Breaking News
Home / ਪੰਜਾਬ / ਮੋਦੀ ਨੇ ਦੇਸ਼ ਨੂੰ ਧਰਮ ਤੇ ਜਾਤ-ਪਾਤ ‘ਚ ਵੰਡਿਆ : ਕੈਪਟਨ ਅਮਰਿੰਦਰ

ਮੋਦੀ ਨੇ ਦੇਸ਼ ਨੂੰ ਧਰਮ ਤੇ ਜਾਤ-ਪਾਤ ‘ਚ ਵੰਡਿਆ : ਕੈਪਟਨ ਅਮਰਿੰਦਰ

ਸੁਨੀਲ ਜਾਖੜ ਨੂੰ ਦੱਸਿਆ ਭਵਿੱਖ ਦਾ ਮੁੱਖ ਮੰਤਰੀ
ਪਠਾਨਕੋਟ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭੋਆ ਅਤੇ ਬਟਾਲਾ ਵਿਚ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਦੇ ਹੱਕ ਵਿੱਚ ਕੀਤੀਆਂ ਚੋਣ ਰੈਲੀਆਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਪਰ ਵੋਟਾਂ ਦੀ ਰਾਜਨੀਤੀ ਨੂੰ ਲੈ ਕੇ ਦੇਸ਼ ਨੂੰ ਧਰਮ ਅਤੇ ਜਾਤ-ਪਾਤ ਵਿੱਚ ਵੰਡਣ ਦੀ ਨਿੰਦਾ ਕੀਤੀ। ਉਹ ਅੰਤਰਰਾਸ਼ਟਰੀ ਰਸਾਲੇ ‘ਟਾਈਮ’ ਵੱਲੋਂ ਛਾਪੀ ਗਈ ਰਿਪੋਰਟ ਦਾ ਹਵਾਲਾ ਦੇ ਰਹੇ ਸਨ ਜਿਸ ਵਿੱਚ ਮੋਦੀ ਨੂੰ ਡਿਵਾਈਡਰ-ਇਨ-ਚੀਫ ਦੱਸਿਆ ਗਿਆ ਹੈ।
ਕੈਪਟਨ ਨੇ ਕਿਹਾ ਕਿ ਰਿਪੋਰਟ ਦੇ ਪ੍ਰਕਾਸ਼ਿਤ ਹੋਣ ਨਾਲ ਦੇਸ਼ ਦੀ ਕੌਮਾਂਤਰੀ ਪੱਧਰ ‘ਤੇ ਸਾਖ ਬਹੁਤ ਘਟੀ ਹੈ ਜਦਕਿ ਇੰਦਰਾ ਗਾਂਧੀ, ਰਾਜੀਵ ਗਾਂਧੀ ਅਤੇ ਅਟਲ ਬਿਹਾਰੀ ਵਾਜਪਾਈ ਦੇ ਸਮਿਆਂ ਵਿੱਚ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਰਦਾਰੀ ਹੁੰਦੀ ਸੀ। ਉਨ੍ਹਾਂ ਕਿਹਾ ਕਿ ਮੋਦੀ ਨੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਅਜਿਹੀਆਂ ਕਾਰਵਾਈਆਂ ਕੀਤੀਆਂ ਜਿਸ ਨਾਲ ਪ੍ਰਧਾਨ ਮੰਤਰੀ ਅਹੁਦੇ ਦਾ ਵੱਕਾਰ ਘੱਟ ਗਿਆ। ਉਨ੍ਹਾਂ ਕਿਹਾ ਕਿ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪਾਕਿਸਤਾਨ ਦੇ ਟੋਟੇ ਕੀਤੇ ਸਨ ਪਰ ਉਨ੍ਹਾਂ ਹਮੇਸ਼ਾ ਇਸ ਦਾ ਸਿਹਰਾ ਫ਼ੌਜ ਦੇ ਸਿਰ ਬੰਨ੍ਹਿਆ। ਦੂਜੇ ਪਾਸੇ ਨਰਿੰਦਰ ਮੋਦੀ ਬਾਲਾਕੋਟ ਦੇ ਹਵਾਈ ਹਮਲੇ ਨੂੰ ਆਪਣੀ ਪ੍ਰਾਪਤੀ ਦੱਸ ਰਹੇ ਹਨ ਜਦੋਂ ਕਿ ਇਹ ਹਵਾਈ ਸੈਨਾ ਅਤੇ ਫ਼ੌਜ ਦੀ ਉਪਲੱਬਧੀ ਹੈ।
ਕਾਂਗਰਸ ਉਮੀਦਵਾਰ ਸੁਨੀਲ ਜਾਖੜ ਨੂੰ ਸੁਘੜ, ਸਿਆਣਾ ਅਤੇ ਦੂਰ ਅੰਦੇਸ਼ੀ ਵਾਲਾ ਆਗੂ ਕਰਾਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਆਉਂਦੇ ਸਮੇਂ ਸੁਨੀਲ ਜਾਖੜ ਪੰਜਾਬ ਦਾ ਮੁੱਖ ਮੰਤਰੀ ਹੋਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਦਾ ਉਮੀਦਵਾਰ ਸਨੀ ਦਿਓਲ ਚੋਣਾਂ ਬਾਅਦ ਮੁੰਬਈ ਭੱਜ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਸੰਨੀ ਦਿਓਲ ਕਰਜ਼ੇ ਵਿਚ ਡੁੱਬਿਆ ਹੋਇਆ ਹੈ ਅਤੇ ਭਾਜਪਾ ਨੇ ਉਸ ਨੂੰ ਛਾਪੇ ਮਾਰਨ ਦੀਆਂ ਧਮਕੀਆਂ ਦੇ ਕੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਹੈ।

Check Also

ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਝੂੰਦਾਂ ਕਮੇਟੀ ਦੀ ਰਿਪੋਰਟ ਜਨਤਕ

ਸੁਖਬੀਰ ਸਿੰਘ ਬਾਦਲ ਲਈ ਨਵੀਂ ਮੁਸੀਬਤ ਕੀਤੀ ਖੜ੍ਹੀ ਜਲੰਧਰ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ …