Breaking News
Home / ਭਾਰਤ / ਸਿਆਸਤ ਦੀ ਥਾਂ ਕੌਮੀ ਹਿੱਤ ਪ੍ਰਮੁੱਖ: ਮੋਦੀ

ਸਿਆਸਤ ਦੀ ਥਾਂ ਕੌਮੀ ਹਿੱਤ ਪ੍ਰਮੁੱਖ: ਮੋਦੀ

6ਅੰਤਰਰਾਜੀ ਕੌਂਸਲ ਦੀ ਮੀਟਿੰਗ ਦੌਰਾਨ ਮੁੱਖ ਮੰਤਰੀਆਂ ਨੂੰ ਕੀਤਾ ਸੰਬੋਧਨ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਸ਼ਵ ਵਿੱਚ ਜੋ ਕੁੱਝ ਵਾਪਰ ਰਿਹਾ ਹੈ, ਉਸ ਨੂੰ ਭਾਰਤ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਅੰਤਰਰਾਜੀ ਕੌਂਸਲ ਦੀ ਮੀਟਿੰਗ ਦੌਰਾਨ ਉਨ੍ਹਾਂ ਅਪੀਲ ਕੀਤੀ ਕਿ ਕੌਮੀ ਸੁਰੱਖਿਆ ਦੇ ਹਿੱਤ ਵਿੱਚ ਅੱਤਵਾਦ ਨਾਲ ਸਿੱਝਣ ਲਈ ਸਿਆਸਤ ਨੂੰ ਲਾਂਭੇ ਰੱਖਿਆ ਜਾਵੇ। ਸੂਬਿਆਂ ਨੂੰ ਖ਼ੁਫ਼ੀਆ ਸੂਚਨਾ ਦੇ ਵਟਾਂਦਰੇ ਉਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਕਰਦਿਆਂ ਮੋਦੀ ਨੇ ਕਿਹਾ ਇਸ ਨਾਲ ਅੰਦਰੂਨੀ ਸੁਰੱਖਿਆ ਨੂੰ ਦਰਪੇਸ਼ ਚੁਣੌਤੀਆਂ ਨਾਲ ਸਿੱਝਣ ਲਈ ਦੇਸ਼ ਨੂੰ ਚੌਕਸ ਰੱਖਣ ਵਿੱਚ ਮਦਦ ਮਿਲੇਗੀ। ਦਸ ਸਾਲਾਂ ਦੇ ਵਕਫ਼ੇ ਮਗਰੋਂ ਹੋਈ ਕੌਂਸਲ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਮੁੱਖ ਮੰਤਰੀਆਂ ਨੂੰ ਦੱਸਿਆ ਕਿ ਸਾਨੂੰ ਇਸ ਗੱਲ ਉਤੇ ਧਿਆਨ ਦੇਣਾ ਚਾਹੀਦਾ ਹੈ ਕਿ ਅੰਦਰੂਨੀ ਸੁਰੱਖਿਆ ਚੁਣੌਤੀਆਂ ਨਾਲ ਸਿੱਝਣ ਲਈ ਦੇਸ਼ ਨੂੰ ਕਿਵੇਂ ਤਿਆਰ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਅੰਦਰੂਨੀ ਸੁਰੱਖਿਆ ਨੂੰ ਉਦੋਂ ਤੱਕ ਮਜ਼ਬੂਤ ਨਹੀਂ ਕੀਤਾ ਜਾ ਸਕਦਾ, ਜਦੋਂ ਤੱਕ ਰਾਜਾਂ ਤੇ ਕੇਂਦਰ ਵਿਚਾਲੇ ਖ਼ੁਫ਼ੀਆ ਸੂਚਨਾ ਦਾ ਵਟਾਂਦਰਾ ਨਹੀਂ ਹੁੰਦਾ। ਸਾਨੂੰ ਹਮੇਸ਼ਾ ਚੌਕਸ ਤੇ ਖ਼ਬਰਦਾਰ ਰਹਿਣਾ ਪਵੇਗਾ। ਸਾਰੇ ਰਾਜਾਂ ਦੇ ਮੁੱਖ ਮੰਤਰੀ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਉਪ ਰਾਜਪਾਲ ਅਤੇ 17 ਕੇਂਦਰੀ ਮੰਤਰੀ ਇਸ ਅੰਤਰਰਾਜੀ ਕੌਂਸਲ ਦੇ ਮੈਂਬਰ ਹਨ।
ਦੋ ਸਾਲ ਪਹਿਲਾਂ ਅਹੁਦਾ ਸੰਭਾਲਣ ਵਾਲੇ ਮੋਦੀ ਨੇ ਪਹਿਲੀ ਵਾਰ ਇਕੋ ਮੰਚ ਉਤੇ ਮੁੱਖ ਮੰਤਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨੇੜਲੇ ਸਹਿਯੋਗ ਨਾਲ ਅਸੀਂ ਨਾ ਸਿਰਫ਼ ਕੇਂਦਰ ਤੇ ਰਾਜਾਂ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਕਰਾਂਗੇ, ਸਗੋਂ ਨਾਗਰਿਕਾਂ ਲਈ ਬਿਹਤਰ ਭਵਿੱਖ ਵੀ ਯਕੀਨੀ ਬਣੇਗਾ। ਮੀਟਿੰਗ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ, ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮੱਈਆ, ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਅਤੇ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਹਾਜ਼ਰ ਨਹੀਂ ਹੋਏ, ਜਦੋਂ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਇਕ ਦੂਜੇ ਨਾਲ ਹੱਥ ਮਿਲਾਉਂਦੇ ਸਮੇਂ ਮੁਸਕੜੀਏ ਹਸਦੇ ਦੇਖੇ ਗਏ। ਪੰਜਾਬ ਵੱਲੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਹਾਜ਼ਰੀ ਭਰੀ।
ਮੋਦੀ ਨੇ ਕਿਹਾ ਕਿ ਰਾਸ਼ਟਰ ਤਾਂ ਹੀ ਤਰੱਕੀ ਕਰ ਸਕਦਾ ਹੈ, ਜੇ ਕੇਂਦਰ ਤੇ ਸੂਬਾ ਸਰਕਾਰਾਂ ਮੋਢੇ ਨਾਲ ਮੋਢਾ ਜੋੜ ਕੇ ਚੱਲਣ।
ਇਕੱਲੀ ਸਰਕਾਰ ਹੀ ਕੋਈ ਸਕੀਮ ਸਫ਼ਲਤਾਪੂਰਵਕ ਲਾਗੂ ਨਹੀਂ ਕਰ ਸਕਦੀ। ਸਕੀਮ ਲਈ ਵਿੱਤੀ ਸਰੋਤ ਮੁਹੱਈਆ ਕਰਨ ਦੇ ਨਾਲ-ਨਾਲ ਇਸ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਵੀ ਅਹਿਮ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਕੁੱਝ ਕੁ ਮੌਕੇ ਹੀ ਅਜਿਹੇ ਹੁੰਦੇ ਹਨ, ਜਦੋਂ ਕੇਂਦਰ ਤੇ ਸੂਬਾ ਸਰਕਾਰਾਂ ਇਕੱਠੀਆਂ ਹੁੰਦੀਆਂ ਹਨ।
ਕੇਂਦਰ ਸੂਬਿਆਂ ਦੇ ਹੱਕ ਤੇ ਅਧਿਕਾਰ ਰਿਹਾ ਹੈ ਘਟਾ : ਸੁਖਬੀਰ ਬਾਦਲ
ਨਵੀਂ ਦਿੱਲੀ: ਪੰਜਾਬ ਦੇ ਉਪ ਮੁੱਖ ਮੰਤਰੀ ઠਸੁਖਬੀਰ ਸਿੰਘ ਬਾਦਲ ਨੇ ਦੇਸ਼ ਵਿੱਚ ਅਜਿਹੇ ਅਸਰਦਾਰ ਸੰਘੀ ਢਾਂਚੇ ਦੀ ਲੋੜ ‘ਤੇ ਜ਼ੋਰ ਦਿੱਤਾ ਹੈ, ਜਿਸ ਨਾਲ ਸੂਬਿਆਂ ਨੂੰ ਜ਼ਿਆਦਾ ਵਿੱਤੀ ਤੇ ਸਿਆਸੀ ਤਾਕਤਾਂ ਮਿਲ ਸਕਣ। ਉਨ੍ਹਾਂ ਕਿਹਾ ਕਿ ਕੇਂਦਰ ਸੂਬਿਆਂ ਦੇ ਹੱਕਾਂ ਤੇ ਅਧਿਕਾਰਾਂ ਨੂੰ ਘਟਾ ਰਿਹਾ ਹੈ, ਜੋ ਸੰਵਿਧਾਨਕ ਭਾਵਨਾ ਦੇ ਉਲਟ ਹੈ। ਇੱਥੇ 11ਵੀਂ ਅੰਤਰਰਾਜੀ ਕੌਂਸਲ ਦੀ ਮੀਟਿੰਗ ਵਿੱਚ ਕੇਂਦਰ-ਸੂਬਾ ਸਬੰਧਾਂ ਦੇ ਮਹੱਤਵਪੂਰਨ ਪਹਿਲੂਆਂ ਬਾਰੇ ਗੱਲ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਇਹ ਆਮ ਸਹਿਮਤੀ ਬਣੀ ਹੈ ਕਿ ਅਧਿਕਾਰਾਂ ਦੇ ਕੇਂਦਰੀਕਰਨ ਦਾ ਰੁਝਾਨ ਹਾਲੇ ਵੀ ਜਾਰੀ ਹੈ।
