ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਹੁਣ ਮਹਿਲਾ ਕਾਂਗਰਸ ਪ੍ਰਧਾਨ ਦੀ ਨਿਯੁਕਤੀ ਨੂੰ ਲੈ ਕੇ ਚਰਚਾ ਛਿੜ ਗਈ ਹੈ ਅਤੇ ਇਹ ਕੁਰਸੀ ਹੁਣ ਫਗਵਾੜਾ ਦੀ ਬਲਬੀਰ ਰਾਣੀ ਸੋਢੀ ਨੂੰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਫਗਵਾੜਾ ਤੋਂ ਹੋਈ ਉਪ ਚੋਣ ਮੌਕੇ ਬਲਬੀਰ ਰਾਣੀ ਸੋਢੀ ਟਿਕਟ ਦੀ ਦਾਅਵੇਦਾਰ ਸੀ, ਪਰ ਉਸ ਨੂੰ ਟਿਕਟ ਨਹੀਂ ਦਿੱਤੀ ਗਈ। ਉਸ ਸਮੇਂ ਪੰਜਾਬ ਕਾਂਗਰਸ ’ਚ ਕੈਪਟਨ ਅਮਰਿੰਦਰ ਸਿੰਘ ਹਾਵੀ ਸਨ। ਧਿਆਨ ਰਹੇ ਕਿ ਫਗਵਾੜਾ ਉਪ ਚੋਣ ਮੌਕੇ ਕੈਪਟਨ ਅਮਰਿੰਦਰ ਦੇ ਕਰੀਬੀ ਸਾਬਕਾ ਆਈਏਐਸ ਅਫਸਰ ਬਲਵਿੰਦਰ ਸਿੰਘ ਧਾਲੀਵਾਲ ਨੂੰ ਟਿਕਟ ਦੇ ਦਿੱਤੀ ਗਈ ਸੀ ਅਤੇ ਉਹ ਚੋਣ ਜਿੱਤ ਵੀ ਗਏ ਸਨ। ਇਹ ਵੀ ਅਹਿਮ ਗੱਲ ਸੀ ਕਿ ਧਾਲੀਵਾਲ ਨੇ ਚੋਣ ਲੜਨ ਤੋਂ ਪਹਿਲਾਂ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਸੀ। ਇਸੇ ਦੌਰਾਨ ਹੁਣ ਇਕ ਮਹੀਨਾ ਪਹਿਲਾਂ ਵਿਦੇਸ਼ ਵਿਚੋਂ ਪਰਤੀ ਬਲਬੀਰ ਰਾਣੀ ਨੂੰ ਕਾਂਗਰਸ ਹਾਈਕਮਾਨ ਨੇ ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਵਜੋਂ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਇਹ ਨਿਯੁਕਤੀ ਕੈਪਟਨ ਅਮਰਿੰਦਰ ਦਾ ਦਬਦਬਾ ਤੋੜਨ ਲਈ ਕੀਤੀ ਗਈ ਹੈ।