Breaking News
Home / ਕੈਨੇਡਾ / ਟ੍ਰਿਪਲ ਕਰਾਊਨ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਮਿਲ ਕੇ ਦੀਵਾਲੀ ਮਨਾਈ

ਟ੍ਰਿਪਲ ਕਰਾਊਨ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਮਿਲ ਕੇ ਦੀਵਾਲੀ ਮਨਾਈ

ਬਰੈਂਪਟਨ/ਡਾ. ਝੰਡ : ਟ੍ਰਿਪਲ ਕਰਾਊਨ ਸੀਨੀਅਰਜ਼ ਕਲੱਬ ਦੇ ਪ੍ਰਧਾਨ ਪ੍ਰੋ. ਨਿਰਮਲ ਸਿੰਘ ਧਾਰਨੀ ਵੱਲੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਦੀ ਕਲੱਬ ਦੇ ਮੈਂਬਰਾਂ ਵੱਲੋਂ ਮਿਲ ਕੇ 27 ਅਕਤੂਬਰ ਐਤਵਾਰ ਨੂੰ ਬਾਟਮਵੁੱਡ ਪਾਰਕ ਵਿਚ ਦੀਵਾਲੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਪਾਰਕ ਵਿਚ ਕਿਸੇ ਸ਼ੈੱਡ ਦਾ ਨਾ ਹੋਣਾ ਅਤੇ ਉਸ ਦਿਨ ਹਵਾ ਚੱਲਣ ਕਾਰਨ ਹੋਈ ਸਰਦੀ ਵੀ ਬਜ਼ੁਰਗਾਂ ਦੇ ਉਤਸ਼ਾਹ ਵਿਚ ਰੋੜਾ ਨਾ ਬਣ ਸਕੀ ਅਤੇ ਉਹ ਸ਼ਾਮ ਦੇ ਤਿੰਨ ਵਜੇ ਪਾਰਕ ਵਿਚ ਇਕੱਤਰ ਹੋਣੇ ਸ਼ੁਰੂ ਹੋ ਗਏ। ਉਨ੍ਹਾਂ ਦੀ 50 ਦੇ ਕਰੀਬ ਗਿਣਤੀ ਹੋ ਜਾਣ ‘ਤੇ ਮੈਂਬਰਾਂ ਦਰਮਿਆਨ ਹਿੰਦੂਆਂ, ਸਿੱਖਾਂ ਤੇ ਹੋਰ ਕਮਿਊਨਿਟੀਆਂ ਦੇ ਸਾਂਝੇ ਤਿਓਹਾਰ ਦੀਵਾਲੀ ਅਤੇ ਬੰਦੀ-ਛੋੜ ਦਿਵਸ ਬਾਰੇ ਵਿਚਾਰ-ਚਰਚਾ ਸ਼ੁਰੂ ਹੋ ਗਈ ਜਿਸ ਵਿਚ ਕਾਫ਼ੀ ਮੈਂਬਰਾਂ ਨੇ ਹਿੱਸਾ ਲਿਆ।
ਇਸ ਦੌਰਾਨ ਚਾਰ ਕੁ ਵਜੇ ਬੀਬੀ ਬਲਬੀਰ ਸੋਹੀ ਵੀ ਇਸ ਇਕੱਤਰਤਾ ਵਿਚ ਪਹੁੰਚ ਗਈ। ਕਲੱਬ ਦੇ ਮੈਂਬਰਾਂ ਰਤਨ ਸਿੰਘ ਭੱਟੀ ਅਤੇ ਪ੍ਰੋ. ਕੁਲਦੀਪ ਸਿੰਘ ਗਿੱਲ ਨੇ ਬਲਬੀਰ ਸੋਹੀ ਨੂੰ ਮੈਂਬਰਾਂ ਨੂੰ ਪਾਰਕ ਵਿਚ ਆ ਰਹੀਆਂ ਦਿੱਕਤਾਂ ਬਾਰੇ ਦੱਸਿਆ। ਬਲਬੀਰ ਸੋਹੀ ਨੇ ਇਹ ਧਿਆਨ ਨਾਲ ਸੁਣੀਆਂ ਅਤੇ ਉਨ੍ਹਾਂ ਨੂੰ ਇਹ ਸੱਭ ਕੁਝ ਲਿਖ ਕੇ ਦੇਣ ਲਈ ਕਿਹਾ ਤਾਂ ਕਿ ਉਹ ਇਨ੍ਹਾਂ ਨੂੰ ਬਰੈਂਪਟਨ ਦੇ ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਅਤੇ ਸਿਟੀ ਕਾਊਂਸਲਰ ਹਰਕੀਰਤ ਸਿੰਘ ਦੇ ਧਿਆਨ ਵਿਚ ਲਿਆ ਕੇ ਇਨ੍ਹਾਂ ਮੁਸ਼ਕਲਾਂ ਨੂੰ ਹੱਲ ਕਰਵਾ ਸਕਣ। ਬੀਬੀ ਰਮੇਸ਼ ਲੂੰਬਾ ਅਤੇ ਬਾਜਵਾ ਸਾਹਿਬ ਨੇ ਬਲਬੀਰ ਸੋਹੀ ਨੂੰ ਸਕੂਲੀ ਸਿਲੇਬਸ ਬਾਰੇ ਅਤੇ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਆਉਂਦੀਆਂ ਪ੍ਰੇਸ਼ਾਨੀਆਂ ਤੋਂ ਜਾਣੂੰ ਕਰਵਾਇਆ। ਇਸ ਤਰ੍ਹਾਂ ਇਸ ਸੰਖੇਪ ਜਿਹੇ ਦੀਵਾਲੀ ਸਮਾਗ਼ਮ ਦੇ ਸਿੱਟੇ ਬੜੇ ਸਾਰਥਿਕ ਨਿਕਲੇ। ਮੈਂਬਰਾਂ ਨੂੰ ਉਨ੍ਹਾਂ ਦੀਆਂ ਕੁਝ ਸਮੱਸਿਆਵਾਂ ਹੱਲ ਹੋਣ ਦੀ ਆਸ ਬੱਝੀ। ਸਮਾਗ਼ਮ ਦੇ ਅਖ਼ੀਰ ਵਿਚ ਸਾਰਿਆਂ ਨੇ ਮਿਲ ਕੇ ਚਾਹ, ਗਰਮ-ਗਰਮ ਪਕੌੜਿਆਂ ਅਤੇ ਮਠਿਆਈਆਂ ਦਾ ਅਨੰਦ ਮਾਣਿਆਂ ਜਿਸ ਦਾ ਸੁਯੋਗ ਪ੍ਰਬੰਧ ਨਰਿੰਦਰ ਸਿੰਘ ਰੀਹਲ, ਮਨਜੀਤ ਸਿੰਘ ਗਿੱਲ ਤੇ ਕੁਲਦੀਪ ਸਿੰਘ ਗਿੱਲ ਵੱਲੋਂ ਕੀਤਾ ਗਿਆ। ਇਸ ਦੌਰਾਨ ਮੁਖ਼ਤਾਰ ਸਿੰਘ ਸੰਧਾ ਅਤੇ ਦਿਲਬਾਗ ਸਿੰਘ ਨੇ ਬੜੇ ਪਿਆਰ ਨਾਲ ਸਾਰੀ ਸੇਵਾ ਨਿਭਾਈ। ਅੰਤ ਵਿਚ ਕਲੱਬ ਦੇ ਮੀਤ-ਪ੍ਰਧਾਨ ਮਨਜੀਤ ਸਿੰਘ ਵੱਲੋਂ ਕਲੱਬ ਦੇ ਸਾਰੇ ਮੈਂਬਰਾਂ ਦਾ ਅਤੇ ਬੀਬੀਆਂ ਦਾ ਧੰਨਵਾਦ ਕੀਤਾ ਗਿਆ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …