-3.5 C
Toronto
Thursday, February 26, 2026
spot_img
Homeਕੈਨੇਡਾ'ਫ਼ਲੀਟ ਐੱਗਜ਼ੈੱਕਟਿਵ ਸੰਮਿਟ ਟੋਰਾਂਟੋ-2025' ਵਿੱਚ ਟਰੱਕਿੰਗ ਇੰਡਸਟਰੀ ਤੇ ਡਰਾਈਵਰਾਂ ਦੀਆਂ ਮੁਸ਼ਕਲਾਂ ਬਾਰੇ...

‘ਫ਼ਲੀਟ ਐੱਗਜ਼ੈੱਕਟਿਵ ਸੰਮਿਟ ਟੋਰਾਂਟੋ-2025’ ਵਿੱਚ ਟਰੱਕਿੰਗ ਇੰਡਸਟਰੀ ਤੇ ਡਰਾਈਵਰਾਂ ਦੀਆਂ ਮੁਸ਼ਕਲਾਂ ਬਾਰੇ ਹੋਇਆ ਗੰਭੀਰ ਵਿਚਾਰ-ਵਟਾਂਦਰਾ

ਬਰੈਂਪਟਨ/ਡਾ. ਝੰਡ : ਲੰਘੇ ਮੰਗਲਵਾਰ 25 ਨਵੰਬਰ ਨੂੰ ‘ਲਾਇਨ-ਹੈੱਡ ਗੌਲਫ਼ ਕਲੱਬ ਐਂਡ ਕਾਨਫ਼ਰੰਸ ਸੈਂਟਰ’ ਵਿਖੇ ‘ਫ਼ਲੀਟ ਐੱਗਜ਼ੈੱਕਟਿਵ ਸੰਮਿਟ ਟੋਰਾਂਟੋ-2025’ ਆਯੋਜਿਤ ਕੀਤਾ ਗਿਆ। ਇਸ ਵਿੱਚ ਟਰੱਕਿੰਗ ਅਤੇ ਇਨਸ਼ੋਅਰੈਨਸ ਇੰਡਸਟਰੀ ਨਾਲ ਸਬੰਧਿਤ ਕੰਪਨੀਆਂ ਦੇ ਲੱਗਭੱਗ 200 ਉੱਚ-ਅਧਿਕਾਰੀਆਂ ਨੇ ਭਾਗ ਲਿਆ। ਇਸ ਇੱਕ-ਦਿਨਾਂ ਸੰਮਿਟ ਵਿੱਚ ਟਰੱਕਿੰਗ ਇੰਡਸਟਰੀ ਅਤੇ ਡਰਾਈਵਰਾਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਵੱਖ-ਵੱਖ ਪੈਨਲਾਂ ਵਿਚ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ।
ਸਵੇਰੇ 8.30 ਵਜੇ ਆਰੰਭ ਹੋਈ ਇਸ ਕਾਨਫ਼ਰੰਸ ਵਿੱਚ ‘ਮਾਸਟਰ ਆਫ਼ ਸੈਰੀਮਨੀਜ਼’ ਜੇਕ ਧੀਰ ਵੱਲੋਂ ਕਹੇ ਗਏ ਮੁੱਢਲੇ ਸੁਆਗ਼ਤੀ ਸ਼ਬਦਾਂਤੋਂ ਬਾਅਦ ‘ਰਾਇਲ ਬੈਂਕ ਆਫ਼ ਕੈਨੇਡਾ’ ਦੇ ਸੀਨੀਅਰ ਇਕੌਨੋਮਿਸਟ ਕਲੇਅਰ ਫੈਨ ਵੱਲੋਂ ‘ਇਕਨਾਮਿਕ ਟਰੈਂਡਜ਼ ਐਂਡ ਟਰੱਕਿੰਗ’ ਵਿਸ਼ੇ’ ‘ਤੇ ਮੁੱਖ-ਭਾਸ਼ਨ ਦਿੱਤਾ ਗਿਆ।
ਉਪਰੰਤ, ‘ਹੰਟਰ ਐਕਸਪਰੈੱਸ ਲਿਮਿਟਿਡ’ ਦੇ ਚੀਫ਼ ਫ਼ਾਈਨੈਂਸ਼ੀਅਲ ਅਫ਼ਸਰ, ਦਵਿੰਦਰ ਨਿੱਜਰ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਾਏ ਗਏ ਵੱਖ-ਵੱਖ ਟੈਰਿਫ਼ਾਂ ਦਾ ਟਰੱਕਿੰਗ ਇੰਡਸਟਰੀ ਉੱਪਰ ਪਏ ਮਾੜੇ ਪ੍ਰਭਾਵ ਬਾਰੇ ਅਸਰਦਾਰ ਕੁੰਜੀਵੱਤ-ਭਾਸ਼ਨ ‘ਟਰੰਪ ਇੰਪੈਕਟ ਆਨ ਟਰੱਕਿੰਗ’ ਦਿੱਤਾ ਅਤੇ ਇਸਦੇ ਨਾਲ ਹੀ ‘ਟਰੱਕਲੋਡ ਕੈਰੀਅਰਜ਼ ਐਸੋਸਇਏਸ਼ਨ’ ਦੇ ਵਾਈਸ-ਪ੍ਰੈਜ਼ੀਡੈਂਟ ਡੇਵਿਡ ਹੈੱਲਰ ਵੱਲੋ ‘ਯੂ.ਐੱਸ.ਏ. ਕੰਪਲਾਇੰਸ ਐਂਡ ਰੈਗੂਲੇਟਰੀ ਅੱਪਡੇਟਸ’ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ।
ਇਸ ਤੋਂ ਬਾਅਦ ‘ਪੈਨਲ-ਡਿਸਕਸ਼ਨਾਂ’ ਦਾ ਦੌਰ ਸ਼ੁਰੂ ਹੋ ਗਿਆ। ਬੀਆਂਡ ਕੰਪਲਾਇੰਸ: ਬਿਲਡਿੰਗ ਏ ਕਲਚਰ ਆਫ਼ ਸੇਫ਼ਟੀ ਇਨ ਫ਼ਲੀਟ ਆਪਰੇਸ਼ ਵਿਸ਼ੇ ਉੱਪਰ ਪਹਿਲੇ ਸੈਸ਼ਨ ਦੇ ਪੈਨਲ-ਮਾਡਰੇਟਰ ਸਕਾਟ ਕੌਬਰ ਵੱਲੋਂ ਆਪਣੇ ਪੈਨਲਿਸਟਾਂ ਬਰੈਡਨ ਮੁਇਰ, ਜਿਔਫ਼ਰੀ ਜੌਸਫ਼, ਰੌਨ ਹੈਨਸਨ, ਮਿਲ ਪੈਰੇਆਲਟ ਅਤੇ ਰੌਬਟਰ ਜੇ. ਮੈਕਡੌਗਲ ਨਾਲ ਟਰੱਕਿੰਗ ਵਿੱਚ ਸੁਰੱਖਿਆ ਬਾਰੇ ਬਹੁਤ ਵਧੀਆ ਗੱਲਬਾਤ ਆਯੋਜਿਤ ਕੀਤੀ ਗਈ, ਜਿਸ ਵਿੱਚ ਟਰੱਕ ਡਰਾਈਵਰਾਂ ਦੀ ਸੁਰੱਖਿਆ ਦਾ ਵਿਸ਼ਾ ਮੁੱਖ ਤੌਰ ‘ਤੇ ਉੱਭਰ ਕੇ ਆਇਆ। ਸਾਰੇ ਹੀ ਪੈਨਲਿਸਟਾਂ ਦਾ ਸਰਬਸੰਮਤੀ ਨਾਲ ਵਿਚਾਰ ਸੀ ਕਿ ਐਕਸੀਡੈਂਟਾਂ ਵਿੱਚ ਅਚਾਨਕ ਜਾਨ ਦੇਣ ਵਾਲੇ ਅਤੇ ਜ਼ ਹੋਣ ਵਾਲੇ ਡਰਾਈਵਰਾਂ ਦੇ ਪਰਿਵਾਰਾਂ ਨੂੰ ਕੰਪਨੀਆਂ ਵੱਲੋਂ ਬਣਦੇ ਯੋਗ ਮੁਆਵਜ਼ੇ ਦਾ ਭੁਗਤਾਨ ਜਲਦੀ ਤੋਂ ਜਲਦੀ ਹੋਣਾ ਚਾਹੀਦਾ ਹੈ।
