ਚੰਡੀਗੜ੍ਹ/ਬਿਊਰੋ ਨਿਊਜ਼ : ਸੰਯੁਕਤ ਸਮਾਜ ਮੋਰਚੇ ਨੇ ਆਰੋਪ ਲਾਇਆ ਕਿ ਪੰਜਾਬ ਸਰਕਾਰ ਕਿਸਾਨਾਂ ਸਮੇਤ ਸੂਬੇ ਦੇ ਲੋਕਾਂ ਨਾਲ ਕੀਤੇ ਵਾਆਦਿਆ ਤੋਂ ਪਿੱਛੇ ਹਟ ਰਹੀ ਹੈ। ਸਰਕਾਰ ਵੱਲੋਂ ਪੰਜਾਬ ਦੀ ਖੇਤੀ ਤੇ ਕਿਸਾਨੀ ਦੇ ਮੁੱਦੇ ਅੱਖੋਂ ਪਰੋਖੇ ਕੀਤੇ ਜਾ ਰਹੇ ਹਨ।
ਮੀਡੀਆ ਨਾਲ ਗੱਲ ਕਰਦਿਆਂ ਮੋਰਚੇ ਦੇ ਆਗੂ ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬੜੇ ਚਾਵਾਂ ਤੇ ਉਮੀਦਾਂ ਨਾਲ ‘ਇਕ ਮੌਕਾ ਕੇਜਰੀਵਾਲ ਨੂੰ’ ਦਿੱਤਾ ਪਰ ਉਨ੍ਹਾਂ ਹੱਥ ਅਜੇ ਤੱਕ ਨਿਰਾਸ਼ਾ ਹੀ ਲੱਗੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਗਰਮੀ ਕਾਰਨ ਕਣਕ ਦੇ ਝਾੜ ਨੂੰ ਪਈ ਮਾਰ ਦਾ ਮੁਆਵਜ਼ਾ ਐਲਾਨਣ ਤੋਂ ਕਤਰਾ ਰਹੀ ਹੈ।
ਕਰਜ਼ਿਆਂ ਤੋਂ ਰਾਹਤ ਦੇਣ ਦੀ ਜਗ੍ਹਾ ਕਿਸਾਨਾਂ ਨੂੰ ਕਰਜ਼ੇ ਵਾਪਸ ਕਰਨ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਕਿਸਾਨ ਆਗੂ ਨੇ ਕਿਹਾ ਕਿ ਪੰਜਾਬ ਨੂੰ ਦਿੱਲੀ ਮਾਡਲ ਦੀ ਜਗ੍ਹਾ ਕੇਰਲਾ ਸਰਕਾਰ ਤੋਂ ਸਿੱਖਣ ਦੀ ਲੋੜ ਹੈ। ਕੋਰ ਕਮੇਟੀ ਦੇ ਮੈਂਬਰ ਸਤਬੀਰ ਸਿੰਘ ਵਾਲੀਆ ਨੇ ਕਿਹਾ ਕਿ ਪਹਿਲਾਂ ਚੰਡੀਗੜ੍ਹ ਨੂੰ ਅੱਧਾ-ਅੱਧਾ ਕਰਕੇ ਪੰਜਾਬ ਤੇ ਹਰਿਆਣਾ ਵਿਚਾਲੇ ਵੰਡਣ ਤੇ ਹੁਣ ਸਤਲੁਜ-ਜੁਮਨਾ ਲਿੰਕ ਨਹਿਰ ਦੇ ਪਾਣੀ ਨੂੰ ਹਰਿਆਣੇ ਪਹੁੰਚਾਉਣ ਦਾ ਬਿਆਨ ਪੰਜਾਬ ਵਿੱਚ ਰਾਜਨੀਤਕ ਅਸਥਿਰਤਾ ਫੈਲਾ ਰਿਹਾ ਹੈ। ਇਸ ਮੌਕੇ 23 ਮੈਂਬਰੀ ਵਰਕਿੰਗ ਕਮੇਟੀ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਬਲਵਿੰਦਰ ਸਿੰਘ ਰਾਜੂ, ਬਲਜਿੰਦਰ ਸਿੰਘ ਹਸਨਪੁਰ, ਗੁਰਨਾਮ ਸਿੰਘ, ਹਰਜਿੰਦਰ ਸਿੰਘ ਟਾਂਡਾ, ਗੁਰਨਾਮ ਕੌਰ, ਮਨਦੀਪ ਸਿੰਘ ਸਮਰਾ, ਜਸਵਿੰਦਰ ਸਿੰਘ ਸੰਘਾ, ਅਰਸ਼ਦੀਪ ਸਿੰਘ ਤੇ ਹੋਰਾਂ ਨੂੰ ਸ਼ਾਮਲ ਕੀਤਾ ਗਿਆ।
