5.4 C
Toronto
Saturday, October 17, 2026
spot_img
Homeਕੈਨੇਡਾਪੰਜਾਬੀ ਕਲਮਾਂ ਦਾ ਕਾਫ਼ਲਾ ਅਤੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਵਲੋਂ ਭਾਰਤੀ ਕਿਸਾਨ...

ਪੰਜਾਬੀ ਕਲਮਾਂ ਦਾ ਕਾਫ਼ਲਾ ਅਤੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਵਲੋਂ ਭਾਰਤੀ ਕਿਸਾਨ ਅੰਦੋਲਨ ਬਾਰੇ ਪੁਸਤਕ ਤੇ ਗੋਸ਼ਟੀ ਸਮਾਗਮ

ਪੰਜਾਬੀ ਕਲਮਾਂ ਦਾ ਕਾਫ਼ਲਾ ਅਤੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਵਲੋਂ ਭਾਰਤੀ ਕਿਸਾਨ ਅੰਦੋਲਨ ਬਾਰੇ ਪੁਸਤਕ ਤੇ ਗੋਸ਼ਟੀ ਸਮਾਗਮਟੋਰਾਂਟੋ/ਉਂਕਾਰਪ੍ਰੀਤ : ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ ਦੀ 2026 ਦੀ ਮੀਟਿੰਗ ਸੁਰਿੰਦਰਜੀਤ ਕੌਰ ਹੁਰਾਂ ਦੀ ਪੁਸਤਕ ‘ਅੱਖੀਂ ਡਿੱਠਾ ਭਾਰਤੀ ਕਿਸਾਨ ਅੰਦੋਲਨ 2020-2021’ ਉੱਪਰ ਗੋਸ਼ਟੀ ਨੂੰ ਸਮਰਪਿਤ ਰਹੀ। ਇਹ ਵਿਸ਼ੇਸ਼ ਗੋਸ਼ਟੀ ਸਮਾਗਮ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਸਹਿਯੋਗ ਨਾਲ ਸਾਂਝੇ ਸਾਹਿਤਕ ਉੱਦਮ ਵਜੋਂ ਆਯੋਜਿਤ ਕੀਤਾ ਗਿਆ।
