
ਕਫ ਸਿਰਪ ਨਾਲ 68 ਬੱਚਿਆਂ ਦੀ ਮੌਤ ਦਾ ਮਾਮਲਾ
ਨਵੀਂ ਦਿੱਲੀ/ਬਿਊਰੋ ਨਿਊਜ਼
ਉਜਬੇਕਿਸਤਾਨ ਦੀ ਸੁਪਰੀਮ ਕੋਰਟ ਨੇ ਇੰਡੀਅਨ ਕਫ ਸਿਰਪ ਪੀਣ ਨਾਲ 68 ਬੱਚਿਆਂ ਦੀ ਹੋਈ ਮੌਤ ਦੇ ਮਾਮਲੇ ਵਿਚ 21 ਵਿਅਕਤੀਆਂ ਨੂੰ ਸਜ਼ਾ ਸੁਣਾਈ ਹੈ। ਮੀਡੀਆ ਦੀ ਰਿਪੋਰਟ ਮੁਤਾਬਕ ਇਨ੍ਹਾਂ ਸਾਰੇ 21 ਵਿਅਕਤੀਆਂ ਨੂੰ 20 ਸਾਲ ਦੀ ਸਖਤ ਸਜ਼ਾ ਸੁਣਾਈ ਗਈ ਹੈ। ਇਸ ਵਿਚ ਭਾਰਤੀ ਬਿਜਨਸਮੈਨ ਰਾਘਵੇਂਦਰ ਪ੍ਰਤਾਪ ਵੀ ਸ਼ਾਮਲ ਹੈ। ਉਸ ਨੂੰ ਭਿ੍ਰਸ਼ਟਾਚਾਰ, ਧੋਖਾਧੜੀ ਅਤੇ ਜਾਲਸਾਜ਼ੀ ਦਾ ਦੋਸ਼ੀ ਪਾਇਆ ਗਿਆ ਹੈ। ਧਿਆਨ ਰਹੇ ਕਿ ਉਜਬੇਕਿਸਤਾਨ ਵਿਚ 2022 ਅਤੇ 2023 ਦੌਰਾਨ ਕਰੀਬ 86 ਬੱਚਿਆਂ ਨੂੰ ਇਹ ਸਿਰਪ ਪਿਲਾਇਆ ਗਿਆ ਸੀ ਅਤੇ ਇਨ੍ਹਾਂ ਵਿਚੋਂ 68 ਬੱਚਿਆਂ ਦੀ ਮੌਤ ਹੋ ਗਈ ਸੀ। ਮਿ੍ਰਤਕ ਬੱਚਿਆਂ ਦੇ ਪਰਿਵਾਰਾਂ ਦੀ ਸ਼ਿਕਾਇਤ ’ਤੇ ਉਜਬੇਕਿਸਤਾਨ ਪੁਲਿਸ ਨੇ ਕੇਸ ਦਰਜ ਕਰਕੇ ਅਦਾਲਤ ਵਿਚ ਚਾਰਜਸ਼ੀਟ ਦਾਇਰ ਕੀਤੀ ਸੀ। ਇਸ ਵਿਚ ਉਜਬੇਕਿਸਤਾਨ ਵਿਚ ਡੌਕ-1 ਮੈਕਸ ਸਿਰਪ ਵੇਚਣ ਵਾਲੀ ਕੰਪਨੀ ਦੇ ਡਾਇਰੈਕਟਰ ਰਾਘਵੇਂਦਰ ਪ੍ਰਤਾਪ ਨੂੰ ਵੀ ਆਰੋਪੀ ਬਣਾਇਆ ਗਿਆ ਸੀ। ਉਸ ’ਤੇ ਲਾਪਰਵਾਹੀ, ਧੋਖਾਧੜੀ ਸਣੇ ਹੋਰ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਸਿਰਪ ਨੂੰ ਲੈ ਕੇ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਵੀ ਅਲਰਟ ਜਾਰੀ ਕਰ ਦਿੱਤਾ ਸੀ।