ਉਨ੍ਹਾਂ ਕਿਹਾ ਕਿ ਆਪਣੇ ਲੋਕਾਂ ਦੀ ਤਰੱਕੀ ਲਈ ਸੂਬਿਆਂ ਨੂੰ ਜ਼ਿਆਦਾ ਆਜ਼ਾਦੀ ਦਿੱਤੀ ਜਾਣੀ ਚਾਹੀਦੀ ਹੈ, ਬਹੁਤੇ ਮਸਲਿਆਂ ‘ਤੇ ਸੂਬਿਆਂ ਦੇ ਅਧਿਕਾਰ ਚੁੱਪ-ਚਾਪ ਖੋਹ ਕੇ ਸਮਵਰਤੀ ਸੂਚੀ ਵਿੱਚ ਪਾ ਦਿੱਤੇ ਜਾਂਦੇ ਹਨ ਅਤੇ ਫਿਰ ਸਮਵਰਤੀ ਸੂਚੀ ਤੋਂ ਇਹ ਕੇਂਦਰ ਕੋਲ ਜਾ ਰਹੇ ਹਨ, ਜੋ ਸੰਵਿਧਾਨਕ ਤੌਰ ‘ਤੇ ਵੀ ਗਲਤ ਹੈ।
ਪ੍ਰਧਾਨ ਮੰਤਰੀ ਮੋਦੀ ਦੀ ਮੀਟਿੰਗ ‘ਚ ਸ਼ਾਮਲ ਹੋਣ ਗਏ ਕੇਜਰੀਵਾਲ ਦਾ ਮੋਬਾਇਲ ਬਾਹਰ ਰਖਵਾਇਆ
ਨਵੀਂ ਦਿੱਲੀ/ਬਿਊਰੋ ਨਿਊਜ਼
ਅਰਵਿੰਦ ਕੇਜਰੀਵਾਲ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਨਿਸ਼ਾਨਾ ਸਾਧਿਆ ਹੈ। ਕੇਜਰੀਵਾਲ ਨੇ ਦੋਸ਼ ਲਾਇਆ ਹੈ ਕਿ ਇੰਟਰ ਸਟੇਟ ਕੌਂਸਲ ਦੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਜਦੋਂ ਉਹ ਮੀਟਿੰਗ ਹਾਲ ਵਿੱਚ ਗਏ ਤਾਂ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨੂੰ ਫ਼ੋਨ ਨਹੀਂ ਲੈ ਕੇ ਜਾਣ ਦਿੱਤਾ। ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਜਰੀਵਾਲ ਨੇ ਇਨ੍ਹਾਂ ਗੱਲ ਦਾ ਪ੍ਰਗਟਾਵਾ ਕੀਤਾ। ਮੀਟਿੰਗ ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਫ਼ੋਨ ਬਾਹਰ ਰੱਖਣ ਲਈ ਆਖਿਆ ਗਿਆ ਸੀ ਪਰ ਉਨ੍ਹਾਂ ਵੱਲੋਂ ਵਿਰੋਧ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਫ਼ੋਨ ਲੈ ਕੇ ਜਾਣ ਦੀ ਆਗਿਆ ਦੇ ਦਿੱਤੀ ਗਈ। ਕੇਜਰੀਵਾਲ ਦਾ ਦੋਸ਼ ਹੈ ਜਦੋਂ ਉਨ੍ਹਾਂ ਨੇ ਫ਼ੋਨ ਅੰਦਰ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਇਸ ਗੱਲ ਦੀ ਉਨ੍ਹਾਂ ਨੂੰ ਮਨਾਹੀ ਕਰ ਦਿੱਤੀ ਗਈ। ਜ਼ਿਕਰਯੋਗ ਹੈ ਕਿ ਇੰਟਰ ਸਟੇਟ ਕੌਂਸਲ ਦੀ ਮੀਟਿੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ 16 ਜੁਲਾਈ ਨੂੰ ਦਿੱਲੀ ਵਿੱਚ ਹੋਈ ਸੀ। ਕੇਜਰੀਵਾਲ ਨੇ ਇੱਕ ਵਾਰ ਫਿਰ ਤੋਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਉਨ੍ਹਾਂ ਨੂੰ ਦਿੱਲੀ ਵਿੱਚ ਕੰਮ ਨਹੀਂ ਕਰਨ ਦੇ ਰਹੀ।

Check Also

ਵਾਈਸ ਐਡਮਿਰਲ ਦਿਨੇਸ਼ ਤਿ੍ਪਾਠੀ ਭਾਰਤੀ ਜਲ ਸੈਨਾ ਦੇ ਅਗਲੇ ਮੁਖੀ ਹੋਣਗੇ

30 ਅਪ੍ਰੈਲ ਨੂੰ ਅਹੁਦਾ ਸੰਭਾਲਣਗੇ ਤਿ੍ਪਾਠੀ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਜਲ ਸੈਨਾ ਦੇ ਅਗਲੇ ਮੁਖੀ …