ਇਸ ਭਾਵਪੂਰਤ ਸਮਗਮ ਦੇ ਗੋਸ਼ਟੀ ਭਾਗ ਵਿੱਚ ਕੁਲਵਿੰਦਰ ਖਹਿਰਾ ਅਤੇ ਸੁਰਜੀਤ ਕੌਰ ਨੇ ਪੁਸਤਕ ਬਾਰੇ ਅਪਣੇ ਪੇਪਰ ਸਾਂਝੇ ਕੀਤੇ ਅਤੇ ਉਹਨਾਂ ਤੇ ਹੋਈ ਵਿਚਾਰ ਚਰਚਾ ਵਿੱਚ ਸੁਖਚਰਨਜੀਤ ਕੌਰ ਗਿੱਲ, ਉਂਕਾਰਪ੍ਰੀਤ, ਸੁਖਦੇਵ ਸਿੰਘ ਝੰਡ, ਜਗਮੋਹਨ ਸੰਘਾ, ਜਰਨੈਲ ਸਿੰਘ, ਗੁਰਦਾਸ ਸਿੰਘ ਅਤੇ ਪਰਮਜੀਤ ਦਿਉਲ ਨੇ ਅਪਣੇ ਗਹਿਨ ਵਿਚਾਰਾਂ ਨਾਲ ਹਿੱਸਾ ਲਿਆ।
ਕੁਲਵਿੰਦਰ ਖਹਿਰਾ ਨੇ ਇਸ ਮੌਕੇ ਅਪਣੇ ਪਰਚੇ ਵਿੱਚ ਬੜੇ ਮਾਣ ਨਾਲ ਨੋਟ ਕੀਤਾ ਕਿ ਜਦੋਂ ਅਸੀਂ ਸੁਰਿੰਦਰਜੀਤ ਦੀ ਕਿਤਾਬ ਪੜ੍ਹਦੇ ਹਾਂ ਤਾਂ ਨਾ ਸਾਨੂੰ ਸਿਰਫ ਸਮਾਜ ਪ੍ਰਤੀ ਆਪਣੇ ਫ਼ਰਜ਼ ਨਿਭਾਉਂਦੀ ਹੋਈ ਸੁਰਿੰਦਰਜੀਤ ਹੀ ਵਿਖਾਈ ਦਿੰਦੀ ਹੈ ਸਗੋਂ ਉਸਦੀ ਵਿਚਾਰਧਾਰਾ ਦੇ ਦਰਸ਼ਨ ਵੀ ਹੁੰਦੇ ਹਨ ਅਤੇ ਉਸਦੀ ਇਤਿਹਾਸ, ਮਿਥਿਹਾਸ ਪਕੜ ਅਤੇ ਇਸ ਜਾਣਕਾਰੀ ਦੀ ਸਹੀ ਸੰਦਰਭ ਵਿੱਚ ਵਰਤੋਂ ਕਰਨ ਦੀ ਕਾਬਲੀਅਤ ਵੀ ਪਤਾ ਲੱਗਦੀ ਹੈ। ਜਦੋਂ ਅਸੀਂ ਇਸ ਕਿਤਾਬ ਨੂੰ ਪੜ੍ਹਦੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਉਸ ਅੰਦੋਲਨ ਦੇ ਅੰਗ-ਸੰਗ ਤੁਰਦੇ ਹੋਏ ਮਹਿਸੂਸ ਕਰਦੇ ਹਾਂ, ਉਨ੍ਹਾਂ ਹੀ ਪਲਾਂ ਨੂੰ ਹੰਢਾਉਣ ਲੱਗਦੇ ਹਾਂ ਜੋ ਸਾਡੇ ਦੇਸ ਵਾਸੀਆਂ ਨੇ ਆਪਣੇ ਹੱਕਾਂ ਦੀ ਲੜਾਈ ਲੜਦਿਆਂ 12-13 ਮਹੀਨੇ ਦਿੱਲੀ ਦੁਆਲੇ ਜੂਝਦਿਆਂ ਹੰਢਾਏ ਸਨ। ਪੁਸਤਕ ਵਿਚਲੇ ਕਵਿਤਾ ਭਾਗ ਬਾਰੇ ਕੁਲਵਿੰਦਰ ਖਹਿਰਾ ਨੇ ਕਿਹਾ ਕਿ ਇਸ ਦੌਰ ਦੀ ਬਹੁਤ ਕਵਿਤਾ ਉਸੇ ਤਰ੍ਹਾਂ ਹੀ ਜਜ਼ਬਾਤੀ ਕਵਿਤਾ ਸੀ ਜਿਵੇਂ ਅਕਸਰ ਹੀ ਲਹਿਰਾਂ ਨਾਲ਼ ਸਬੰਧਿਤ ਕਵਿਤਾ ਹੋਇਆ ਕਰਦੀ ਹੈ ਤੇ ਇਹ ਵਰਤਾਰਾ ਸਾਨੂੰ ਸੁਰਿੰਦਰਜੀਤ ਦੀਆਂ ਇਨ੍ਹਾਂ ਕਵਿਤਾਵਾਂ ‘ਚੋਂ ਵਿਖਾਈ ਦਿੰਦਾ ਹੈ। ਬਹੁਤ ਸਾਰੀਆਂ ਪਾਇਦਾਰ ਕਵਿਤਾਵਾਂ ਪਰ ਬਹੁਤ ਸਾਰੀਆਂ ਸਾਹਿਤਕ ਮਿਆਰ ਤੱਕ ਪਹੁੰਚਣ ਤੋਂ ਅਸਮਰੱਥ ਵੀ ਰਹਿ ਗਈਆਂ। ਬਹੁਤ ਸਾਰੀਆਂ ਰਚਨਾਵਾਂ ਅਜਿਹੀਆਂ ਹਨ ਜੋ ਖ਼ੂਬਸੂਰਤ ਰਵਾਨੀ ਨਾਲ਼ ਸ਼ੁਰੂ ਹੋ ਕੇ ਵਿੱਚ ਵਿੱਚ ਡੋਲ ਜਾਂਦੇ ਹਨ। ਇਸੇ ਤਰ੍ਹਾਂ ਹੀ ਅਖੀਰ ‘ਤੇ ਦਿੱਤੇ ਗਏ ਲੇਖ ਵੀ ਇਸ ਕਿਤਾਬ ਦਾ ਹਿੱਸਾ ਨਹੀਂ ਬਣ ਸਕੇ। ਮੈਨੂੰ ਲੱਗਦਾ ਹੈ ਕਿ ਜੇ ਸੁਰਿੰਦਰਜੀਤ ਥੋੜੀ ਹੋਰ ਮਿਹਨਤ ਕਰਕੇ ਸਿਰਫ ਤੇ ਸਿਰਫ ਅੰਦੋਲਨ ਵਾਲ਼ੇ ਭਾਗ ਨੂੰ ਹੀ ਵਿਸਥਾਰ ਦੇਣ ਤਾਂ ਸਾਨੂੰ ਇੱਕ ਅਜਿਹੀ ਮਾਣਮੱਤੀ ਕਿਤਾਬ ਮਿਲ਼ ਸਕਦੀ ਹੈ ਜੋ ਸਾਡੀਆਂ ਆਉਣਾ ਵਾਲ਼ੀਆਂ ਨਸਲਾਂ ਲਈ ਜਾਣਕਾਰੀ ਭਰਪੂਰ ਦਸਤਾਵੇਜ਼ ਹੋ ਸਕਦੀ ਹੈ।
ਸੁਰਜੀਤ ਕੌਰ ਹੁਰਾਂ ਨੇ ਅਪਣੇ ਪਰਚੇ ਵਿੱਚ ਸੁਰਿੰਦਰਜੀਤ ਹੁਰਾਂ ਦੇ ਉੱਦਮ ਦੀ ਭਰਪੂਰ ਸਰਾਹਨਾ ਕਰਦਿਆਂ ਆਖਿਆ ਕਿ, ਇਸ ਲਈ ਅੰਦੋਲਨ ਵਿੱਚ ਖੁਦ ਵਿਚਰਦਿਆਂ ਉਸਨੇ ਇਸ ਦਾ ਅੱਖੀਂ ਡਿੱਠਾ ਹਾਲ ਕਲਮਬੱਧ ਕਰਕੇ ਆਪਣਾ ਲੇਖਕ ਹੋਣ ਦਾ ਫ਼ਰਜ਼ ਨਿਭਾਇਆ। ਇਹ ਅੰਦੋਲਨ ਇਤਿਹਾਸ ਦਾ ਨਾ ਮਿਟ ਸਕਣ ਵਾਲਾ ਪੰਨਾ ਹੈ ਅਤੇ ਇਹ ਕਿਤਾਬ ਇਸ ਦੀ ਗਵਾਹੀ ਭਰਦੀ ਹੈ। ਸੁਰਿੰਦਰਜੀਤ ਨੇ ਸਮੇਂ ਦੇ ਸੱਚ ਨੂੰ ਇਸ ਕਿਤਾਬ ਵਿੱਚ ਸੰਭਾਲ ਕੇ ਆਉਣ ਵਾਲੀਆਂ ਪੀੜ੍ਹੀਆਂ ਦੇ ਇਤਿਹਾਸਕ ਗਿਆਨ ਵਿਚ ਵਾਧਾ ਕੀਤਾ ਹੈ। ਪੁਸਤਕ ਨੂੰ ਹੋਰ ਬੇਹਤਰ ਬਣਾਏ ਜਾਣ ਦੀਆਂ ਸੰਭਾਵਨਾਵਾਂ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ, ਇਹ ਸਮੁੱਚੀ ਕਿਤਾਬ ਕੇਵਲ ਅੰਦੋਲਨ ਬਾਰੇ ਨਹੀਂ ਹੈ 177 ਪੰਨਿਆਂ ਦੀ ਇਸ ਪੁਸਤਕ ਵਿਚ ਕੇਵਲ 39 ਸਫ਼ੇ ਹੀ ਅੰਦੋਲਨ ਨਾਲ ਸੰਬੰਧਤ ਹਨ। ਇਸ ਦਾ ਵੱਡਾ ਹਿੱਸਾ 59 ਕਵਿਤਾਵਾਂ ਦਾ ਹੈ ਜਿਸ ਵਿਚ ਕੁਝ ਕੁ ਹੀ ਕਿਸਾਨਾਂ ਨਾਲ ਸੰਬੰਧਤ ਹਨ। ਬਾਕੀ 20-22 ਸਫ਼ੇ ਬੱਚਿਆਂ ਨਾਲ ਸੰਬੰਧਤ ਹਨ। ਮੇਰਾ ਖਿਆਲ ਹੈ ਕਿ ਕਿਸਾਨ ਅੰਦੋਲਨ ਵਾਲੀ ਕਿਤਾਬ ਵੱਖਰੀ ਛਪਣੀ ਚਾਹੀਦੀ ਸੀ। ਜਾਂ ਇਸ ਦੇ ਨਾਂ ਵਿਚ ਇਸ ਵਿਚ ਸ਼ਾਮਿਲ ਬਾਕੀ ਹਿੱਸੇ ਦਾ ਵੀ ਜ਼ਿਕਰ ਹੋਣਾ ਚਾਹੀਦਾ ਸੀ।
ਪਰਚਿਆਂ ਉਪਰੰਤ ਹੋਣ ਵਾਲੇ ਗੋਸ਼ਟ ਵਿੱਚ ਹਿੱਸਾ ਲੈਂਦਿਆਂ ਸੁਖਦੇਵ ਸਿੰਘ ਝੰਡ ਹੁਰਾਂ ਨੇ ਪੁਸਤਕ ਵਿਚਲੇ ਚਸ਼ਮਦੀਦ ਗਵਾਹੀ ਵਰਗੇ ਅੱਖੀਂ ਡਿੱਠੇ ਬਿਆਨ ਦਾ ਜ਼ਿਕਰ ਕਰਦਿਆਂ ਇਸਨੂੰ ਮਹੱਤਵਪੂਰਨ ਅੰਦੋਲਨ ਦਾ ਮਹੱਤਵਪੂਰਨ ਦਸਤਾਵੇਜ਼ ਆਖਿਆ। ਜਗਮੋਹਨ ਸੰਘਾ ਹੁਰਾਂ ਨੇ ਪੁਸਤਕ ਵਿਚਲੀਆਂ ਅੰਦੋਲਨ ਨਾਲ ਸਬੰਧਤ ਕਵਿਤਾਵਾਂ ਵਿਚਲੇ ਸੰਘਰਸ਼ੀਲ ਪਲਾਂ ਦੌਰਾਨ ਜੀਣ ਦੇ ਜਜ਼ਬੇ ਦੀ ਰੌਸ਼ਨੀ ਨੂੰ ਸਲਾਹਿਆ। ਪਰਮਜੀਤ ਢਿੱਲੋਂ ਨੇ ਪੁਸਤਕ ਦੀ ਲਿਖਤ ਨੂੰ ਦੇਖਣ ਅਤੇ ਮਹਿਸੂਸਣ ਵਾਲੇ ਮਨੁੱਖ ਦਾ ਬਿਆਨ ਆਖਿਆ। ਕਿਰਨਪ੍ਰੀਤ ਬੈਂਸ ਨੇ ਅੰਦੋਲਨ ਦੇ ਇਤਹਾਸ ਨੂੰ ਧਰਮਾਂ ਜਾਤਾਂ ਤੋਂ ਉੱਪਰ ਉੱਠ ਕੇ ਇਨਸਾਨ ਦੇ ਸੰਘਰਸ਼ ਦੀ ਕਹਾਣੀ ਵਜੋਂ ਨੋਟ ਕੀਤਾ। ਕੰਵਲਜੀਤ ਢਿੱਲੋਂ ਨੇ ਪੁਸਤਕ ਵਿਚ ਪੇਸ਼ ਕਈ ਤੱਥਾਂ ਨੂੰ ਸੋਧਣ ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਅੰਦੋਲਨ ਮਹਿਜ਼ ਸਿੱਖ ਅੰਦੋਲਨ ਨਹੀਂ ਸੀ। ਸੁਖਚਰਨਜੀਤ ਕੌਰ ਗਿੱਲ ਨੇ ਪੁਸਤਕ ਵਿਚਲੇ ਬਿਆਨ ਨੂੰ ਖੇਤੀ ਦੀ ਤਬਾਹੀ ਦਾ ਹਉਕਾ ਆਖਦਿਆਂ ਇਸਦੇ ਸੱਚੇ ਸੱਚੇ ਜਜ਼ਬੇ ਦੀ ਪੇਸ਼ਕਾਰੀ ਨੂੰ ਖਾਸ ਤੌਰ ਤੇ ਉਭਾਰਿਆ।
ਵਿਦਵਾਨ ਵਿਚਾਰਵਾਨਾਂ ਦੀ ਪੁਸਤਕ ਬਾਰੇ ਚਰਚਾ ਉਪਰੰਤ ਲੇਖਿਕਾ ਸੁਰਿੰਦਰਜੀਤ ਕੌਰ ਨੇ ਸਭਨਾਂ ਦਾ ਤਹਿਦਿਲ ਧੰਨਵਾਦ ਕੀਤਾ ਅਤੇ ਵਿਚਾਰ ਚਰਚਾ ਦੌਰਾਨ ਮਿਲੇ ਸਮੂਹ ਸੁਝਾਵਾਂ ਨੂੰ ਪੁਸਤਕ ਦੇ ਅਗਲੇ ਐਡੀਸ਼ਨ ‘ਚ ਸਾਮਲ ਕਰ ਕੇ ਇਸ ਨੂੰ ਹੋਰ ਬਿਹਤਰ ਅਤੇ ਮਿਆਰੀ ਬਣਾਉਣ ਦਾ ਵਾਅਦਾ ਕੀਤਾ।
ਪੁਸਤਕ ਤੇ ਗੋਸ਼ਟੀ ਦੇ ਨਾਲ ਨਾਲ ਇਸ ਸਮਾਗਮ ਵਿੱਚ ਕਵਿਤਾ ਅਤੇ ਗੀਤ ਗਾਇਨ ਵੀ ਪੇਸ਼ ਪੇਸ਼ ਸੀ। ਪੇਸ਼ ਹੋਈਆਂ ਸਾਰੀਆਂ ਕਵਿਤਾਵਾਂ ਅਤੇ ਗੀਤ ਕਿਸਾਨ ਅੰਦੋਲਨ ਜਾਂ ਮਨੁੱਖੀ ਜੀਣ ਦੇ ਸੰਘਰਸ਼ ਨਾਲ ਜੁੜੇ ਹੋਏ ਸਨ। ਗੋਸ਼ਟੀ ‘ਚ ਰਚੇ ਇਸ ਭਾਗ ਨੂੰ ਇਕਬਾਲ ਬਰਾੜ, ਭੁਪਿੰਦਰ ਭੋਡੇ, ਹਰਮੇਸ਼ ਸਿੰਘ, ਉਪਕਾਰ ਸਿੰਘ, ਕਰਨਲ ਸੰਘਾ, ਪ੍ਰਭਜੋਤ ਰਾਠੌਰ, ਸ਼ਮਾਂ ਸ਼ਰਮਾਂ, ਜੱਸੀ, ਨਾਹਰ ਔਜਲਾ ਅਤੇ ਪ੍ਰਤੀਕ ਸਿੰਘ ਨੇ ਅਪਣੀਆਂ ਕਵਿਤਾਵਾਂ ਅਤੇ ਗੀਤਾਂ ਦੇ ਸੁਰਾ ਨਾਲ ਚਾਰ ਚੰਨ ਲਾਏ।
ਤਕਰੀਬਨ ਚਾਰ ਘੰਟੇ ਚੱਲੀ ਇਸ ਭਾਵਪੂਰਤ ਕਾਫ਼ਲਾ ਮੀਟਿੰਗ ਵਿੱਚ ਵੱਡੀ ਗਿਣਤੀ ‘ਚ ਸ਼ਾਮਿਲ ਲੇਖਕਾਂ, ਪਾਠਕਾਂ ਅਤੇ ਬੁੱਧੀਜੀਵੀਆਂ ਨੇ ਜਿੱਥੇ ਇਸ ਸਾਹਿਤਕ ਸਮਾਗਮ ਨੂੰ ਮਾਣਿਆ ਓਥੇ ਅਪਣੀ ਭਰਵੀਂ ਸ਼ਮੂਲੀਅਤ ਨਾਲ ਇਸਨੂੰ ਸਾਹਿਤਕਤਾ ਨਾਲ ਹੋਰ ਵੀ ਓਤਪੋਤ ਕਰ ਦਿੱਤਾ। ਇਸ ਸਮੇਂ ਲਹਿੰਦੇ ਪੰਜਾਬ ਤੋਂ ਲਿਟਰੇਰੀ ਫੋਰਮ ਦੇ ਕਾਰਕੁੰਨ ਤਾਰਿਕ ਮਹਿਤਾਬ, ਮਹਿਮੂਦ ਸ਼ਾਮ, ਰਸ਼ੀਦ ਨਦੀਮ ਅਤੇ ਉਜ਼ਮਾਂ ਮਹਿਮੂਦ ਨੇ ਵੀ ਅਪਣੇ ਕਲਾਮ ਅਤੇ ਵਿਚਾਰਾਂ ਨਾਲ ਭਰਪੂਰ ਹਾਜ਼ਰੀ ਲਵਾਈ।
ਇਸ ਸਮਾਗਮ ਦੀ ਰਿਫਰੈਸ਼ਮੈਂਟ ਸੇਵਾ ਇਸ ਵਾਰ ਜਗਮੋਹਨ ਸੰਘਾ ਹੁਰਾਂ ਵਲੋਂ ਕਾਫ਼ਲਾ ਸੰਚਾਲਕ ਗੈਰੀ ਆਹਲੂਵਾਲੀਆਂ ਦੇ ਸਹਿਯੋਗ ਨਾਲ ਨਿਭਾਈ ਗਈ। ਸਮੁੱਚੇ ਸਮਾਗਮ ਨੂੰ ਭੁਪਿੰਦਰ ਦੁਲੇ ਹੁਰਾਂ ਵਲੋਂ ਬਾਖੂਬੀ ਸੂਤਰਬੱਧ ਤੇ ਸੰਚਾਲਿਤ ਕੀਤਾ ਗਿਆ। ਕਾਫਲੇ ਦੀ ਇਹ ਮਿਲਣੀ ਅਕਤੂਬਰ ਵਿੱਚ 31 ਤਰੀਕ ਨੂੰ ਮੁੜ ਮਿਲਣ ਦੇ ਖੂਬਸੂਰਤ ਇਕਰਾਰ ਨਾਲ ਅਪਣੇ ਸਿਖਰ ‘ਤੇ ਪਹੁੰਚੀ।

RELATED ARTICLES
POPULAR POSTS