ਰਾਜ ਧਾਲੀਵਾਲ ਨੇ ਸਥਾਨਕ ਵਿਕਾਸ, ਸੁਰੱਖਿਆ ਤੇ ਕਮਿਊਨਿਟੀ ਸੇਵਾਵਾਂ ਨੂੰ ਮਜ਼ਬੂਤ ਕਰਨ ਦਾ ਕੀਤਾ ਸੀ ਵਾਅਦਾ
ਕੈਲਗਰੀ/ਬਿਊਰੋ ਨਿਊਜ਼ : ਕੈਲਗਰੀ ਵਿੱਚ ਧਾਲੀਵਾਲ ਮੁੜ ਤੋਂ ਚੋਣ ਜਿੱਤ ਚੁੱਕੇ ਹਨ। ਕੈਲਗਰੀ ਵਿੱਚ ਇਸ ਵਾਰ ਪੰਜਾਬੀ ਮੂਲ ਦੇ ਸਿਰਫ ਇਕ ਉਮੀਦਵਾਰ ਦੀ ਜਿੱਤ ਹੋਈ ਹੈ। ਅਣਅਧਿਕਾਰਤ ਨਤੀਜਿਆਂ ਮੁਤਾਬਿਕ ਕੈਲਗਰੀ ਵਿੱਚ ਵਾਰਡ 5 ਤੋਂ ਰਾਜ ਧਾਲੀਵਾਲ ਮੁੜ ਤੋਂ ਜੇਤੂ ਰਹੇ ਹਨ।
ਐਲਬਰਟਾ ਸੂਬੇ ਵਿੱਚ ਹੋਈਆਂ ਮਿਊਂਸੀਪਲ ਚੋਣਾਂ ਵਿੱਚ ਬਹੁਤ ਘੱਟ ਪੰਜਾਬੀ ਮੂਲ ਦੇ ਉਮੀਦਵਾਰ ਜਿੱਤਣ ਵਿੱਚ ਸਫਲ ਰਹੇ ਹਨ। ਐਡਮਿੰਟਨ ਅਤੇ ਕੈਲਗਰੀ ਸ਼ਹਿਰ ਵਿੱਚ ਸਾਊਥ ਏਸ਼ੀਅਨ ਮੂਲ ਦੇ ਕਰੀਬ ਡੇਢ ਦਰਜਨ ਤੋਂ ਵੱਧ ਉਮੀਦਵਾਰ ਚੋਣ ਮੈਦਾਨ ਵਿੱਚ ਸਨ।
ਉਨ੍ਹਾਂ ਦੀ ਇਹ ਜਿੱਤ ਕੈਲਗਰੀ ਵਿੱਚ ਦੂਜੀ ਵਾਰ ਲੋਕਾਂ ਦੇ ਭਰੋਸੇ ਦੀ ਪ੍ਰਤੀਕ ਮੰਨੀ ਜਾ ਰਹੀ ਹੈ। ਚੋਣ ਮੁਹਿੰਮ ਦੌਰਾਨ ਰਾਜ ਧਾਲੀਵਾਲ ਨੇ ਸਥਾਨਕ ਵਿਕਾਸ, ਸੁਰੱਖਿਆ ਅਤੇ ਕਮਿਊਨਿਟੀ ਸੇਵਾਵਾਂ ਨੂੰ ਮਜ਼ਬੂਤ ਕਰਨ ਦਾ ਵਾਅਦਾ ਕੀਤਾ ਸੀ।
ਵੋਟਰਾਂ ਨੇ ਉਨ੍ਹਾਂ ਦੀ ਸੱਚਾਈ, ਪਹੁੰਚਯੋਗਤਾ ਅਤੇ ਕਮਿਊਨਟੀ ਪ੍ਰਤੀ ਸਮਰਪਣ ਦੀ ਕਦਰ ਕੀਤੀ। ਜਿੱਤ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਉਹ ਹਰ ਨਿਵਾਸੀ ਦੀ ਆਵਾਜ਼ ਸੁਣਨ ਅਤੇ ਸ਼ਹਿਰ ਦੀ ਤਰੱਕੀ ਲਈ ਸਾਂਝੀਦਾਰੀ ਨਾਲ ਕੰਮ ਕਰਨਗੇ।
ਧਾਲੀਵਾਲ ਦਾ ਮੁਕਾਬਲਾ ਰੀਤ ਮੁਸ਼ਿਆਣਾ, ਗੁਰਪ੍ਰੀਤ, ਹੈਰੀ ਸਿੰਘ ਪੁਰਬਾ, ਤਾਰਿਕ ਖਾਨ ਅਤੇ ਜਿਗਰ ਪਟੇਲ ਸਮੇਤ ਹੋਰਨਾਂ ਨਾਲ ਸੀ।
ਇਸ ਵਾਰਡ ਤੋਂ ਰੀਤ ਮੁਸ਼ਿਆਣਾ ਨੂੰ 2,872 , ਗੁਰਪ੍ਰੀਤ ਢਿੱਲੋਂ ਨੂੰ 1,218 ਅਤੇ ਆਰੀਅਨ ਸਆਦਤ ਨੂੰ 3,719 ਵੋਟਾਂ ਮਿਲੀਆਂ। ਕੈਲਗਰੀ ਵਿੱਚ ਵਾਰਡ 10 ਤੋਂ ਭਾਰਤੀ ਮੂਲ ਦੇ ਤਰਲੋਚਨ ਸੰਧੂ ਅਤੇ ਮਹਿਮੂਦ ਮੌਰਾਂ ਨੂੰ ਆਂਦਰੇ ਚੈਬੋਟ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ 12 ਨੰਬਰ ਵਾਰਡ ਤੋਂ ਰਾਜ ਕੁਮਾਰ ਖੁੱਤਣ, ਮਾਈਕ ਜੈਮੀਸਨ ਚੋਣ ਹਾਰ ਗਏ। ਖੁੱਤਣ ਨੂੰ 854 ਵੋਟਾਂ ਮਿਲੀਆਂ।
ਵਾਰਡ 14 ਤੋਂ ਸੰਜੀਵ ਰਵਲ 7 ਉਮੀਦਵਾਰਾਂ ‘ਚੋਂ 666 ਵੋਟਾਂ ਨਾਲ ਆਖਰੀ ਸਥਾਨ ‘ਤੇ ਰਹੇ। ਕੈਲਗਰੀ ਵਿੱਚ ਜੋਤੀ ਗੌਡੇਕ ਜੋ ਕਿ ਮੁੜ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਸਨ, ਇਸ ਚੋਣ ਵਿੱਚ ਤੀਜੇ ਸਥਾਨ ‘ਤੇ ਰਹੇ।
ਚੋਣ ਨਤੀਜਿਆਂ ਮੁਤਾਬਿਕ ਮੇਅਰ ਦੀ ਚੋਣ ਵਿੱਚ ਜੇਰੋਮੀ ਫਾਰਕਸ 91,071 ਵੋਟਾਂ ਨਾਲ ਜੇਤੂ ਰਹੇ ਹਨ ਅਤੇ ਜੋਤੀ ਗੌਡੇਕ ਨੂੰ 71,401 ਵੋਟਾਂ ਮਿਲੀਆਂ।sss

