ਰਾਜ ਸਭਾ ‘ਚ ਹੰਗਾਮਾ, ਭਾਜਪਾ ਆਗੂ ਨੂੰ ਪਾਰਟੀ ‘ਚੋਂ ਕੱਢਿਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਸਦ ਦੇ ਦੋਹਾਂ ਸਦਨਾਂ ਲੋਕ ਸਭਾ ਅਤੇ ਰਾਜ ਸਭਾ ਵਿਚ ਦਲਿਤਾਂ ਦੇ ਮੁੱਦੇ ‘ਤੇ ਹੁਕਮਰਾਨ ਧਿਰ ਭਾਜਪਾ ਬਚਾਅ ਦੀ ਮੁਦਰਾ ਵਿੱਚ ਨਜ਼ਰ ਆਈ। ਗੁਜਰਾਤ ਦੇ ਊਨਾ ਵਿਚ ਦਲਿਤਾਂ ‘ਤੇ ਤਸ਼ੱਦਦ ਦਾ ਮਾਮਲਾ ਅਜੇ ਠੰਢਾ ਵੀ ਨਹੀਂ ਪਿਆ ਸੀ ਕਿ ਉੱਤਰ ਪ੍ਰਦੇਸ਼ ਦੇ ਭਾਜਪਾ ਆਗੂ ਵੱਲੋਂ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਖ਼ਿਲਾਫ਼ ਮਾੜੀ ਸ਼ਬਦਾਵਲੀ ਤੋਂ ਇਹ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਆ ਗਈ। ਰਾਜ ਸਭਾ ਵਿਚ ਸੱਤਾਧਾਰੀ ਧਿਰ ਭਾਜਪਾ ਸਮੇਤ ਪੂਰੇ ਸਦਨ ਨੇ ਮਾਇਆਵਤੀ ਖ਼ਿਲਾਫ਼ ਵਰਤੀ ਗਈ ਸ਼ਬਦਾਵਲੀ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕੀਤੀ। ਇਸ ਤੋਂ ਸੰਤੁਸ਼ਟ ਨਾ ਹੁੰਦਿਆਂ ਬਸਪਾ ਦੇ ਮੈਂਬਰਾਂ ਸਮੇਤ ਸਾਰੀ ਵਿਰੋਧੀ ਧਿਰ ਨੇ ਚੇਅਰਮੈਨ ਦੇ ਆਸਣ ਨੂੰ ਘੇਰ ਲਿਆ ਅਤੇ ਇਨਸਾਫ਼ ਲਈ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਆਸਣ ‘ਤੇ ਬਿਰਾਜਮਾਨ ਉਪ ਚੇਅਰਮੈਨ ਪੀ ਜੇ ਕੁਰੀਅਨ ਨੇ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦ ਉਹ ਨਾ ਮੰਨੇ ਤਾਂ ਸਦਨ ਦੀ ਕਾਰਵਾਈ ਅਗਲੇ ਦਿਨ ਤਕ ਉਠਾ ਦਿੱਤੀ ਗਈ। ਉਂਜ ਮਾਮਲਾ ਭਖਦਾ ਵੇਖ ਕੇ ਭਾਜਪਾ ਨੇ ਯੂਪੀ ਦੇ ਉਪ ਪ੍ਰਧਾਨ ਦਯਾ ਸ਼ੰਕਰ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਅਤੇ ਉਸ ਨੇ ਮੁਆਫ਼ੀ ਮੰਗਦਿਆਂ ਕਿਹਾ ਕਿ ਜ਼ੁਬਾਨ ਫਿਸਲਣ ਕਾਰਨ ਉਹ ਮੰਦਾ ਬੋਲ ਗਏ ਵੈਸੇ ਉਹ ਮਾਇਆਵਤੀ ਦਾ ਸਤਿਕਾਰ ਕਰਦੇ ਹਨ। ਉਧਰ ਲੋਕ ਸਭਾ ਵਿਚ ਜਦੋਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਗੁਜਰਾਤ ਵਿਚ ਦਲਿਤਾਂ ‘ਤੇ ਤਸ਼ੱਦਦ ਦੇ ਮਾਮਲੇ ਵਿਚ ਸੂਬਾ ਸਰਕਾਰ ਦਾ ਪੱਖ ਪੂਰਦਿਆਂ ਕਾਂਗਰਸ ਸਰਕਾਰਾਂ ਸਮੇਂ ਦਲਿਤਾਂ ‘ਤੇ ਵੱਧ ਤਸ਼ੱਦਦ ਹੋਣ ਦਾ ਮਾਮਲਾ ਚੁਕਿਆ ਤਾਂ ਕਾਂਗਰਸ, ਬਸਪਾ ਅਤੇ ਟੀਐਮਸੀ ਨੇ ਸਦਨ ਵਿਚੋਂ ਵਾਕ ਆਊਟ ਕਰ ਦਿੱਤਾ। ਸੂਤਰਾਂ ਨੇ ਕਿਹਾ ਕਿ ਦਯਾਸ਼ੰਕਰ ਦੇ ਵਿਵਾਦ ਤੋਂ ਬਾਅਦ ਭਾਜਪਾ ਆਗੂਆਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਉਹ ਆਪਣੇ ਸ਼ਬਦਾਂ ‘ਤੇ ਵੱਧ ਧਿਆਨ ਦੇਣ। ਉੱਤਰ ਪ੍ਰਦੇਸ਼ ਅਜਿਹਾ ਸੂਬਾ ਹੈ ਜਿਥੇ ਭਾਜਪਾ ਦਲਿਤਾਂ ਨੂੰ ਭਰਮਾਉਣ ਦੀ ਕੋਸ਼ਿਸ਼ ਵਿਚ ਲੱਗੀ ਹੋਈ ਹੈ ਜਦਕਿ ਜ਼ਿਆਦਾਤਰ ਭਾਈਚਾਰਾ ਮਾਇਆਵਤੀ ਦੀ ਪਾਰਟੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਯੂਪੀ ਦੀ ਸਾਬਕਾ ਮੁੱਖ ਮੰਤਰੀ ਦੀ ਤੁਲਨਾ ‘ਵੇਸਵਾ’ ਨਾਲ ਕਰਨ ‘ਤੇ ਦਲਿਤ ਵੋਟ ਬੈਂਕ ਭਾਜਪਾ ਤੋਂ ਥਿੜਕ ਸਕਦਾ ਹੈ। ਸਦਨ ਦੇ ਆਗੂ ਅਰੁਣ ਜੇਤਲੀ ਨੇ ਕਿਹਾ ਕਿ ਉਹ ਆਪਣੀ ਪਾਰਟੀ ਦੇ ਮੈਂਬਰ ਦੀ ਟਿੱਪਣੀ ਤੋਂ ਦੁਖੀ ਹਨ। ਮੈਂ ਮਾਇਆਵਤੀ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਦਰਦ ਉਨ੍ਹਾਂ ਨੂੰ ਹੰਢਾਉਣਾ ਪਿਆ ਹੈ, ਪਾਰਟੀ ਇਸ ਮੁੱਦੇ ‘ਤੇ ਉਨ੍ਹਾਂ ਨਾਲ ਖੜ੍ਹੀ ਹੈ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਤੋਂ ਮਛੂਆਰਿਆਂ ਦੀ ਰਿਹਾਈ ਦੀ ਕੀਤੀ ਮੰਗ
ਤਮਿਲਾਂ ਨੂੰ ਪੂਰਾ ਅਧਿਕਾਰ ਦੇਣ ਦੀ ਵੀ ਕੀਤੀ ਗੱਲ ਕੋਲੰਬੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ …