ਯੂਐਸ ‘ਚ ਰਿਪਬਲਿਕਨ ਪਾਰਟੀ ਦੀ ਨੈਸ਼ਨਲ ਕਾਨਫਰੰਸ ਵਿਚ ਇਹ ਪਹਿਲੀ ਵਾਰ ਹੋਇਆ।
ਪਾਰਟੀ ਦੀ ਵੀਸੀ ਅਤੇ ਚੰਡੀਗੜ੍ਹ ‘ਚ ਜਨਮੀ ਹਰਮੀਤ ਕੌਰ ਨੇ ਸਿਰ ‘ਤੇ ਚੁੰਨੀ ਲੈ ਕੀਤੀ ਅਰਦਾਸ
ਟਰੰਪ ਨੂੰ ਪ੍ਰੈਜੀਡੈਂਟ ਉਮੀਦਵਾਰ ਐਲਾਨਣ ਮੌਕੇ ਬੀਬੀ ਢਿੱਲੋਂ ਨੇ ਆਖਿਆ ਕਿ ਚੰਗਾ ਕੰਮ ਕਰਨ ਤੋਂ ਪਹਿਲਾਂ ਗੁਰੂ ਦਾ ਧਿਆਨ ਧਰਨਾ ਜ਼ਰੂਰੀ
ਕਲੀਵਲੈਂਡ/ਬਿਊਰੋ ਨਿਊਜ਼
ਇਥੇ ਚੱਲ ਰਹੀ ਰਿਪਬਲਿਕਨ ਪਾਰਟੀ ਦੀ ਕੌਮੀ ਕਨਵੈਨਸ਼ਨ ਦੇ ਦੂਜੇ ਦਿਨ ਦੀ ਸ਼ੁਰੂਆਤ ਅਰਦਾਸ ਨਾਲ ਹੋਈ। ਰਿਪਬਲਿਕਨ ਪਾਰਟੀ ਕੈਲੀਫੋਰਨੀਆ ਦੀ ਉਪ ਚੇਅਰਪਰਸਨ ਹਰਮੀਤ ਕੌਰ ਢਿੱਲੋਂ ਨੇ ਕੌਮੀ ਸਟੇਜ ‘ਤੇ ਪੰਜਾਬੀ ਵਿੱਚ ਅਰਦਾਸ ਕੀਤੀ ਅਤੇ ਬਾਅਦ ਵਿੱਚ ਇਸ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ। ਰਿਪਬਲਿਕਨ ਕੌਮੀ ਕਨਵੈਨਸ਼ਨ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ।
ਚੰਡੀਗੜ੍ਹ ਵਿੱਚ ਜੰਮੀ ਬੀਬੀ ਢਿੱਲੋਂ ਨੇ ਆਪਣੇ ਮਾਪਿਆਂ ਨਾਲ ਇੰਗਲੈਂਡ ਪਰਵਾਸ ਕੀਤਾ ਸੀ ਅਤੇ ਇਸ ਬਾਅਦ ਉਹ ਬਰੌਂਕਸ (ਨਿਊਯਾਰਕ) ਆ ਗਏ। ਉਨ੍ਹਾਂ ਦਾ ਪਿਤਾ ਔਰਥੋਪੈਡਿਕ ਸਰਜਨ ਸੀ ਅਤੇ ਇਹ ਪਰਿਵਾਰ ਇਸ ਬਾਅਦ ਕੇਂਦਰੀ ਨਾਰਥ ਕੈਰੋਲੀਨਾ ਦੇ ਪੇਂਡੂ ਖੇਤਰ ਸਮਿੱਥਫੀਲਡ ਜਾ ਵਸਿਆ। ਡੋਨਾਲਡ ਟਰੰਪ ਨੂੰ ਅਧਿਕਾਰਤ ਤੌਰ ‘ਤੇ ਪਾਰਟੀ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਨਾਮਜ਼ਦ ਕੀਤੇ ਜਾਣ ਤੋਂ ਕੁੱਝ ਮਿੰਟ ਪਹਿਲਾਂ ਸਟੇਜ ‘ਤੇ ਆਈ ਬੀਬੀ ਢਿੱਲੋਂ ਨੇ ਅਰਦਾਸ ਨਾਲ ਕਨਵੈਨਸ਼ਨ ਦੀ ਸ਼ੁਰੂਆਤ ਕੀਤੀ। ਨਿਸ਼ਠਾ ਦੇ ਅਹਿਦ ਅਤੇ ਕੌਮੀ ਗੀਤ ਬਾਅਦ ਬੀਬੀ ਢਿੱਲੋਂ ਸਟੇਜ ਉਤੇ ਆਏ ਅਤੇ ਦੱਸਿਆ ਕਿ ਅਰਦਾਸ ਤੋਂ ਪਹਿਲਾਂ ਸਿਰ ਢਕਿਆ ਜਾਂਦਾ ਹੈ। ਸਾਨ ਫਰਾਂਸਿਸਕੋ ਤੋਂ ਡੈਲੀਗੇਟ ਬੀਬੀ ਢਿੱਲੋਂ ਨੇ ਸਟੇਜ ‘ਤੇ ਜਾਣ ਤੋਂ ਪਹਿਲਾਂ ਚੁੰਨੀ ਨਾਲ ਆਪਣਾ ਸਿਰ ਢਕਿਆ। ਉਨ੍ਹਾਂ ਦੱਸਿਆ ਕਿ ਕੋਈ ਵੀ ਅਹਿਮ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਜਾਂ ਕਾਰਜ ਨੇਪਰੇ ਚਾੜ੍ਹਨ ਬਾਅਦ ਵਿੱਚ ਅਰਦਾਸ ਕੀਤੀ ਜਾਂਦੀ ਹੈ।
ਰਿਪਬਲਿਕਨ ਦੇ ਰਾਸ਼ਟਰੀ ਸੰਮੇਲਨ ‘ਚ ਹੋਈ ਅਰਦਾਸ
RELATED ARTICLES