ਦੁਪਹਿਰ ਦੇ ਖਾਣੇ ਦੀ ਬਰੇਕ ਤੋਂ ਬਾਅਦ ਦੂਸਰੇ ਸੈਸ਼ਨ ‘ਟੱਫ਼ ਕਨਵਰਸੇਸ਼ਨਜ਼: ਸੇਫ਼ਟੀ, ਐਂਪਲਾਇਮੈਂਟ ਲਾਅ, ਐਂਡ ਅਕਾਊਂਟੇਬਿਲਿਟੀ’ ਵਿੱਚ ਪੈਨਲ ਦੇ ਮਾਡਰੇਟਰ ਬਿਲ ਰੌਬਿਨਸਨ ਵੱਲੋਂ ਆਪਣੇ ਪੈਨਨਲਿਸਟਾਂ ਵਿਭੋਰ ਗੁਪਤਾ, ਮਾਈਕ ਮਿਲੀਅਨ, ਰਿਕ ਮੌਰਗਨ, ਮਾਈਕ ਪਰੈੱਸੇ, ਰਾਜਨ ਚੈਲੇਥ ਅਤੇ ਗੌਰਡਨ ਹੈਰਨ ਨਾਲ ਰਚਾਏ ਗਏ ਸੰਵਾਦ ਵਿੱਚ ਟਰੱਕਿੰਗ ਵਿੱਚ ਸੁਰੱਖਿਆ ਤੇ ਰੋਜ਼ਗਾਰ ਨਾਲ ਸਬੰਧਿਤ ਕਾਨੂੰਨਾਂ ਅਤੇ ਉਨ੍ਹਾਂ ਦੀ ਜੁਆਬਦੇਹੀ ਬਾਰੇ ਦਿਲਚਸਪ ਵਿਚਾਰ ਸਾਹਮਣੇ ਆਏ, ਜਿਨ੍ਹਾਂ ਵਿੱਚ ਡਰਾਈਵਰਾਂ ਦੀ ਸੁਰੱਖਿਆ ਸੱਭ ਤੋਂ ਅਹਿਮ ਸੀ।
ਅਗਲੇ ਦੋ ਪੈਨਲ-ਸੰਵਾਦ ‘ਮੈਨੇਜਿੰਜ ਥਰੂ ਲੋਅ ਮਾਰਜਿਨਜ਼’ ਅਤੇ ‘ਫ਼ਲੀਟ ਰਿਲਆਇਬਿਲਿਟੀ ਥਰੂ ਪ੍ਰੀਡਿਕਟਿਵ ਐਂਡ ਪ੍ਰੀਵੈਂਟਿਵ ਮੇਨਟੀਨੈਂਸ’ ਵਿਸ਼ਿਆਂ ਉੱਪਰ ਆਧਾਰਿਤ ਸਨ। ਇਨ੍ਹਾਂ ਵਿੱਚ ਭਾਗ ਲੈਣ ਵਾਲੇ ਪੈਨਲਾਂ ਦੇ ਮੈਂਬਰਾਂ ਵੱਲੋਂ ਵੀ ਇਨ੍ਹਾਂ ਦੋਹਾਂ ਵਿਸ਼ਿਆਂ ‘ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ। ਦੋਹਾਂ ਪੈਨਲ-ਸੰਵਾਦਾਂ ਤੋਂ ਬਾਅਦ ਕਾਨਫ਼ਰੰਸ ਦੇ ਗੈੱਸਟ-ਸਪੀਕਰ ‘ਨੈਸ਼ਨਲ ਕਾਰਪੋਰੇਟ ਅੰਡਰਰਾਈਟਿੰਗ’ ਦੇ ਡਾਇਰੈੱਕਟਰ ਸੁਖਜੀਤ ਧਾਲੀਵਾਲ ਵੱਲੋਂ ਟਰੱਕਾਂ ਦੀ ਇਨਸ਼ੋਅਰੈਂਸ ਬਾਰੇ ਵਿਸਥਾਰ-ਪੂਰਵਕ ਪ੍ਰੈਜ਼ੈੱਨਟੇਸ਼ਨ ਦਿੱਤੀ ਗਈ।
ਟਰੱਕਿੰਗ ਵਿੱਚ ‘ਰਿਸਕ ਕੰਟਰੋਲ ਐਂਡ ਇਵੈਲਿਊਏਸ਼ਨ’ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਟਰੱਕਿੰਗ ਦੇ ਖ਼ੇਤਰ ਵਿੱਚ ‘ਰਿਸਕ’ ਤਾਂ ਹਮੇਸ਼ਾ ਹੀ ਬਣਿਆ ਰਹਿੰਦਾ ਹੈ ਅਤੇ ਟਰੱਕਾਂ ਦੇ ਐਕਸੀਡੈਂਟ ਹੋਣ ਦੀ ਸਥਿਤੀ ਵਿੱਚ ਇਸ ਦਾ ਸਹੀ ਮੁਲਾਂਕਣ ਹੋਣਾ ਬੜਾ ਜ਼ਰੂਰੀ ਹੈ। ਤਾਂ ਹੀ ਸਬੰਧਿਤ ਇਨਸ਼ੋਅਰੈਂਸ ਕੰਪਨੀ ਵੱਲੋਂ ਉਸ ਦੇ ਮੁਆਵਜ਼ੇ ਦਾ ਭੁਗਤਾਨ ਜਲਦੀ ਹੋ ਸਕਦਾ ਹੈ।
ਆਪਣੇ ਸੰਬੋਧਨ ਵਿੱਚ ਉਨ੍ਹਾਂ ਵੱਲੋਂ ‘ਬਿਲਟ-ਇਨ ਰਿਸਕ ਕੰਟਰੋਲ ਸੁਪੋਰਟ ਸਿਸਟਮ’ ਦੀ ਵਕਾਲਤ ਕੀਤੀ ਗਈ। ਉਨ੍ਹਾਂ ਹੋਰ ਕਿਹਾ ਕਿ ਡਰਾਈਵਰਾਂ ਦੇ ਵਿਹਾਰ ਅਤੇ ਰਵੱਈਏ ਨੂੰ ਸਹੀ ਤਰ੍ਹਾਂ ਸਮਝਣ ਨਾਲ ਟਰੱਕਿੰਗ ਕੰਪਨੀਆਂ ਵੱਲੋਂ ਕੀਤੇ ਜਾਣ ਵਾਲੇ ਖ਼ਰਚਿਆਂ ਵਿੱਚ 10% ਤੱਕ ਬੱਚਤ ਕੀਤੀ ਜਾ ਸਕਦੀ ਹੈ।
ਸੰਮਿਟ ਦੇ ਆਖ਼ਰੀ ਸੈਸ਼ਨ ‘ਫ਼ਲੀਟ ਆਪਰੇਸ਼ਨਲ ਚੈਲਿੰਜਿਜ਼’ ਵਿੱਚ ਟਰੱਕਿੰਗ ਇੰਸਟਰੀ ਨੂੰ ਦਰਪੇਸ਼ ਚੁਣੌਤੀਆਂ ਬਾਰੇ ਭਰਪੂਰ ਗੱਲਬਾਤ ਹੋਈ। ਪੈਨਲ ਦੇ ਮਾਡਰੇਟਰ ਮਾਰਕ ਮੈਕੈਂਡਰੀ ਵੱਲੋਂ ਆਪਣੇ ਪੈਨਲਿਸਟਾਂ ਨਾਲ ਬਹਿਸ ਦੌਰਾਨ ਟਰੱਕਿੰਗ ਬਾਰੇ ਕਈ ‘ਮਹੱਤਵਪੂਰਨ ਚੁਣੌਤੀਆਂ’ ਸਰੋਤਿਆਂ ਦੇ ਸਾਹਮਣੇ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਟਰੱਕਿੰਗ ਕੰਪਨੀਆਂ ਵਿੱਚ ‘ਪ੍ਰੋਫ਼ੈਸ਼ਨਲੀ-ਟਰੈਂਡ’ ਡਰਾਈਵਰਾਂ ਦੀ ਘਾਟ, ਡਰਾਈਵਰਾਂ ਵਿੱਚ ਅੰਗਰੇਜ਼ੀ ਬੋਲਣ ਦੀ ਮੁਹਾਰਤ ਨਾ ਹੋਣ ਕਰਕੇ ਅਮਰੀਕਾ ਨੂੰ ਜਾਣ ਵਾਲੇ ਡਰਾਈਵਰਾਂ ਦੇ ਡਰਾਈਵਿੰਗ ਲਾਇਸੈਂਸ ਰੱਦ ਹੋਣ, ‘ਸ਼ਿੱਪਿੰਗ’ ਦੀਆਂ ਮੁਸ਼ਕਲਾਂ, ‘ਬਰੋਕਰਾਂ’ ਵੱਲੋਂ ਕੰਪਨੀਆਂ ਨੂੰ ਲੋਡਜ਼ ਦੇ ਪੈਸੇ ਘੱਟ ਦੇਣ ਅਤੇ ਕਈ ਕੇਸਾਂ ਵਿੱਚ ਡਰਾਈਵਰਾਂ ਦੀਆਂ ਤਨਖ਼ਾਹਾਂ ਮਾਰੇ ਜਾਣਾ, ਆਦਿ ਪ੍ਰਮੁੱਖ ਸਨ। ਪੈਨਲਿਸਟਾਂ ਦਾ ਵਿਚਾਰ ਸੀ ਕਿ ਡਰਾਈਵਰਾਂ ਨੂੰ ਘੱਟੋ-ਘੱਟ ਤਨਖ਼ਾਹਾਂ ‘ਮਿਨੀਮਮ ਵੇਜਜ਼’ ਉੱਪਰ ਨਹੀਂ, ਸਗੋਂ ਉਨ੍ਹਾਂ ਦੀ ਲਿਆਕਤ, ਤਜਰਬੇ, ਰਵੱਈਏ ਅਤੇ ਚੰਗੇ ਵਿਹਾਰ ਅਨੁਸਾਰ ਉਚੇਰੀਆਂ ਤਨਖ਼ਾਹਾਂ ਦੇਣੀਆਂ ਚਾਹੀਦੀਆਂ ਹਨ। ਸੰਮਿਟ ਦੇ ਅਖ਼ੀਰ ਵਿੱਚ ਇਸ ਦੇ ਆਯੋਜਿਤ ਕਰਨ ਵਾਲੇ ਆਯੋਜਕਾਂ ਨਵੀਨ ਨਵ ਅਤੇ ਹਰਮਨਜੀਤ ਝੰਡ ਵੱਲੋਂ ਇਸ ਵਿੱਚ ਸ਼ਾਮਲ ਹੋਣ ਵਾਲੇ ਸਮੂਹ ਬੁਲਾਰਿਆਂ ਅਤੇ ਸਰੋਤਿਆਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ਉਨ੍ਹਾਂ ਵੱਲੋਂ ਇਸ ਈਵੈਂਟ ਦੇ ਸਪਾਂਸਰਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ, ਜਿਸ ਦੀ ਬਦੌਲਤ ਇਹ ਸੰਮਿਟ ਸਫ਼ਲਤਾ-ਪੂਰਵਕ ਸੰਪੰਨ ਹੋਇਆ।
ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਅਗਲਾ ‘ਫ਼ਲੀਟ ਐੱਗਜ਼ੈੱਕਟਿਵ ਸੰਮਿਟ ਟੋਰਾਂਟੋ-2026’ 24 ਨਵੰਬਰ 2026 ਨੂੰ ਕਰਨ ਦਾ ਵੀ ਐਲਾਨ ਕੀਤਾ ਗਿਆ।

RELATED ARTICLES
POPULAR POSTS