Breaking News
Home / ਹਫ਼ਤਾਵਾਰੀ ਫੇਰੀ / ਇਨ੍ਹਾਂ 3 ਵਿਸ਼ਿਆਂ ਉਤੇ ਸੀ ਝਾਕੀ, ਸਮੇਂ ‘ਤੇ ਕੇਂਦਰ ਨੂੰ ਭੇਜਿਆ ਸੀ ਮਤਾ : ਸੀਐਮ ਮਾਨ

ਇਨ੍ਹਾਂ 3 ਵਿਸ਼ਿਆਂ ਉਤੇ ਸੀ ਝਾਕੀ, ਸਮੇਂ ‘ਤੇ ਕੇਂਦਰ ਨੂੰ ਭੇਜਿਆ ਸੀ ਮਤਾ : ਸੀਐਮ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਸਾਲ ਵੀ ਪੰਜਾਬ ਸਰਕਾਰ ਨੇ ਤਿੰਨ ਵਿਸ਼ਿਆਂ ‘ਪੰਜਾਬ ਸ਼ਹੀਦਾਂ ਅਤੇ ਬਲੀਦਾਨਾਂ ਦੀ ਗਾਥਾ’, ‘ਨਾਰੀ ਸ਼ਕਤੀ’ ਯਾਨੀ ਮਾਈ ਭਾਗੋ ਪਹਿਲੀ ਮਹਾਨ ਸਿੱਖ ਜੰਗਜੂ ਬੀਬੀ ਅਤੇ ‘ਪੰਜਾਬ ਦੇ ਪੁਰਾਤਨ ਸਭਿਆਚਾਰ ਦੀ ਪੇਸ਼ਕਾਰੀ’ ਵਿਸ਼ਿਆਂ ਨੂੰ ਝਾਕੀ ਦੇ ਲਈ ਭੇਜਿਆ ਸੀ।
ਪੱਤਰ ਮਿਲਦੇ ਹੀ ਸੀਐਮ ਮਾਨ ਨੇ ਕੀਤੀ ਪ੍ਰੈਸ ਕਾਨਫਰੰਸ, ਕੇਂਦਰ ‘ਤੇ ਲਗਾਇਆ ਆਰੋਪ, ਕਿਹਾ : ਭਾਜਪਾ ਸਰਕਾਰ ਪੰਜਾਬ ਦਾ ਨਿਰਾਦਰ ਕਰਨ ਲਈ ਅਜਿਹੇ ਹਥਕੰਡੇ ਅਪਣਾ ਰਹੀ
26 ਜਨਵਰੀ ਦੀ ਪਰੇਡ ‘ਤੇ ਇਸ ਵਾਰ ਵੀ ਪੰਜਾਬ ਦੀ ਝਾਕੀ ਨਹੀਂ
ਅਸੀਂ ਪੂਰੇ ਪੰਜਾਬ ਨੂੰ ਦਿਖਾਵਾਂਗੇ : ਭਗਵੰਤ ਮਾਨ
ਚੰਡੀਗੜ੍ਹ : ਗਣਤੰਤਰ ਦਿਵਸ ਪਰੇਡ ਦੇ ਲਈ ਲਗਾਤਾਰ ਦੂਜੀ ਵਾਰ ਪੰਜਾਬ ਸਰਕਾਰ ਦੀ ਝਾਕੀ ਨਹੀਂ ਦਿਖੇਗੀ। ਇਹ ਖੁਲਾਸਾ ਖੁਦ ਸੀਐਮ ਭਗਵੰਤ ਮਾਨ ਨੇ ਬੁੱਧਵਾਰ ਨੂੰ ਚੰਡੀਗੜ੍ਹ ਵਿਚ ਕਰਦੇ ਹੋਏ ਕਿਹਾ ਕਿ ਸੱਤਾ ਦੇ ਨਸ਼ੇ ਵਿਚ ਹੰਕਾਰੀ ਕੇਂਦਰ ਸਰਕਾਰ, ਆਜ਼ਾਦੀ ਸੰਗਰਾਮ ਵਿਚ ਪੰਜਾਬੀਆਂ ਵਲੋਂ ਦਿੱਤੇ ਗਏ ਬੇਮਿਸਾਲ ਬਲੀਦਾਨ ਦਾ ਨਿਰਾਦਰ ਕਰ ਰਹੀ ਹੈ। ਮਾਨ ਨੇ ਕਿਹਾ, ”ਇਹ ਪਹਿਲੀ ਵਾਰ ਨਹੀਂ ਹੈ, ਬਲਕਿ ਪਿਛਲੇ ਸਾਲ ਵੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਅਜਿਹੀ ਸ਼ਰਾਰਤ ਕੀਤੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸਾਲ ਵੀ ਝਾਕੀ ਦੇ ਲਈ ਚੁਣੇ ਗਏ ਸੂਬਿਆਂ ਵਿਚੋਂ 90 ਪ੍ਰਤੀਸ਼ਤ ਤੋਂ ਜ਼ਿਆਦਾ ਭਾਜਪਾ ਦੇ ਸ਼ਾਸਨ ਵਾਲੇ ਸੂਬੇ ਹਨ, ਜਿਸ ਨਾਲ ਝਲਕਦਾ ਹੈ ਕਿ ਮੋਦੀ ਸਰਕਾਰ ਵਲੋਂ
ਆਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ਦਾ ਰਾਜਨੀਤੀਕਰਨ ਕੀਤਾ ਜਾ ਰਿਹਾ ਹੈ। ਉਨਾਂ ਨੇ ਕਿਹਾ ਕਿ ਜੇਕਰ ਕੇਂਦਰ ਵਲੋਂ ਗਣਤੰਤਰ ਦਿਵਸ ਦੀ ਪਰੇਡ ਵਿਚ ਇਹ ਝਾਕੀ ਸ਼ਾਮਲ ਨਹੀਂ ਕੀਤੀ ਜਾਂਦੀ ਤਾਂ ਪੰਜਾਬ ਸਰਕਾਰ ਵਲੋਂ 26 ਜਨਵਰੀ ਨੂੰ ਸੂਬੇ ਭਰ ਵਿਚ ਹੋਣ ਵਾਲੇ ਸਾਰੇ ਸਮਾਗਮਾਂ ਵਿਚ ਇਸ ਨੂੰ ‘ਕੇਂਦਰ ਸਰਕਾਰ ਵਲੋਂ ਰੱਦ’ ਦੇ ਬੈਨਰ ਅਧੀਨ ਸ਼ਾਮਲ ਕੀਤਾ ਜਾਏਗਾ ਅਤੇ ਸੂਬੇ ਦੀ ਪੁਰਾਤਨ ਵਿਰਾਸਤ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਹਾਲਾਂਕਿ ਮੁੱਖ ਮੰਤਰੀ ਨੇ ਕਿਹਾ ਕਿ ਉਹ ਸੂਬੇ ਦੀ ਝਾਕੀ ਨੂੰ ਸ਼ਾਮਲ ਨਾ ਕਰਨ ਦਾ ਮੁੱਦਾ ਕੇਂਦਰ ਸਰਕਾਰ ਦੇ ਸਾਹਮਣੇ ਜ਼ੋਰਦਾਰ ਢੰਗ ਨਾਲ ਉਠਾਉਣਗੇ।
ਦੋ ਵਾਰ ਮੀਟਿੰਗ ਹੋਈ, 22 ਦਸੰਬਰ ਨੂੰ ਝਾਕੀਆਂ ਦੀ ਡਿਟੇਲ ਭੇਜੀ, 26 ਨੂੰ ਕਰ ਦਿੱਤਾ ਗਿਆ ਬਾਹਰ
ਕੇਂਦਰ ਨੇ ਸਾਰੇ ਸੂਬਿਆਂ ਨੂੰ ਗਣਤੰਤਰ ਦਿਵਸ ਪਰੇਡ ਦੇ ਲਈ ਸੂਬੇ ਦੀ ਝਾਕੀ ਸਬੰਧੀ ਪੱਤਰ ਲਿਖ ਕੇ ਸਬੰਧਿਤ ਸੂਬੇ ਕੋਲੋਂ ਪੁੱਛਿਆ ਸੀ। 4 ਅਗਸਤ 2023 ਨੂੰ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਡਿਟੇਲ ਮੰਗੀ ਗਈ ਸੀ। ਸੂਬਾ ਸਰਕਾਰ ਨੇ 3 ਝਾਕੀਆਂ ਦੇ ਬਾਰੇ ਵਿਚ ਵਿਸਥਾਰ ‘ਚ ਲਿਖ ਕੇ ਭੇਜਿਆ। ਇਸ ਸਬੰਧ ਵਿਚ ਕੇਂਦਰੀ ਗ੍ਰਹਿ ਮੰਤਰਾਲੇ ਨਾਲ ਪੰਜਾਬ ਸਰਕਾਰ ਦੇ ਆਲਾ ਅਧਿਕਾਰੀਆਂ ਨੇ ਦੋ ਵਾਰ ਮੀਟਿੰਗ ਕੀਤੀ। ਉਨਾਂ ਨੇ ਇਕ ਮਾਈ ਭਾਗੋ ਵਾਲੀ ਝਾਕੀ ਵਿਚ ਥੋੜ੍ਹਾ ਬਹੁਤ ਬਦਲਾਅ ਕਰਨ ਨੂੰ ਕਿਹਾ। 22 ਦਸੰਬਰ ਨੂੰ ਬਦਲਾਅ ਕਰਕੇ ਕੇਂਦਰ ਸਰਕਾਰ ਨੂੰ ਰਿਪੋਰਟ ਭੇਜ ਦਿੱਤੀ ਗਈ। 26 ਦਸੰਬਰ ਨੂੰ ਪੰਜਾਬ ਸਰਕਾਰ ਨੂੰ ਇਕ ਪੱਤਰ ਮਿਲਿਆ, ਜਿਸ ਵਿਚ 20 ਸੂਬਿਆਂ ਦੀ ਲਿਸਟ ਭੇਜ ਕੇ ਕਿਹਾ ਕਿ ਇਨਾਂ ਸੂਬਿਆਂ ਦੀ ਚੋਣ ਕਰ ਲਈ ਗਈ ਹੈ।
ਭਾਜਪਾ ਦਾ ਪੰਜਾਬ ਵਿਰੋਧੀ ਚਿਹਰਾ ਹੋਇਆ ਬੇਨਕਾਬ : ਸੀਐਮ ਮਾਨ ਨੇ ਕਿਹਾ ਕਿ ਇਸ ਕਦਮ ਨਾਲ ਇਕ ਵਾਰ ਫਿਰ ਭਾਜਪਾ ਦਾ ਪੰਜਾਬ ਵਿਰੋਧੀ ਚਿਹਰਾ ਬੇਨਕਾਬ ਹੋਇਆ ਹੈ। ਉਨਾਂ ਨੇ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਆਰ.ਪੀ. ਸਿੰਘ, ਮਨਜਿੰਦਰ ਸਿੰਘ ਸਿਰਸਾ ਸਣੇ ਸਾਰੇ ਭਾਜਪਾ ਆਗੂਆਂ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਹੈਰਾਨੀ ਹੈ ਕਿ ਇਸ ਮਤਰੇਈ ਸਲੂਕ ਤੋਂ ਬਾਅਦ ਵੀ ਸੂਬੇ ਦੇ ਭਾਜਪਾ ਆਗੂ ਚੁੱਪ ਹਨ।
ਇਸ ਤਰ੍ਹਾਂ ਚੁਣੀ ਜਾਂਦੀ ਹੈ ਝਾਕੀ
ਹਰ ਸਾਲ ਅਗਸਤ ਸਤੰਬਰ ਵਿਚ ਰੱਖਿਆ ਮੰਤਰਾਲਾ ਸੂਬਿਆਂ ਨੂੰ ਗਣਤੰਤਰ ਦਿਵਸ ਪਰੇਡ ਵਿਚ ਭਾਗ ਲੈਣ ਲਈ ਬਿਨੇਪੱਤਰ ਦੇਣ ਲਈ ਸੱਦਾ ਦਿੰਦਾ ਹੈ। ਰੱਖਿਆ ਮੰਤਰਾਲੇ ਦੀ ਇਕ ਕਮੇਟੀ ਝਾਕੀ ਦੀ ਚੋਣ ਕਰਦੀ ਹੈ। ਸਾਰੇ ਯੂਟੀ ਅਤੇ ਸੂਬਿਆਂ ਦੇ ਮਤਿਆਂ ਦੀ ਸਮੀਖਿਆ ਅਤੇ ਪ੍ਰਤੀਨਿਧੀਆਂ ਦੇ ਵਿਚਾਲੇ ਝਾਕੀ ਦੇ ਵਿਸ਼ੇ, ਪੇਸ਼ਕਾਰੀ ਅਤੇ ਥੀਮ ‘ਤੇ ਚਰਚਾ ਹੁੰਦੀ ਹੈ। ਸੂਬਿਆਂ ਅਤੇ ਯੂਟੀ ਨੂੰ 6 ਖੇਤਰਾਂ ਵਿਚ ਵੰਡਿਆ ਗਿਆ ਹੈ। ਚੋਣ ਤੋਂ ਬਾਅਦ ਇਸ ਸਬੰਧੀ ਸੂਬਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ।
ਸੁਨੀਲ ਜਾਖੜ ਨੇ ਝਾਕੀ ਰੱਦ ਹੋਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਿਆ ਜ਼ਿੰਮੇਵਾਰ
ਗਣਤੰਤਰ ਦਿਵਸ ਮੌਕੇ ਹੋਣ ਵਾਲੀ ਪਰੇਡ ਵਿਚੋਂ ਪੰਜਾਬ ਦੀ ਝਾਕੀ ਨੂੰ ਰੱਦ ਕਰਨ ਦੇ ਮਾਮਲੇ ‘ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵਲੋਂ ਚੰਡੀਗੜ੍ਹ ‘ਚ ਵੀਰਵਾਰ ਨੂੰ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਮੌਕੇ ਉਨ੍ਹਾਂ ਝਾਕੀ ਰੱਦ ਹੋਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿੰਮੇਵਾਰ ਦੱਸਿਆ ਅਤੇ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ‘ਤੇ ਝਾਕੀ ਰੱਦ ਕਰਨ ਵਾਲੇ ਮਾਮਲੇ ‘ਤੇ ਸਿਆਸਤ ਕਰਨ ਦਾ ਆਰੋਪ ਵੀ ਲਗਾਇਆ। ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਝਾਕੀ ਦਾ ਥੀਮ ਬਦਲਣ ਲਈ ਕਿਹਾ ਸੀ ਜੋ ਮਾਨ ਸਰਕਾਰ ਵੱਲੋਂ ਨਹੀਂ ਬਦਲੀ ਗਈ, ਝਾਕੀ ਦੇ ਅੱਗੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਫੋਟੋ ਵੀ ਲਗਾਈ ਗਈ ਸੀ ਜਿਸ ਦੇ ਚਲਦਿਆਂ ਕੇਂਦਰ ਸਰਕਾਰ ਨੇ ਪੰਜਾਬ ਦੀ ਝਾਕੀ ਨੂੰ ਰੱਦ ਕਰ ਦਿੱਤਾ। ਧਿਆਨ ਰਹੇ ਕਿ ਗਣਤੰਤਰ ਦਿਵਸ ਮੌਕੇ ਹੋਣ ਵਾਲੀ ਪਰੇਡ ‘ਚੋਂ ਪੰਜਾਬ ਦੀਆਂ ਤਜਵੀਜ਼ਸ਼ੁਦਾ ਤਿੰਨੇ ਝਾਕੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ।

 

Check Also

ਜਸਟਿਨ ਟਰੂਡੋ ਮੁੜ ਸਰਕਾਰ ਬਚਾਉਣ ‘ਚ ਹੋਏ ਸਫਲ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਕ ਵਾਰ ਆਪਣੀ ਸਰਕਾਰ ਬਚਾਉਣ ਵਿਚ …