ਰੋਪੜ ਨੇੜੇ ਕਾਰ ਭਾਖੜਾ ਨਹਿਰ ‘ਚ ਡਿੱਗੀ – ਪੰਜ ਮੌਤਾਂ
ਰੋਪੜ : ਰੋਪੜ ਨੇੜੇ ਅਹਿਮਦਪੁਰ ਵਿਖੇ ਅੱਜ ਦਿਲ ਨੂੰ ਦਹਿਲਾ ਦੇਣ ਵਾਲਾ ਹਾਦਸਾ ਵਾਪਰ ਗਿਆ ਅਤੇ ਇਸ ਦੌਰਾਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਨਿੱਜੀ ਬੱਸ ਨੇ ਕਾਰ ਨੂੰ ਓਵਰਟੇਕ ਕਰਦੇ ਸਮੇਂ ਟੱਕਰ ਮਾਰ ਦਿੱਤੀ ਅਤੇ ਇਹ ਕਾਰ ਪੁਲ ਦੀ ਰੇਲਿੰਗ ਨੂੰ ਤੋੜ ਕੇ ਭਾਖੜਾ ਨਹਿਰ ਵਿਚ ਜਾ ਡਿੱਗੀ। ਪੁਲਿਸ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਵਿੱਚ ਡਿੱਗੀ ਕਾਰ ਨੂੰ ਬਰਾਮਦ ਕਰ ਲਿਆ ਗਿਆ ਹੈ ਜਿਸ ਵਿਚੋਂ ਪੰਜ ਵਿਅਕਤੀਆਂ ਦੀਆਂ ਮ੍ਰਿਤਕ ਦੇਹਾਂ ਮਿਲੀਆਂ ਹਨ ਜਿਨ੍ਹਾਂ ਵਿਚ ਦੋ ਮਹਿਲਾਵਾਂ, ਦੋ ਪੁਰਸ਼ ਤੇ ਇਕ ਬੱਚਾ ਸ਼ਾਮਲ ਹੈ। ਦੋ ਬੱਚਿਆਂ ਦੇ ਲਾਪਤਾ ਹੋਣ ਦੀ ਗੱਲ ਵੀ ਕਹੀ ਜਾ ਰਹੀ ਹੈ, ਜਿਸ ਕਰਕੇ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਹਾਦਸਾਗ੍ਰਸਤ ਕਾਰ ਰਾਜਸਥਾਨ ਨੰਬਰ ਦੀ ਹੋਣ ਦੀ ਪੁਸ਼ਟੀ ਹੋਈ ਹੈ। ਮ੍ਰਿਤਕਾਂ ਦੀ ਪਛਾਣ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਵਿਅਕਤੀਆਂ ਵਜੋਂ ਹੋਈ ਹੈ। ਪੁਲਿਸ ਵਲੋਂ ਹਾਦਸੇ ਦੇ ਕਾਰਨਾਂ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
Check Also
ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੋ ਦਸੰਬਰ ਨੂੰ ਸੌਂਪਣੇ ਆਪਣਾ ਸਪੱਸ਼ਟੀਕਰਨ
ਕਿਹਾ : ਮੇਰਾ ਰੋਮ ਰੋਮ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੈ ਸਮਰਪਿਤ ਅੰਮਿ੍ਰਤਸਰ/ਬਿਊਰੋ ਨਿਊਜ਼ : …