
ਕੈਪਟਨ ਨਾਲ ਨਹੀਂ ਕੀਤੀ ਮੁਲਾਕਾਤ
ਚੰਡੀਗੜ੍ਹ/ਬਿਊਰੋ ਨਿਊਜ਼
ਲਗਭਗ ਡੇਢ ਸਾਲ ਪੰਜਾਬ ਦੀ ਰਾਜਨੀਤੀ ਤੋਂ ਦੂਰ ਰਹੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਤਿੰਨ ਕੇਂਦਰੀ ਖੇਤੀ ਕਾਨੂੰਨਾਂ ‘ਤੇ ਚਰਚਾ ਕਰਨ ਲਈ ਸੱਦੇ ਗਏ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿਚ ਸ਼ਾਮਲ ਹੋਣ ਲਈ ਪਹੁੰਚੇ। ਵਿਧਾਨ ਸਭਾ ਜਾਣ ਤੋਂ ਪਹਿਲਾਂ ਉਨ੍ਹਾਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨਾਲ ਮੀਟਿੰਗ ਵੀ ਕੀਤੀ। ਸੈਸ਼ਨ ਦੌਰਾਨ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਨਹੀਂ ਕੀਤੀ, ਪਰ ਉਨ੍ਹਾਂ ਹੋਰਨਾਂ ਵਿਧਾਇਕਾਂ ਨਾਲ ਮੁਲਾਕਾਤ ਜ਼ਰੂਰ ਕੀਤੀ। ਇਸੇ ਦੌਰਾਨ ਨਵਜੋਤ ਸਿੱਧੂ ਅੱਜ ਮੰਤਰੀਆਂ ਦੀ ਲਾਈਨ ਵਿਚ ਨਹੀਂ ਬੈਠ ਸਕੇ। ਉਨ੍ਹਾਂ ਨੂੰ ਵਿਧਾਇਕਾਂ ਦੀ ਪਿਛਲੀ ਲਾਈਨ ਵਿਚ ਬੈਠਣਾ ਪਿਆ। ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਕਿਸਾਨਾਂ ਦੇ ਭਖਦੇ ਮੁੱਦੇ ‘ਤੇ ਸਾਰਾ ਪੰਜਾਬ ਆਪਣਾ ਯੋਗਦਾਨ ਪਾਏਗਾ ਅਤੇ ਪੰਜਾਬ ਸਰਕਾਰ ਵਲੋਂ ਚੁੱਕੇ ਜਾਣ ਵਾਲੇ ਕਦਮਾਂ ਨੂੰ ਸਮਰਥਨ ਦੇ ਕੇ ਪੰਜਾਬ ਨੂੰ ਜ਼ਰੂਰ ਜਤਾਇਆ ਜਾਵੇਗਾ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਸਿੱਧੂ ਨੇ ਕਸ਼ਮੀਰ ਦੇ ਪੁਲਵਾਮਾ ‘ਚ ਹੋਏ ਹਮਲੇ ਬਾਅਦ ਸੱਦੇ ਸੈਸ਼ਨ ਵਿੱਚ ਸ਼ਮੂਲੀਅਤ ਕੀਤੀ ਸੀ।