ਮੀਟਿੰਗ ਵਿਚ ਕਰੀਬ 150 ਓਨਰ-ਓਪਰੇਟਰਾਂ ਤੇ ਟਰੱਕ ਡਰਾਈਵਰਾਂ ਨੇ ਲਿਆ ਹਿੱਸਾ
ਬਰੈਂਪਟਨ/ਡਾ. ਝੰਡ : ਟਰੱਕ ਡਰਾਈਵਰਾਂ ਨੂੰ ਨਿੱਤ ਨਵੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਸਰਕਾਰ ਵੱਲੋਂ ਪ੍ਰਵਾਨ ਕੀਤੀਆਂ ਗਈਆਂ ਘੱਟੋ-ਘੱਟ ਉਜਰਤਾਂ ਨਹੀਂ ਦਿੱਤੀਆਂ ਜਾ ਰਹੀਆਂ। ਕਦੇ ਟਰੱਕ ਕੰਪਨੀਆਂ ਵੱਲੋਂ ਉਨ੍ਹਾਂ ਦੀਆਂ ਤਨਖ਼ਾਹਾਂ ਦੇ ਪੈਸੇ ਮਾਰ ਲਏ ਜਾਂਦੇ ਹਨ ਅਤੇ ਕਦੇ ਬਿਨਾਂ ਕੋਈ ਅਗਾਊਂ ਨੋਟਿਸ ਦਿੱਤਿਆਂ ਜਦੋਂ ਮਰਜ਼ੀ ਉਨ੍ਹਾਂ ਨੂੰ ਨੌਕਰੀ ਤੋਂ ‘ਫ਼ਾਰਗ’ (ਫ਼ਾਇਰ) ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਦੀ ਸਿਹਤ, ਸੁਰੱਖਿਆ ਅਤੇ ਸਰਵਿਸ ਸਬੰਧੀ ਬਣੇ ਹੋਏ ਕਾਨੂੰਨਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ। ਨਤੀਜੇ ਵਜੋਂ, ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸਰੀਰਕ ਤੇ ਮਾਨਸਿਕ ਦਿੱਕਤਾਂ ਝੱਲਣੀਆਂ ਪੈਂਦੀਆਂ ਹਨ। ਸ਼ਾਇਦ, ਤਾਂ ਹੀ ਪੰਜਾਬੀ ਗੀਤਾਂ ਵਿੱਚ ਟਰੱਕ ਡਰਾਈਵਰਾਂ ਬਾਰੇ ਕਿਹਾ ਜਾਂਦਾ ਹੈ, ”ਬੜੀ ਔਖੀ ਏ ਡਰਾਈਵਰੀ ਯਾਰਾ, ਪੈਂਦੇ ਸੱਪਾਂ ਦੀਆਂ ਸਿਰੀਆਂ ਤੋਂ ਨੋਟ ਚੱਕਣੇ।”
ਇਨ੍ਹਾਂ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਸੰਘਰਸ਼ ਕਰਨ ਲਈ ਲੰਘੇ ਸ਼ਨੀਵਾਰ 22 ਨਵੰਬਰ ਦਿਨ ਸ਼ਨਿਚਰਵਾਰ ਨੂੰ ‘ਜਸਟਿਸ ਫ਼ਾਰ ਟਰੱਕ ਡਰਾਈਵਰਜ਼ ਕੈਂਪੇਨ’ ਵੱਲੋਂ 500 ਰੇਅਲਾਅਸਨ ਬੁਲੇਵਾਰਡ, ਬਰੈਂਪਟਨ ਸਥਿਤ ‘ਸੂਸਨ ਫ਼ੈਨਲ ਸਪੋਰਟਸਪਲੈੱਕਸ’ ਵਿਖੇ ਇਕ ਟਾਊਨ ਹਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਕੋਈ 150 ਦੇ ਕਰੀਬ ਓਨਰ-ਓਪਰੇਟਰਾਂ ਤੇ ਡਰਾਈਵਰਾਂ ਨੇ ਨਿੱਜੀ ਰੂਪ ਵਿੱਚ ਭਾਗ ਲਿਆ। ਇਨ੍ਹਾਂ ਤੋਂ ਇਲਾਵਾ 450 ਸੌ ਤੋਂ ਵਧੇਰੇ ਡਰਾਈਵਰਾਂ ਨੇ ਆਪਣੇ ਆਪ ਨੂੰ ‘ਔਨ-ਲਾਈਨ’ ਰਜਿਸਟਰ ਕੀਤਾ। ਕਿਊਬਿਕ, ਓਨਟਾਰੀਓ ਤੇ ਬੀ. ਸੀ. ਦੇ ਕਈ ਪਾਰਲੀਮੈਂਟ ਮੈਂਬਰਾਂ ਨੇ ‘ਔਨ-ਲਾਈਨ’ ਤੇ ‘ਇਨ-ਪਰਸਨ’ ਹਿੱਸਾ ਲਿਆ। ਇਸ ਦੇ ਨਾਲ ਹੀ ‘ਥੰਡਰਬੇਅ’ ਦੀ ਇੱਕ ਐੱਮ.ਪੀ.ਪੀ. ਨੇ ਵੀ ‘ਇਨ-ਪਰਸਨ’ ਆਪਣੀ ਹਾਜ਼ਰੀ ਲਵਾਈ। ‘ਯੂਨੀਫੋਰ’, ‘ਟੋਰਾਂਟੋ ਐਕਸ਼ਨ ਸੈਂਟਰ’ ਤੋਂ ਇਲਾਵਾ ਹੋਰ ਕਈ ਯੂਨੀਅਨਾਂ ਦੇ ਮੈਂਬਰਾਂ ਨੇ ਵੀ ਮੀਟਿੰਗ ਵਿੱਚ ਆਪਣੀ ਸ਼ਮੂਲੀਅਤ ਕੀਤੀ।
ਡਰਾਈਵਰਾਂ ਤੇ ਓਨਰ-ਓਪਰੇਟਰਾਂ ਦੀਆਂ ਇਨ੍ਹਾਂ ਮੰਗਾਂ ਨੂੰ ਉਭਾਰਨ ਲਈ ਨੈਸ਼ਨਲ ਪੱਧਰ ‘ਤੇ ਪੰਜਾਬੀ ਮੀਡੀਏ ਵੱਲੋਂ ਪੂਰਾ ਸਮਰਥਨ ਦਿੱਤਾ ਗਿਆ। ਮੇਨ-ਸਟਰੀਮ ਮੀਡੀਏ ਦੇ ਕੁਝ ਮੈਂਬਰ ਵੀ ਇਸ ਟਾਊਨ ਹਾਲ ਮੀਟਿੰਗ ਵਿਚ ਪਹੁੰਚੇ ਹੋਏ ਸਨ। ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਵੱਲੋਂ ਆਪਣੇ ਸੰਬੋਧਨਾਂ ਵਿੱਚ ‘ਵੇਜ-ਥੈੱਫ਼ਟ ਰੋਕਣਾ’, ਡਰਾਈਵਰਾਂ ਦੀ ‘ਮਿਨੀਮਮ-ਵੇਜ ਸੈੱਟ ਕਰਨਾ’, ਬਣੇ ਹੋਏ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਨਾ ਵਰਗੇ ਕਈ ਹੋਰ ਮੁੱਦਿਆਂ ਨੂੰ ਰਾਜ ਕਰ ਰਹੀਆਂ ਤੇ ਹੋਰ ਦੂਜੀਆਂ ਰਾਜਨੀਤਕ ਪਾਰਟੀਆਂ ਦੇ ਧਿਆਨ ‘ਚ ਲਿਆਦਾਂ ਗਿਆ।
ਇੱਥੇ ਇਹ ਵਰਨਣਯੋਗ ਹੈ ਕਿ ਓਨਟਾਰੀਓ ਖਿੱਤੇ ਦੇ ਟਰੱਕ ਡਰਾਈਵਰਾਂ ਦੀ ਇਹ ‘ਮੂਵਮੈਂਟ’ ਹੁਣ ਕੈਨੇਡਾ-ਭਰ ਦੇ ਡਰਾਈਵਰਾਂ ਦੀ ਮੂਵਮੈਂਟ ਬਣਦੀ ਜਾ ਰਹੀ ਹੈ। ਮੀਟਿੰਗ ਵਿੱਚ ‘ਵੈਸਟ ਕੋਸਟ ਟਰੱਕਰਜ਼ ਐਸੋਸੀਏਸ਼ਨ’ ਦੇ ਵਾਈਸ-ਪ੍ਰੈਜ਼ੀਡੈਂਟ ਵਿਜੈਦੀਪ ਵੱਲੋਂ ਵੀ ਜ਼ੂਮ-ਮਾਧਿਅਮ ਰਾਂਹੀ ਆਪਣੇ ਵਿਚਾਰ ਸਾਂਝੇ ਕੀਤੇ ਗਏ। ‘ਕੈਨੇਡੀਅਨ ਟਰੱਕਰਜ਼ ਐਸੋਸੀਏਸ਼ਨ’ ਦੇ ਆਗੂ ਸੁਖਰਾਜ ਸੰਧੂ ਅਤੇ ਰਾਜ ਨੇ ਵੀ ਟਰੱਕਰਜ਼ ਨੂੰ ਆ ਰਹੀਆਂ ਦਿੱਕਤਾ ਬਾਰੇ ਵਿਚਾਰ ਸਾਂਝੇ ਕੀਤੇ। ਟਰੱਕ ਡਰਾਈਵਰ ਕਰਨਵੀਰ ਨੇ ਡਰਾਈਵਰਾਂ ਦੀ ਤਨਖਾਹ ਦੀ ਹੋ ਰਹੀ ‘ਚੋਰੀ’ ਬਾਰੇ ਵਿਸਥਾਰ ‘ਚ ਚਾਨਣਾ ਪਾਇਆ। ਇਸ ਟਾਊਨ ਹਾਲ ਮੀਟਿੰਗ ਦੀ ਭਰਪੂਰ ਸਫ਼ਲਤਾ ਤੋਂ ਮਾਲੂਮ ਹੋ ਰਿਹਾ ਸੀ ਕਿ ਜੇਕਰ ਟਰੱਕ ਡਰਾਈਵਰ ਇੰਜ ਹੀ ਲਗਾਤਾਰਤਾ ਨਾਲ ਇਕ-ਜੁੱਟ ਹੋ ਕੇ ਅਪਣੀ ਆਵਾਜ਼ ਉਠਾਉਂਦੇ ਰਹੇ ਤਾਂ ਸਰਕਾਰ ਨੂੰ ਇ੍ਹਨਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਲਈ ਮਜਬੂਰ ਹੋਣਾ ਪਵੇਗਾ।
ਇਸ ਦੌਰਾਨ ਨਵੀ ਔਜਲਾ ਵੱਲੋਂ ਸਟੇਜ-ਸਕੱਤਰ ਦੀ ਜ਼ੁੰਮੇਵਾਰੀ ਬਾਖ਼ੂਬੀ ਨਿਭਾਈ ਗਈ। ਵੱਖ-ਵੱਖ ਬੁਲਾਰਿਆਂ ਵੱਲੋਂ ਮੀਟਿੰਗ ਵਿੱਚ ਰੱਖੀਆਂ ਗਈਆਂ ਮੰਗਾਂ ਬਾਰੇ ਮੀਟਿੰਗ ਵਿੱਚ ਸ਼ਾਮਲ ਡਰਾਈਵਰਾਂ ਅਤੇ ਓਨਰ-ਓਪਰੇਟਰਾਂ ਵੱਲੋਂ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ ਗਈ।
ਟਰੱਕ ਡਰਾਈਵਰਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ‘ਜਸਟਿਸ ਫ਼ਾਰ ਟਰੱਕ ਡਰਾਈਵਰਜ਼ ਕੈਂਪੇਨ’ ਨੇ ਆਯੋਜਿਤ ਕੀਤੀ ਮਹੱਤਵਪੂਰਨ ਟਾਊਨ ਹਾਲ ਮੀਟਿੰਗ
RELATED ARTICLES

