
ਅਮਰੀਕਾ ਵਿਚ ਬਦਲੇਗਾ ਸੱਤਾ ਦਾ ਸਮੀਕਰਨ
ਨਵੀਂ ਦਿੱਲੀ/ਬਿਊਰੋ ਨਿਊਜ਼
ਆਸਟਰੇਲੀਆ ਲਈ ਅਮਰੀਕਾ ਦੀਆਂ ਮੱਧਕਾਲੀ ਚੋਣਾਂ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਾਰਟੀ ਨੂੰ ਲੱਗਾ ਝਟਕਾ ਸਿਰਫ ਵਿਦੇਸ਼ੀ ਸਿਆਸੀ ਘਟਨਾ ਨਹੀਂ ਹੈ, ਸਗੋਂ ਵਪਾਰ, ਰੱਖਿਆ ਅਤੇ ਆਰਥਿਕਤਾ ਨਾਲ ਜੁੜਿਆ ਅਹਿਮ ਮਾਮਲਾ ਹੈ। ਆਸਟਰੇਲੀਆ ਕੌਮੀ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਸਬੰਧਾਂ ਦੇ ਮਾਹਿਰ ਵੇਸਲੀ ਵਿਡਮਾਇਰ ਅਨੁਸਾਰ, ਇਨ੍ਹਾਂ ਨਤੀਜਿਆਂ ਨਾਲ ਅਮਰੀਕੀ ਰਾਸ਼ਟਰਪਤੀ ਦੀਆਂ ਨੀਤੀਆਂ ਨੂੰ ਲਾਗੂ ਕਰਨ ਦੀ ਸਮਰੱਥਾ ਪ੍ਰਭਾਵਿਤ ਹੋ ਸਕਦੀ ਹੈ। ਅਮਰੀਕਾ ਵਿਚ ਡੈਮੋਕਰੇਟਿਕ ਪਾਰਟੀ ਦੀ ਮਜ਼ਬੂਤੀ ਨਾਲ ਟਰੰਪ ਦੀਆਂ ਨੀਤੀਆਂ ’ਤੇ ਸੰਸਦੀ ਨਿਗਰਾਨੀ ਵਧਣ ਦੀ ਸੰਭਾਵਨਾ ਹੈ। ਇਸਦਾ ਸਿੱਧਾ ਅਸਰ ਆਸਟਰੇਲੀਆ ਨਾਲ ਅਮਰੀਕਾ ਦੇ ਵਪਾਰਕ ਸਬੰਧਾਂ ਅਤੇ ਰੱਖਿਆ ਸਹਿਯੋਗ ’ਤੇ ਪੈ ਸਕਦਾ ਹੈ। ਆਸਟਰੇਲੀਆ ਦੇ ਵਿੱਤ ਮੰਤਰੀ ਜਿਮ ਚੈਲਮਰਜ਼ ਨੇ ਵੀ ਅਮਰੀਕੀ ਚੋਣਾਂ ਦੇ ਆਰਥਿਕ ਪ੍ਰਭਾਵਾਂ ਵੱਲ ਧਿਆਨ ਦਿਵਾਇਆ ਹੈ। ਵਪਾਰਕ ਟੈਕਸਾਂ, ਮਹਿੰਗਾਈ ਅਤੇ ਊਰਜਾ ਕੀਮਤਾਂ ਵਿਚ ਉਤਰਾਅ-ਚੜ੍ਹਾਅ ਆਸਟਰੇਲੀਆਈ ਲੋਕਾਂ ਦੀ ਜੇਬ ’ਤੇ ਅਸਰ ਪਾ ਸਕਦੇ ਹਨ। ਇਸ ਲਈ ਵਾਸ਼ਿੰਗਟਨ ਦੇ ਸੱਤਾ ਸਮੀਕਰਨ ਕੈਨਬਰਾ ਲਈ ਵੀ ਬੇਹੱਦ ਮਹੱਤਵਪੂਰਨ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਦੀਆਂ ਮੱਧਕਾਲੀ ਚੋਣਾਂ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਨੂੰ ਹਾਰ ਨਸੀਬ ਹੋਈ ਹੈ ਅਤੇ ਡੈਮੋਕਰੇਟਾਂ ਨੇ ਇਨ੍ਹਾਂ ਚੋਣਾਂ ਵਿਚ ਜਿੱਤ ਹਾਸਲ ਕੀਤੀ ਹੈ।

