ਗਗਨਯਾਨ ਲਈ ਚੁਣੇ ਚਾਰ ਪੁਲਾੜ ਯਾਤਰੀਆਂ ਦੇ ਨਾਮਾਂ ਦਾ ਕੀਤਾ ਐਲਾਨ
ਤਿਰੂਵਨੰਤਪੁਰਮ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਰਲ ਦੇ ਤਿਰੂਵਨੰਤਪੁਰਮ ਸਥਿਤ ਵਿਕਰਮ ਸਾਰਾਭਾਈ ਸਪੇਸ ਸੈਂਟਰ ਦਾ ਅੱਜ ਮੰਗਲਵਾਰ ਨੂੰ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਇਸਰੋ ਦੇ ਚੀਫ਼ ਸੋਮਨਾਥ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਮੋਦੀ ਨੇ ਇਥੇ ਲਗਭਗ 1800 ਕਰੋੜ ਰੁਪਏ ਦੇ ਤਿੰਨ ਸਪੇਸ ਪ੍ਰੋਜੈਕਟਾਂ ਦਾ ਉਦਾਘਟਨ ਕੀਤਾ ਅਤੇ ਦੇਸ਼ ਦੇ ਪਹਿਲੇ ਮਨੁੱਖੀ ਸਪੇਸ ਮਿਸ਼ਨ ਗਗਨਯਾਨ ਦਾ ਰਿਵਿਊ ਵੀ ਕੀਤਾ। ਉਨ੍ਹਾਂ ਗਗਨਯਾਨ ਮਿਸ਼ਨ ’ਤੇ ਭੇਜੇ ਜਾਣ ਵਾਲੇ ਐਸਟ੍ਰੋਨਾਟਸ ਦਾ ਨਾਮ ਐਸਟ੍ਰੋਨਾਟਸ ਵਿੰਗ ਰੱਖਿਆ। ਜਿਹੜੇ ਐਸਟ੍ਰੋਨਾਟਸ ਨੂੰ ਗਗਨਯਾਨ ਮਿਸ਼ਨ ’ਤੇ ਭੇਜਿਆ ਜਾਵੇਗਾ ਉਨ੍ਹਾਂ ’ਚ ਗਰੁੱਪ ਕੈਪਟਨ ਪ੍ਰਸ਼ਾਂਤ ਬਾਲਕ੍ਰਿਸ਼ਨਨ ਨਾਇਰ, ਗਰੁੱਪ ਕੈਪਟਨ ਅਜੀਤ ਕ੍ਰਿਸ਼ਨਨ, ਗਰੁੱਪ ਕੈਪਟਨ ਅੰਗਦ ਪ੍ਰਤਾਪ ਅਤੇ ਵਿੰਗ ਕਮਾਂਡਰ ਸੁਭਾਂਸ਼ੂ ਸ਼ੁਕਲਾ ਦਾ ਨਾਮ ਸ਼ਾਮਿਲ ਹੈ। ਧਿਆਨ ਰਹੇ ਕਿ ਭਾਰਤ ਦਾ ਇਹ ਪਹਿਲਾ ਪੁਲਾੜ ਮਿਸ਼ਨ ਹੋਵੇਗਾ, ਜਿਸ ਵਿਚ ਪੁਲਾੜ ਯਾਤਰੀਆਂ ਨੂੰ ਕੁੱਝ ਸਮੇਂ ਲਈ ਪੁਲਾੜ ਵਿਚ ਲਿਜਾਇਆ ਜਾਵੇਗਾ। ਇਸ ਗਗਨਯਾਨ ਮਿਸ਼ਨ ਨੂੰ 2025 ਵਿਚ ਲਾਂਚ ਕੀਤਾ ਜਾਵੇਗਾ।