
ਕਿਸਾਨ ਆਗੂ ਰਾਜੇਵਾਲ ਨੇ ਪੀਐਮ ਮੋਦੀ ’ਤੇ ਝੂਠ ਬੋਲਣ ਦੇ ਲਗਾਏ ਇਲਜ਼ਾਮ
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਵਿਚ ਅੱਜ ਬੁੱਧਵਾਰ ਨੂੰ ਸੈਕਟਰ 43 ਦੀ ਦੁਸਹਿਰਾ ਗਰਾਊਂਡ ਵਿਚ ਸੰਯੁਕਤ ਕਿਸਾਨ ਮੋਰਚੇ ਵਲੋਂ ਵੱਡੀ ਰੈਲੀ ਕੀਤੀ ਗਈ। ਇਸ ਰੈਲੀ ਦੌਰਾਨ ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲੰਧਰ ਖੰਡ ਮਿੱਲ ਤੁਰੰਤ ਚਾਲੂ ਨਾ ਕੀਤੀ ਗਈ ਤਾਂ ਭਲਕੇ ਵੀਰਵਾਰ ਨੂੰ ਜਲੰਧਰ ’ਚ ਹਾਈਵੇ ਜਾਮ ਕਰ ਦਿੱਤਾ ਜਾਵੇਗਾ। ਰੈਲੀ ਦੌਰਾਨ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਭਾਰਤ ਸਰਕਾਰ ਅਮਰੀਕਾ ਨਾਲ ਫਰੀ ਟਰੇਡ ਸਮਝੌਤਾ ਕਰਨ ਜਾ ਰਹੀ ਹੈ। ਰਾਜੇਵਾਲ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਝੂਠ ਬੋਲ ਰਹੇ ਹਨ ਕਿ ਉਹ ਖੇਤੀ ਨੂੰ ਆਂਚ ਨਹੀਂ ਆਉਣ ਦੇਣਗੇ। ਕਿਸਾਨ ਰੈਲੀ ਦੌਰਾਨ ਮੰਚ ਤੋਂ ਇਹ ਵੀ ਐਲਾਨ ਹੋਇਆ ਕਿ 28 ਨਵੰਬਰ ਨੂੰ ਐਸ.ਕੇ.ਐਮ. ਦੀ ਮੀਟਿੰਗ ਹੋਵੇਗੀ ਅਤੇ ਮੀਟਿੰਗ ਦੌਰਾਨ ਵੱਡੇ ਅੰਦੋਲਨ ਦਾ ਐਲਾਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਰੈਲੀ ਦੇ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਪਹਿਲੀ ਵਾਰ ਬਿਨਾ ਕਿਸੇ ਸ਼ਰਤ ਤੋਂ ਤਿੰਨ ਘੰਟੇ ਦੀ ਇਜਾਜਤ ਦਿੱਤੀ ਸੀ।

