ਸਰਹੱਦੀ ਖੇਤਰ ਦਾ ਪਿੰਡ ਹਵੇਲੀਆਂ ਪੁਲਿਸ ਦੇ ਛਾਏ ਹੇਠ
ਤਰਨਤਾਰਨ/ਬਿਊਰੋ ਨਿਊਜ਼ : ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਨਸ਼ਿਆਂ ਦੀ ਦੁਨੀਆਂ ਵਿਚ ਬਦਨਾਮ ਰਿਹਾ ਸਰਹੱਦੀ ਖੇਤਰ ਦਾ ਪਿੰਡ ਹਵੇਲੀਆਂ ਪੁਲਿਸ ਦੀ ਦਹਿਸ਼ਤ ਹੇਠ ਹੈ।
ਇਸ ਪਿੰਡ ਦੇ ਕਈ ਵਿਅਕਤੀ, ਜਿਹੜੇ ਇਕ ਵੇਲੇ ਇਸ ਧੰਦੇ ਨਾਲ ਜੁੜੇ ਰਹੇ, ਉਹ ਅੱਜ ਆਪਣੇ ਘਰਾਂ ਨੂੰ ਤਾਲੇ ਲਗਾ ਕੇ ਰੂਪੋਸ਼ ਹੋ ਗਏ ਹਨ। ਡੀਐਸਪੀ ਪਿਆਰਾ ਸਿੰਘ ਨੇ ਦੱਸਿਆ ਕਿ ਪਿੰਡ ਨਾਲ ਸਬੰਧਤ ਨਸ਼ਿਆਂ ਦੇ ਕਈ ਸਮਗਲਰ ਪੁਲਿਸ ਦੇ ਡਰ ਕਾਰਨ ਆਪਣੇ ਘਰਾਂ ਨੂੰ ਤਾਲੇ ਲਗਾ ਕੇ ‘ਗਾਇਬ’ ਹੋ ਗਏ ਹਨ।
ਇਸ ਪਿੰਡ ਦੇ ਵਾਸੀ ਤੇ ਨਸ਼ਿਆਂ ਦੇ ਸਮਗਲਰਾਂ ਵਜੋਂ ਮਸ਼ਹੂਰ 11 ਜਣਿਆਂ ਨੂੰ ਭਗੌੜੇ ਐਲਾਨਿਆ ਗਿਆ ਹੈ ਅਤੇ 15 ਤੋਂ 20 ਮੁਲਜ਼ਮ ਇਸ ਧੰਦੇ ਕਾਰਨ ਜੇਲ੍ਹਾਂ ਅੰਦਰ ਹਨ। ਇਹ ਵੀ ਹਕੀਕਤ ਹੈ ਕਿ ਇਸ ਪਿੰਡ ਦਾ ਕੋਈ ਹੀ ਅਜਿਹਾ ਘਰ ਹੈ, ਜਿਸ ਦਾ ਇਕ ਜੀਅ ਨਸ਼ਿਆਂ ਦੇ ਧੰਦੇ ਅਧੀਨ ਜੇਲ੍ਹ ਵਿੱਚ ਨਾ ਗਿਆ ਹੋਵੇ। ਪਿੰਡ ਦੇ ਬਜ਼ੁਰਗ ਨੇ ਦੱਸਿਆ ਕਿ ਇਕ ਵੇਲੇ ਜਦੋਂ ਹਿੰਦ-ਪਾਕਿ ਸਰਹੱਦ ‘ਤੇ ਕੰਡਿਆਲੀ ਤਾਰ ਨਹੀਂ ਸੀ ਲੱਗੀ ਤਾਂ ਉਸ ਵੇਲੇ ਤਾਂ ਲੋਕ ਦੁਪਹਿਰ ਵੇਲੇ ਆਪਣੇ ਪਸ਼ੂਆਂ ਨੂੰ ਖੇਤਾਂ ਵਿਚ ਚਰਾਉਣ ਬਹਾਨੇ ਹੀ ਸਮਗਲਿੰਗ ਕਰਦੇ ਸਨ।
ਉਸ ਵੇਲੇ ਅਫੀਮ ਤੇ ਸੋਨੇ ਦੀ ਸਮਗਲਿੰਗ ਹੁੰਦੀ ਸੀ, ਜਿਹੜੀ ਹੁਣ ਹੈਰੋਇਨ ਵਿੱਚ ਤਬਦੀਲ ਹੋ ਗਈ ਹੈ। ਇਕ ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ਦੇ ਸਮਗਲਰਾਂ ਖ਼ਿਲਾਫ਼ 100 ਮਾਮਲੇ ਅਦਾਲਤਾਂ ਵਿਚ ਵਿਚਾਰ ઠਅਧੀਨ ਹਨ।
ਪਿੰਡ ਅੰਦਰ ਨਸ਼ਿਆਂ ਦੇ ਵਿਰੋਧੀ ਇਕ ਦੁਕਾਨਦਾਰ ਬਿੱਟੂ ਖਾਲਸਾ ਨੇ ઠਪਿੰਡ ਅੰਦਰ ਨਸ਼ਿਆਂ ਦਾ ਸੇਵਨ ਕਰਨ ਵਾਲਿਆਂ ਦੀ ਗਿਣਤੀ 45 ਦੇ ਕਰੀਬ ਦੱਸੀ।
10 ਸਾਲ ਤੱਕ ਪੰਚਾਇਤ ਦੀ ਮੈਂਬਰ ਰਹੀ 70 ਸਾਲਾ ਇਕ ਔਰਤ ਨੇ ਦੱਸਿਆ ਕਿ ਭਾਵੇਂ ਪਿੰਡ ਵਿੱਚ ਪੁਲਿਸ ਦੀ ਦਹਿਸ਼ਤ ਹੈ ਪਰ ਪਿੰਡ ਵਿੱਚ ਅਜੇ ਵੀ ਨਸ਼ੇੜੀਆਂ ਦੀ ਕੋਈ ਕਮੀ ਨਹੀਂ। ਪਿੰਡ ਦੀ ਸਰਪੰਚ ਸੁਖਰਾਜ ਕੌਰ ਨੇ ਦੱਸਿਆ ਕਿ ਪਿੰਡ ਦਾ ਇਕ ਨੌਜਵਾਨ ਹੀ ਦੋ ਮਹੀਨਿਆਂ ਦੌਰਾਨ ਕਿਸੇ ਨਸ਼ਾ ਛੁਡਾਊ ਕੇਂਦਰ ਵਿਚ ਜਾ ਕੇ ਇਲਾਜ ਕਰਵਾ ਕੇ ਆਇਆ ਹੈ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …