
ਰੂਸ ਖਿਲਾਫ ਪਾਬੰਦੀਆਂ ਨਾਲ ਜੁੜੇ ਬਿੱਲ ਨੂੰ ਟਰੰਪ ਨੇ ਦਿੱਤੀ ਮਨਜੂਰੀ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਦੇ ਖਿਲਾਫ ਸਖਤ ਪਾਬੰਦੀਆਂ ਨਾਲ ਜੁੜੇ ਇਕ ਬਿੱਲ ਨੂੰ ਮਨਜੂਰੀ ਦੇ ਦਿੱਤੀ ਹੈ। ਅਮਰੀਕਾ ਦੇ ਮੀਡੀਆ ਮੁਤਾਬਕ ਇਸ ਬਿੱਲ ਵਿਚ ਰੂਸ ਕੋਲੋਂ ਤੇਲ ਖਰੀਦਣ ਵਾਲੇ ਦੇਸ਼ਾਂ ਖਾਸਕਰ ਭਾਰਤ, ਚੀਨ ਅਤੇ ਬ੍ਰਾਜ਼ੀਲ ’ਤੇ 500 ਫੀਸਦੀ ਤੱਕ ਟੈਰਿਫ ਲਗਾਉਣ ਦਾ ਅਨੁਮਾਨ ਹੈ। ਰਿਪਬਲੀਕਨ ਸੀਨੇਟਰ ਲਿੰਡਸੇ ਗ੍ਰਾਹਮ ਨੇ ਦੱਸਿਆ ਕਿ ਵਾਈਟ ਹਾਊਸ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲਬਾਤ ਹੋਈ ਹੈ, ਜਿਸ ਦੌਰਾਨ ਟਰੰਪ ਨੇ ਸੰਸਦ ’ਚ ਬਿੱਲ ਪੇਸ਼ ਕਰਨ ਲਈ ਹਰੀ ਝੰਡੀ ਦੇ ਦਿੱਤੀ। ਇਹ ਬਿੱਲ ਪਿਛਲੇ ਕਈ ਮਹੀਨਿਆਂ ਤੋਂ ਤਿਆਰ ਕੀਤਾ ਜਾ ਰਿਹਾ ਸੀ ਅਤੇ ਇਸ ਨੂੰ ਅਗਲੇ ਹਫਤੇ ਸੰਸਦ ਵਿਚ ਵੋਟਿੰਗ ਲਈ ਲਿਆਂਦਾ ਜਾ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਬਿੱਲ ਦਾ ਮਕਸਦ ਉਨ੍ਹਾਂ ਦੇਸ਼ਾਂ ’ਤੇ ਦਬਾਅ ਬਣਾਉਣਾ ਹੈ, ਜੋ ਯੂਕਰੇਨ ਤੇ ਰੂਸ ਵਿਚਾਲੇ ਯੁੱਧ ਦੌਰਾਨ ਰੂਸ ਤੋਂ ਸਸਤਾ ਕੱਚਾ ਤੇਲ ਖਰੀਦ ਰਹੇ ਹਨ। ਅਮਰੀਕਾ ਦਾ ਇਲਜ਼ਾਮ ਹੈ ਕਿ ਇਸ ਨਾਲ ਰੂਸ ਨੂੰ ਯੁੱਧ ਲੜਨ ਵਿਚ ਮੱਦਦ ਮਿਲ ਰਹੀ ਹੈ।

