ਬਠਿੰਡਾ ਦੇ ‘ਆਪ’ ਆਗੂ ਨੂੰ ਪੁੱਛਗਿੱਛ ਲਈ 5 ਮਾਰਚ ਨੂੰ ਦਿੱਲੀ ਸੱਦਿਆ
ਬਠਿੰਡਾ/ਬਿਊਰੋ ਨਿਊਜ਼ : ਪੰਜਾਬ ਦੇ ਜ਼ਿਲ੍ਹਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਆਗੂ ਸਮੇਤ ਹੋਰਨਾਂ ਵਿਅਕਤੀਆਂ ਦੇ ਘਰ ਨੈਸ਼ਨਲ ਜਾਂਚ ਏਜੰਸੀ (ਐਨਆਈਏ) ਵੱਲੋਂ ਛਾਪੇਮਾਰੀ ਕੀਤੀ ਗਈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਐਨਆਈਏ ਦੀ ਟੀਮ ਵੱਲੋਂ ਇਹ ਛਾਪੇਮਾਰੀ ਬਾਲਿਆਂਵਾਲੀ, ਪਥਰਾਲਾ, ਡੂਮਵਾਲੀ ਅਤੇ ਰਾਮਪੁਰਾ ’ਚ ਕੀਤੀ ਗਈ। ਬਠਿੰਡਾ ਜ਼ਿਲ੍ਹੇ ਅਧੀਨ ਆਉਂਦੇ ਸੰਗਤ ਮੰਡੀ ਦੇ ਪਿੰਡ ਡੂਮਵਾਲੀ ’ਚ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਉਰਫ਼ ਨੀਟਾ ਦੇ ਘਰ 3 ਘੰਟੇ ਸਰਚ ਅਪ੍ਰੇਸ਼ਨ ਚਲਾਇਆ ਗਿਆ ਅਤੇ ਇਥੋਂ ਬਰਾਮਦ ਹੋਏ ਕਾਗਜ਼ਾਤ ਟੀਮ ਆਪਣੇ ਨਾਲ ਲੈ ਗਈ। ਐਨਆਈਏ ਨੇ ‘ਆਪ’ ਆਗੂ ਨੂੰ ਪੁੱਛਗਿੱਛ ਲਈ 5 ਮਾਰਚ ਨੂੰ ਦਿੱਲੀ ਸੱਦਿਆ ਹੈ। ਇਸ ਤੋਂ ਇਲਾਵਾ ਪਿੰਡ ਪਥਰਾਲਾ ਦੇ ਸੋਨੂ ਅਤੇ ਉਸ ਦੇ ਪਰਿਵਾਰਕ ਮੈਂਬਰਾਂ, ਫਰੀਦ ਨਗਰਮੰਡੀ ਰਾਮਪੁਰਾ ਦੇ ਇਕਬਾਲ ਸਿੰਘ ਨਾਮੀ ਨੌਜਵਾਨ ਦੇ ਘਰ ਵੀ ਐਨਆਈਏ ਦੀ ਟੀਮ ਨੇ ਛਾਪੇਮਾਰੀ ਕੀਤੀ। ਜਦਕਿ ਬਾਲਿਆਂਵਾਲੀ ਅਤੇ ਜੱਗੀ ਖਾਨ ਨਿਵਾਸੀ ਕੋਟਰਾ ਕੋਰਾ ਦੇ ਘਰ ਕੀਤੀ ਰੇਡ ਤੋਂ ਬਾਅਦ ਐਨਆਈਏ ਦੀ ਟੀਮ ਜੱਗੀ ਖਾਨ ਦੇ ਭਰਾ ਸੋਨੀ ਖਾਨ ਨੂੰ ਆਪਣੇ ਨਾਲ ਲੈ ਗਈ।