ਫੌਜ ਵਿਚ ਪੱਕੇ ਹੋਣ ਦਾ ਮਿਲੇਗਾ ਮੌਕਾ
ਨਵੀਂ ਦਿੱਲੀ : ਭਾਰਤੀ ਹਥਿਆਰਬੰਦ ਫੌਜਾਂ ਵਿਚ ਜਵਾਨਾਂ ਦੀ ਭਰਤੀ ਲਈ ਚੱਲ ਰਹੀ ‘ਅਗਨੀਪੱਥ’ ਸਕੀਮ ਵਿਚ ਵੱਡਾ ਫੇਰਬਦਲ ਕਰਦਿਆਂ ਚੀਫ ਆਫ ਡਿਫੈਂਸ ਸਟਾਫ ਜਨਰਲ ਐਨ.ਐਸ. ਰਾਜਾ ਸੁਬਰਾਮਣੀ ਨੇ ਐਲਾਨ ਕੀਤਾ ਹੈ ਕਿ ਇਸੇ ਸਾਲ ਦਸੰਬਰ ਮਹੀਨੇ ਵਿਚ ਆਪਣਾ ਚਾਰ ਸਾਲਾ ਕਾਰਜਕਾਲ ਪੂਰਾ ਕਰਨ ਵਾਲੇ ਸਾਰੇ ‘ਅਗਨੀਵੀਰਾਂ’ ਦੀਆਂ ਸੇਵਾਵਾਂ ਵਿਚ ਦੋ ਸਾਲ ਦਾ ਵਾਧਾ ਕੀਤਾ ਜਾਵੇਗਾ।
ਚੀਫ ਆਫ ਡਿਫੈਂਸ ਸਟਾਫ ਜਨਰਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਹੋਈ ਕੇਂਦਰੀ ਕੈਬਨਿਟ ਦੀ ਬੈਠਕ ਵਿਚ ਲਏ ਗਏ ਫੈਸਲੇ ਦੀ ਜਾਣਕਾਰੀ ਦੇ ਰਹੇ ਸਨ। ਉਨ੍ਹਾਂ ਦੱਸਿਆ ਕਿ ਮੌਜੂਦਾ ਨੀਤੀ ਅਨੁਸਾਰ ਚਾਰ ਸਾਲ ਪਹਿਲਾਂ ਠੇਕੇ ‘ਤੇ ਲਏ ਗਏ ਜਵਾਨਾਂ ਵਿਚੋਂ 25 ਫੀਸਦੀ ਨੂੰ ਹਥਿਆਰਬੰਦ ਫੌਜਾਂ ਵਿਚ ਪੱਕੇ ਤੌਰ ‘ਤੇ ਸ਼ਾਮਲ ਕੀਤਾ ਜਾਣਾ ਸੀ।
ਜਨਰਲ ਸੁਬਰਾਮਣੀ ਨੇ ਦੱਸਿਆ ਕਿ ਐਲਾਨੇ ਗਏ ਬਦਲਾਅ ਬਾਕੀ ਰਹਿੰਦੇ 75 ਫੀਸਦੀ ਜਵਾਨਾਂ ‘ਤੇ ਲਾਗੂ ਹੋਣਗੇ, ਜਿਨ੍ਹਾਂ ਨੇ ਦਸੰਬਰ ਮਹੀਨੇ ਵਿਚ ਫੌਜ ਤੋਂ ਬਾਹਰ ਹੋਣਾ ਸੀ। ਇਨ੍ਹਾਂ ਬਾਹਰ ਜਾਣ ਵਾਲੇ ਜਵਾਨਾਂ ਨੂੰ ਦੋ ਸਾਲਾਂ ਦੀ ਦੂਜੀ ਸੇਵਾ ਅਵਧੀ ਦਿੱਤੀ ਜਾਵੇਗੀ।

