱਤਾਧਾਰੀ ‘ਆਪ’ ਵੱਲੋਂ ਗਿੱਦੜਬਾਹਾ ਤੋਂ ਉਮੀਦਵਾਰ ਬਣਾਇਆ ਦਿੱਤਾ।

 

Check Also

ਦੀਪਕ ਚਨਾਰਥਲ ਬਣੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ

ਭੁਪਿੰਦਰ ਮਲਿਕ ਜਨਰਲ ਸਕੱਤਰ ਤੇ ਪਾਲ ਅਜਨਬੀ ਚੁਣੇ ਗਏ ਸੀਨੀਅਰ ਮੀਤ ਪ੍ਰਧਾਨ ਚੰਡੀਗੜ੍ਹ : ਪੰਜਾਬੀ …