4.7 C
Toronto
Friday, November 27, 2026
spot_img
Homeਕੈਨੇਡਾਟੀ.ਪੀ.ਏ.ਆਰ. ਕਲੱਬ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਪੂਰੀ ਸ਼ਰਧਾ...

ਟੀ.ਪੀ.ਏ.ਆਰ. ਕਲੱਬ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਗੁਰੂ ਸਾਹਿਬ ਦੇ ਜੀਵਨ ਤੇ ਸਿੱਖਿਆਵਾਂ ਬਾਰੇ ਵਿਚਾਰਾਂ ਹੋਈਆਂ ਤੇ ਮਿਲ਼ ਕੇ ਲੰਗਰ ਛਕਿਆ
ਬਰੈਂਪਟਨ/ਡਾ. ਝੰਡ
ਬਰੈਂਪਟਨ ਵਿੱਚ ਪਿਛਲੇ 13 ਸਾਲਾਂ ਤੋਂ ਸਫ਼ਲਤਾ ਪੂਰਵਕ ਵਿਚਰ ਰਹੀ ‘ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ’ (ਟੀ.ਪੀ.ਏ.ਆਰ. ਕਲੱਬ) ਜਿੱਥੇ ਮੈਰਾਥਨ/ਹਾਫ਼-ਮੈਰਾਥਨ, 10 ਕਿਲੋਮੀਟਰ ਤੇ 5 ਪੰਜ ਕਿਲੋਮੀਟਰ ਦੌੜਾਂ ਅਤੇ ਸਾਲ ਵਿੱਚ ਦੋ ਵਾਰ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਚੜ੍ਹਨ ਦੇ ਈਵੈਂਟ ਵਿੱਚ ਸ਼ਾਮਲ ਹੋਣ ਦੀਆਂ ਆਪਣੀਆਂ ਸਰਗਰਮੀਆਂ ਨਾਲ ਲੋਕਾਂ ਨੂੰ ਸਿਹਤ ਸਬੰਧੀ ਜਾਗਰੂਕਤਾ ਦਾ ਸਾਰਥਿਕ ਸੁਨੇਹਾ ਦੇ ਰਹੀ ਹੈ, ਉੱਥੇ ਇਹ ਆਪਣੇ ਮੈਂਬਰਾਂ ਦੇ ਮਨੋਰੰਜਨ ਲਈ ਉਨ੍ਹਾਂ ਨੂੰ ਕਈ ਟੂਰਾਂ ਅਤੇ ਪਿਕਨਿਕਾਂ ‘ਤੇ ਵੀ ਲਿਜਾਂਦੀ ਹੈ। ਇੱਥੇ ਹੀ ਬੱਸ ਨਹੀਂ, ਕਲੱਬ ਦੇ ਮੈਂਬਰ ਸਮੇਂ-ਸਮੇਂ ਆਉਂਦੇ ਮੌਸਮੀ ਤਿਓਹਾਰ ਵਿਸਾਖੀ, ਦੀਵਾਲੀ, ਕ੍ਰਿਸਮਸ, ਆਦਿ ਵੀ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਉਂਦੇ ਹਨ।
ਏਸੇ ਹੀ ਲੜੀ ਵਿੱਚ ਆਸਥਾ ਤੇ ਸ਼ਰਧਾ ਦਾ ਪ੍ਰਤੀਕ ਨਵੰਬਰ ਮਹੀਨੇ ਦੌਰਾਨ ਆਉਂਦਾ ਗੁਰੂ ਨਾਨਕ ਦੇਵ ਜੀ ਦਾ ਆਗਮਨ-ਪੁਰਬ ਵੀ ਕਲੱਬ ਦੇ ਮੈਂਬਰਾਂ ਵੱਲੋਂ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਉਹ ਹਰ ਸਾਲ ਇਸ ਮਹੀਨੇ ਕਿਸੇ ਸਾਂਝੀ ਜਗ੍ਹਾ ‘ਤੇ ਇਕੱਠੇ ਹੁੰਦੇ ਹਨ ਅਤੇ ਮਿਲ਼ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਦੀ ਮਹਾਨਤਾ ਬਾਰੇ ਗੱਲਬਾਤ ਸਾਂਝੀ ਕਰਦੇ ਹਨ। ਕਈ ਵਾਰ ਇਸ ਮੌਕੇ ਕਿਸੇ ਵਿਸ਼ੇਸ਼-ਬੁਲਾਰੇ ਨੂੰ ਵੀ ਆਪਣੇ ਵਿਚਾਰ ਪੇਸ਼ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ। ਉਪਰੰਤ, ਸਾਰੇ ਮੈਂਬਰ ਘਰਾਂ ਤੋਂ ਤਿਆਰ ਕੀਤਾ ਹੋਇਆ ਸਾਦਾ ਲੰਗਰ ਮਿਲ਼ ਕੇ ਛਕਦੇ ਹਨ ਅਤੇ ਗੁਰੂ ਨਾਨਕ ਦੇਵ ਜੀ ਵੱਲੋਂ ਸਦੀਆਂ ਪਹਿਲਾਂ ਚਲਾਏ ਗਏ ਲੰਗਰ ਦੀ ਮਰਿਆਦਾ ਨੂੰ ਯਾਦ ਕਰਦੇ ਹਨ।
ਇਸ ਸਾਲ ਇਹ ਗੁਰਪੁਰਬ ਭਾਵੇਂ 24 ਨਵੰਬਰ ਨੂੰ ਸੀ, ਪਰ ਕਲੱਬ ਦੇ ਮੈਂਬਰਾਂ ਵੱਲੋਂ ਇਹ ਇਸ ਤੋਂ ਦੋ ਦਿਨ ਪਹਿਲਾਂ ਲੰਘੇ ਐਤਵਾਰ 22 ਨਵੰਬਰ ਨੂੰ ਹੀ ਮਨਾ ਲਿਆ ਗਿਆ, ਕਿਉਂਕਿ ਹਫ਼ਤੇ ਦੇ ਵਿਚਲੇ ਦਿਨਾਂ ਵਿਚ ਕਲੱਬ ਦੇ ਬਹੁਤ ਸਾਰੇ ਮੈਂਬਰ ਆਪਣੇ ਕੰਮਾਂ ‘ਤੇ ਰੁੱਝੇ ਹੁੰਦੇ ਹਨ। ਇਹ ਗੁਰਪੁਰਬ ਮਨਾਉਣ ਲਈ ਕਲੱਬ ਦੇ ਢਾਈ ਦਰਜਨ ਮੈਂਬਰ ਕਲੱਬ ਦੇ ਸਰਗਰਮ ਮੈਂਬਰ ਨਰਿੰਦਰਪਾਲ ਬੈਂਸ ਦੇ ਟੌਰਬਰਮ ਰੋਡ ਸਥਿਤ ‘ਕਸਟਮਵੇਅਰ ਸ਼ੋਅਕੇਸ ਕਮ ਆਫ਼ਿਸ’ ਵਿਖੇ ਬਣੇ ਕਮੇਟੀ-ਰੂਮ ਵਿਖੇ ਇਕੱਤਰ ਹੋਏ। ਕਲੱਬ ਦੇ ਕੁਝ ਮੈਂਬਰ ਲੰਗਰ ਦੇ ਲਈ ਆਪਣੇ ਘਰਾਂ ਤੋਂ ਆਪਣੇ ਨਾਲ ਪ੍ਰਸ਼ਾਦੇ, ਦਾਲ਼, ਖੀਰ ਅਤੇ ਕੜਾਹ ਬਣਾ ਕੇ ਲਿਆਏ।
ਗੁਰਪੁਰਬ ਦੇ ਪ੍ਰੋਗਰਾਮ ਦਾ ਆਰੰਭ ਕਲੱਬ ਦੇ ਸਰਪ੍ਰਸਤ ਇੰਜ. ਈਸ਼ਰ ਸਿੰਘ ਵੱਲੋਂ ਇਸ ਮੌਕੇ ਗੁਰੂ ਨਾਨਕ ਦੇਵ ਜੀ ਦੇ ਆਗਮਨ ਦੀ ਖ਼ੁਸ਼ੀ ਦਰਸਾਉਣ ਨਾਲ ਕਲੱਬ ਦੀ ‘ਚੜ੍ਹਦੀ-ਕਲਾ’ ਲਈ ਕੀਤੀ ਗਈ ਅਰਦਾਸ ਨਾਲ ਕੀਤਾ ਗਿਆ। ਉਪਰੰਤ, ਕਲੱਬ ਦੀਆਂ ਸਰਗਰਮੀਆਂ ਵਿੱਚ ਨਿਰੰਤਰ ਭਾਗ ਲੈਣ ਵਾਲੇ ਅਤੇ ਇਸ ਨੂੰ ਵਧੀਆ ਅਗਵਾਈ ਦੇਣ ਵਾਲੇ ਸ਼ਖ਼ਸ ਬਰੈਂਪਟਨ ਦੀਆਂ ਸੀਨੀਅਰ ਕਲੱਬਾਂ ਦੀ ‘ਛਤਰੀ ਐਸੋਸੀਏਸ਼ਨ’ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਨੇ ਕਲੱਬ ਦੇ ਮੈਂਬਰਾਂ ਨਾਲ ਗੁਰਪੁਰਬ ਦੀ ਵਧਾਈ ਸਾਂਝੀ ਕਰਦਿਆਂ ਗੁਰੂ ਨਾਨਕ ਦੇਵ ਜੀ ਨੂੰ ਸਾਰੀ ਮਨੁੱਖਤਾ ਦੇ ‘ਸੱਚੇ ਰਹਿਬਰ’ ਦੱਸਿਆ। ਉਨ੍ਹਾਂ ਕਿਹਾ ਕਿ ਗੁਰੂ ਜੀ ‘ਇਕ ਉਂਕਾਰ ਸਤਿਨਾਮ’ ਅਤੇ ਮਨੁੱਖਤਾ ਦੀ ਭਲਾਈ ਦਾ ਸੰਦੇਸ਼ ਦੇਣ ਲਈ ਨਾ ਕੇਵਲ ਭਾਰਤ ਦੇ ਵੱਖ-ਵੱਖ ਸਥਾਨਾਂ ‘ਤੇ ਹੀ ਗਏ, ਸਗੋਂ ਚੌਹਾਂ ਦਿਸ਼ਾਵਾਂ ਵਿੱਚ ਕੀਤੀਆਂ ਗਈਆਂ ਆਪਣੀਆਂ ਚਾਰ ਮਹਾਨ ‘ਉਦਾਸੀਆਂ’ ਦੌਰਾਨ ਉਨ੍ਹਾਂ ਆਪਣਾ ਇਹ ਸੰਦੇਸ਼ ਦੁਨੀਆਂ ਦੇ ਕਈ ਹੋਰ ਦੇਸ਼ਾਂ ਵਿੱਚ ਵੀ ਪਹੁੰਚਾਇਆ।
ਆਪਣੇ ਸੰਬੋਧਨ ਦੌਰਾਨ ਇੰਜ. ਈਸ਼ਰ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੀ ਮੁੱਲਾਂ ਤੇ ਕਾਜ਼ੀਆਂ ਨਾਲ ਹੋਈ ਵਿਚਾਰ-ਚਰਚਾ ਨਾਲ ਸਬੰਧਿਤ ਭਾਈ ਗੁਰਦਾਸ ਜੀ ਦੀ ਪਹਿਲੀ ‘ਵਾਰ’ ਦੀ ਸਤਰ ”ਬਾਬਾ ਆਖੇ ਹਾਜੀਆ ਸੁਭਿ ਅਮਲਾ ਬਾਝਹੁ ਦੋਨੋ ਰੋਈ” ਨੂੰ ਆਪਣੇ ਸੰਬੋਧਨ ਦਾ ਵਿਸ਼ਾ ਬਣਾਉਂਦਿਆਂ ਮਨੁੱਖ ਨੂੰ ਜੀਵਨ ਵਿੱਚ ‘ਸ਼ੁਭ ਅਮਲ’ (ਚੰਗੇ ਕੰਮ) ਕਰਨ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਕਿਸੇ ਵੀ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਵਿੱਚ ਕੋਈ ‘ਕਰਾਮਾਤ’ ਨਹੀਂ ਵਿਖਾਈ, ਸਗੋਂ ਉਨ੍ਹਾਂ ਨੇ ਮਨੁੱਖ ਨੂੰ ‘ਭਾਣਾ ਮੰਨਣ’ ਦਾ ਸੰਕਲਪ ਹੀ ਦੁਹਰਾਇਆ ਹੈ।
ਡਾ. ਸੁਖਦੇਵ ਸਿੰਘ ਝੰਡ ਨੇ ਇਸ ਮੌਕੇ ਬੋਲਦਿਆਂ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਦੀ ਅਜੋਕੇ ਸਮੇਂ ਵਿੱਚ ਮਹਾਨਤਾ ਅਤੇ ਇਨ੍ਹਾਂ ਦੀ ਸਾਰਥਿਕਤਾ ਦੀ ਗੱਲ ਕੀਤੀ। ਆਪਣੇ ਸੰਬੋਧਨ ਵਿੱਚ ਉਨ੍ਹਾਂ ਇਸ ਸਮੇਂ ਚੱਲ ਰਹੇ ‘ਕਲਯੁਗ’ ਨੂੰ ‘ਛਲਯੁਗ’ ਕਿਹਾ ਅਤੇ ਗੁਰੂ ਸਾਹਿਬ ਬਾਰੇ ਇੱਕ ਕਵਿਤਾ ਪੇਸ਼ ਕਰਦਿਆਂ ਹੋਇਆਂ ਉਨ੍ਹਾਂ ਨੂੰ ਇਸ ‘ਛਲਯੁਗ’ ਵਿੱਚ ਨਾ ਆਉਣ ਦੀ ‘ਬੇਨਤੀ’ ਕੀਤੀ। ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਕੁਝ ਮਹੱਤਵਪੂਰਨ ਘਟਨਾਵਾਂ ਬਿਆਨ ਕਰਦਿਆਂ ਹੋਇਆਂ ਹਰਚੰਦ ਸਿੰਘ ਬਾਸੀ ਨੇ ਗੁਰੂ ਸਾਹਿਬ ਵੱਲੋਂ ਮਨੁੱਖਤਾ ਨੂੰ ਸੱਚੀ-ਸੁੱਚੀ ਕਿਰਤ ਕਰਕੇ ਸੁਚੱਜਾ ਜੀਵਨ ਜਿਊਣ ਦੇ ਦਿੱਤੇ ਗਏ ਉਪਦੇਸ਼ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਜੀ ਨਾਲ ਸਬੰਧਿਤ ਪ੍ਰਚੱਲਤ ਸਾਖੀਆਂ ਵਿੱਚ ਸਾਖੀਕਾਰਾਂ ਵੱਲੋਂ ਉਨ੍ਹਾਂ ਦੇ ਬਾਰੇ ਬਹੁਤ ਵਧਾ-ਚੜ੍ਹਾਅ ਕੇ ਲਿਖਿਆ ਗਿਆ ਹੈ ਜੋ ਵਿਸ਼ਵਾਸਯੋਗ ਨਹੀਂ ਹੈ।
ਸਤਪਾਲ ਸਿੰਘ ਜੌਹਲ ਵੱਲੋਂ ਆਪਣੇ ਸੰਬੋਧਨ ਵਿੱਚ ਮਨੁੱਖਤਾ ਨੂੰ ਗੁਰੂ ਸਾਹਿਬ ਵੱਲੋਂ ਦਰਸਾਏ ਗਏ ਰਸਤੇ ‘ਤੇ ਚੱਲਣ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਵੱਲੋਂ ਆਪਣੇ ਜੀਵਨ ਵਿੱਚ ਕੀਤੀ ਗਈਆਂ ਚਾਰ ਮਹਾਨ ਇਤਿਹਾਸਕ ਉਦਾਸੀਆਂ ਦੌਰਾਨ ਉਨ੍ਹਾਂ ਨੇ ਨਾਥਾਂ, ਜੋਗੀਆਂ, ਮੁੱਲਾਂ ਤੇ ਕਾਜ਼ੀਆਂ ਦੇ ਨਾਲ ਵਿਚਾਰ ਸਾਂਝੇ ਕਰਨ ਲਈ ‘ਸੰਵਾਦ’ ਦਾ ਰਸਤਾ ਅਪਨਾਇਆ ਅਤੇ ਉਨ੍ਹਾਂ ਨੂੰ ਤਰਕ ਅਤੇ ਦਲੀਲ ਨਾਲ ਪ੍ਰਭਾਵਿਤ ਕੀਤਾ।
ਕਲੱਬ ਦੀ ਚੜ੍ਹਦੀ-ਕਲਾ ਦੀ ਕਾਮਨਾ ਕਰਦਿਆਂ ਹੋਇਆਂ ਉਨ੍ਹਾਂ ਵੱਲੋਂ ਇਸੇ ਸਿਰਲੇਖ ‘ਚੜ੍ਹਦੀ ਕਲਾ’ ਦੀ ਸ਼ਾਨਦਾਰ ਤਸਵੀਰ ਕਲੱਬ ਦੇ ਸਰਪ੍ਰਸਤ ਇੰਜ. ਈਸ਼ਰ ਸਿੰਘ ਅਤੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਨੂੰ ਭੇਂਟ ਕੀਤੀ ਗਈ। ਸਮਾਗਮ ਦੀ ਸਮਾਪਤੀ ਵੱਲ ਵੱਧਦਿਆਂ ਕਲੱਬ ਦੇ ਪ੍ਰਧਾਨ ਸੁਰਿੰਦਰ ਸਿੰਘ ਨਾਗਰਾ ਵੱਲੋਂ ਸਮੂਹ-ਬੁਲਾਰਿਆਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਇਸਦੇ ਨਾਲ ਹੀ ਸਾਰਿਆਂ ਨੂੰ ਲੰਗਰ ਛਕਣ ਲਈ ਬੇਨਤੀ ਕੀਤੀ ਗਈ।
ਸੱਭਨਾਂ ਨੇ ਮਿਲ ਕੇ ਲੰਗਰ ਛਕਿਆ ਅਤੇ ਬਾਬਾ ਨਾਨਕ ਜੀ ਵੱਲੋਂ ਉਸ ਸਮੇਂ 20 ਰੁਪਿਆਂ ਦੇ ਰਾਸ਼ਨ ਨਾਲ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਲੰਗਰ ਦੀ ਮਰਿਆਦਾ ਦੇ ਆਰੰਭ ਕਰਨ ਨੂੰ ਯਾਦ ਕੀਤਾ ਗਿਆ।
*****

 

RELATED ARTICLES
POPULAR POSTS