ਬਰੈਂਪਟਨ : ਪਿਛਲੇ ਐਤਵਾਰ ਟੈਰੀ ਮਿਲਰ ਰੀਕ੍ਰੀਏਸ਼ਨ ਸੈਂਟਰ ਵਿਚ ਬਰੈਂਪਟਨ ਦੇ ਫ਼ਿਕਰਮੰਦ ਨਿਵਾਸੀਆਂ (Concerned Residents of Brampton) ਵਲੋਂ ਇਕ ਸਫ਼ਲ ਟਾਊਨਹਾਲ ਮੀਟਿੰਗ ਕਰਵਾਈ ਗਈ। ਮੁੱਖ ਮੁੱਦਾ ਬਰੈਂਪਟਨ ਵਿਚ ਬੇਸਮੈਟਾਂ ਲੀਗਲ ਕਰਵਾਉਣ ਦੀ ਪ੍ਰਕਿਰਿਆ ਵਿਚ ਆ ਰਹੀਆਂ ਮੁਸ਼ਕਲਾਂ, ਲੋਕਾਂ ਦੀ ਸੁਰੱਖਿਆ ਅਤੇ ਰੁਜ਼ਗਾਰ ਦੀ ਘਾਟ ਸੀ। ਇਸ ਮੀਟਿੰਗ ਵਿਚ ਸਾਰੇ ਬੁਲਾਰਿਆਂ ਨੇ ਜਿਨ੍ਹਾਂ ਵਿਚ ਜੋਤਵਿੰਦਰ ਸੋਢੀ, ਪਰਮਜੀਤ ਬਿਰਦੀ, ਸੁਖਜੋਤ ਨਾਰੂ, ਸੁਖਵਿੰਦਰ ਸਿੰਘ ਢਿਲੋਂ, ਕੁਲਵਿੰਦਰ ਛੀਨਾ, ਚਰਨਜੀਤ ਬਰਾੜ, ਸੁਖਵਿੰਦਰ ਸਮਰਾ, ਅਜ਼ਾਦ ਗੋਇਦ, ਬਰੂਸ ਮਾਰਸ਼ਲ, ਐਦਿਲ ਮਕੈਨਜ਼ੀ ਨੇ ਦਸਿਆ ਕਿ ਕਿਸ ਤਰ੍ਹਾਂ ਪਿਛਲੇ ਤਿੰਨ ਸਾਲਾਂ ਵਿਚ ਚੋਰੀ ਦੀਆਂ ਵਾਰਦਾਤਾਂ ਵਿਚ ਚੋਖਾ ਵਾਧਾ ਹੋਇਆ ਹੈ। ਤਕਰੀਬਨ ਹਰ ਹਫ਼ਤੇ ਗੋਲੀਆਂ ਚਲ ਰਹੀਆਂ ਹਨ, ਛੁਰੇ-ਬਾਜ਼ੀ ਅਤੇ ਕਤਲ ਹੋ ਰਹੇ ਹਨ। ਲੋਕ ਬਹੁਤ ਡਰੇ ਹੋਏ ਹਨ, ਉਹਨਾਂ ਨੂੰ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਸੁਰੱਖਿਆ ਦੀ ਚਿੰਤਾ ਵੱਢ-ਵੱਢ ਕੇ ਖਾ ਰਹੀ ਹੈ। ਦੂਸਰੇ ਮੁੱਖ ਮੁੱਦੇ ‘ਤੇ ਬੁਲਾਰਿਆਂ ਨੇ ਦਸਿਆ ਕਿ ਬਰੈਂਪਟਨ ਦੇ ਸ਼ਹਿਰੀਆਂ ਦੀ ਸੁਰੱਖਿਆ ਸਾਡਾ ਮੁੱਖ ਮੰਤਵ ਹੈ ਪਰ ਸੁਰੱਖਿਆ ਦੇ ਨਾਮ ਤੇ ਲੋਕਾਂ ਨਾਲ ਧੱਕੇ-ਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਬੇਸਮੈਟਾਂ ਨੂੰ ਲੀਗਲ ਕਰਨ ਦੀ ਆੜ ਵਿਚ ਲੋਕਾਂ ਨਾਲ ਬਹੁਤ ਧੱਕਾ ਹੋ ਰਿਹਾ ਹੈ। ਅਫ਼ਸਰਾਂ ਦਾ ਵਤੀਰਾ ਬਹੁਤ ਚਿੰਤਾਜਨਕ ਹੈ, ਲੋਕਾਂ ਤੇ ਵੱਡੇ-ਵੱਡੇ ਜੁਰਮਾਨੇ ਠੋਕੇ ਜਾ ਰਹੇ ਹਨ, ਚੰਗੀ-ਭਲੀ ਬਣੀ ਬੇਸਮੈਂਟ ਨੂੰ ਤੁੜਵਾ ਦਿਤਾ ਜਾਂਦਾ ਹੈ, ਸਿਟੀ ਅਫ਼ਸਰਾਂ ਦੀ ਲਾਪ੍ਰਵਾਹੀ ਕਰਕੇ ਕੰਮ ਨੂੰ ਕਈ-ਕਈ ਹਫ਼ਤੇ ਲਮਕਾ ਦਿੱਤਾ ਜਾਂਦਾ ਹੈ। ਸੋ ਬੁਲਾਰਿਆਂ ਨੇ ਮੰਗ ਕੀਤੀ ਕਿ ਮਕਾਨ ਮਾਲਕਾਂ ਤੇ ਹੋ ਰਹੀ ਜ਼ਿਆਦਤੀ ਤੁਰੰਤ ਬੰਦ ਕੀਤੀ ਜਾਵੇ ਘੱਟ ਤੋਂ ਘੱਟ 6 ਤੋਂ 9 ਮਹੀਨੇ ਦਾ ਗ੍ਰੇਸ ਪੀਰੀਅਡ ਦਿਤਾ ਜਾਵੇ। ਮਕਾਨ ਮਾਲਕਾਂ ਤੇ ਬੋਝ ਪਾਉਣ ਦੀ ਬਜਾਏ ਸਿਟੀ ਨਵੇਂ ਉਪਕਰਣ ਲਿਆ ਕੇ ਬੇਸਮੈਟਾਂ ਦੀ ਇੰਸਪੈਕਸ਼ਨ ਕਰੇ। ਰੌਨ ਚੱਠਾ ਜਿਹੜੇ ਕਿ ਪੀਲ ਪੁਲਿਸ ਸਰਵਿਸ ਬੋਰਡ ਵਿਚ ਵਾਈਸ ਚੇਅਰ ਹਨ ਨੇ ਦਸਿਆ ਕਿ ਮੈਂਟਲ ਹੈਲਥ ਦੀਆਂ ਸ਼ਕਾਇਤਾਂ ਕਾਰਣ ਪੁਲਿਸ ਵਾਲੇ ਬਹੁਤ ਸਮੇਂ ਲਈ ਉਸ ਕੇਸ ਵਿਚ ਉਲਝ ਜਾਂਦੇ ਹਨ ਅਤੇ ਉਹ ਇਸ ਮਸਲੇ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤੋਂ ਇਲਾਵਾ ਹੋਰ ਵੀ ਕਾਫ਼ੀ ਕੁਝ ਜੋ ਕਿ ਪੁਲਿਸ ਨਾਲ ਸੰਬੰਧਤ ਹੈ, ਬਦਲਿਆ ਜਾ ਰਿਹਾ ਹੈ। ਰਿਜਨਲ ਕਾਊਂਸਲਰ ਗੁਰਪ੍ਰੀਤ ਢਿੱਲੋਂ ਨੇ ਦੱਸਿਆ ਕਿ 30000 ਬੇਸਮੈਂਟਾਂ ਬਰੈਂਪਟਨ ਵਿਚ ਬਣੀਆਂ ਹੋਈਆਂ ਹਨ ਅਤੇ ਇਕ ਲੱਖ ਲੋਕ ਇਹਨਾਂ ਨੂੰ ਵਰਤ ਰਹੇ ਹਨ, 2015 ਵਿਚ ਸਿਟੀ ਕਾਊਂਸਲ ਨੇ ਇਸ ਨੂੰ ਪਾਸ ਕੀਤਾ ਕਿ ਬਰੈਂਪਟਨ ਵਾਸੀ ਲੀਗਲ ਬੇਸਮੈਂਟ ਬਣਾ ਸਕਦੇ ਹਨ ਪਰ ਇਸ ਦੇ ਕੁਝ ਦਿਸ਼ਾ ਨਿਰਦੇਸ਼ ਹਨ ਜਿਹਨਾਂ ਅਨੁਸਾਰ ਇਹ ਸਾਰਾ ਕੁਝ ਸੰਭਵ ਹੁੰਦਾ ਹੈ। ਗੁਰਪ੍ਰੀਤ ਢਿੱਲੋਂ ਨੇ ਸਿਟੀ ਅਫ਼ਸਰਾਂ ਦੀਆਂ ਸ਼ਿਕਾਇਤਾਂ ਦੇ ਸੰਬੰਧ ਵਿਚ ਦਸਿਆ ਕਿ ਉਹਨਾਂ ਕੋਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਜੇਕਰ ਕੋਈ ਅਫ਼ਸਰ ਧੱਕਾ ਕਰਦਾ ਹੈ ਤਾਂ ਉਸ ਦੀ ਸ਼ਕਾਇਤ ਕੀਤੀ ਜਾਵੇ ਅਤੇ ਉਹ ਇਸ ਸੰਬੰਧੀ ਬਿਲਡਿੰਗ ਡਿਵੀਜ਼ਨ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕਰਨਗੇ। ਕਾਊਂਸਲਰ ਹਰਕੀਰਤ ਸਿੰਘ ਨੇ ਦਸਿਆ ਕਿ ਉਹ ਬੇਸਮੈਟਾਂ ਦੀ ਪਲੰਬਿੰਗ ਇੰਸਪੈਕਸ਼ਨ ਲਈ ਕੈਮਰੇ ਲਿਆਉਣ ਬਾਰੇ ਸੋਚ ਰਹੇ ਹਨ। ਚੁਣੇ ਹੋਏ ਨੁਮਾਇੰਦਿਆਂ ਵਿਚੋਂ ਦੀਪਕ ਅਨੰਦ, ਸਾਰਾ ਸਿੰਘ, ਪਾਲ ਵਿਸੰਟੇ, ਸ਼ਰਮਨ ਵਿਲੀਅਜ਼, ਪੈਟ ਫ਼ੋਰਟੀਨੀ, ਹਰਕੀਰਤ ਸਿੰਘ, ਗੁਰਪ੍ਰੀਤ ਢਿਲੋਂ, ਰੌਨ ਚੱਠਾ ਮੀਟਿੰਗ ਵਿਚ ਸ਼ਾਮਲ ਹੋਏ। ਕੁਲ ਮਿਲਾ ਕੇ ਕਨਸਰਨਡ ਰੈਜ਼ੀਡੈਂਟਸ ਆਫ਼ ਬਰੈਂਪਟਨ ਦੀ ਇਹ ਇਕ ਸਫ਼ਲ ਮਿਿਟੰਗ ਰਹੀ ਪ੍ਰਬੰਧਕਾਂ ਨੇ ਸਾਰੀ ਕਾਰਵਾਈ ਬਹੁਤ ਸੁਚੱਜੇ ਢੰਗ ਨਾਲ ਚਲਾਈ ਅਤੇ ਦਸਿਆ ਕਿ ਅਗਲੀ ਟਾਊਨਹਾਲ ਮੀਟਿੰਗ ਬਹੁਤ ਜਲਦ ਕਾਊਸਲਰਾਂ ਤੋਂ ਜਵਾਬ ਪੁਛ ਕੇ ਰੱਖੀ ਜਾਵੇਗੀ। ਉਸ ਟਾਊਨਹਾਲ ਤੋਂ ਪਹਿਲਾਂ ਇਕ ਮੀਟਿੰਗ ਸਾਰੀ ਕਾਉਂਸਲ ਨਾਲ ਸਿਟੀ ਹਾਲ ਵਿਚ ਵੀ ਰੱਖੀ ਜਾਵੇਗੀ। ਅੰਤ ਵਿਚ ਸਾਰੇ ਹਾਜ਼ਰ ਬਰੈਂਪਟਨ ਵਾਸੀਆਂ ਦਾ ਅਤੇ ਮੀਡੀਏ ਦਾ ਧੰਨਵਾਦ ਕੀਤਾ ਗਿਆ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ
ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ …