ਪੰਜਾਬ ‘ਚ ਖਿਚੜੀ ਸਰਕਾਰ
ਮੁੱਖ ਮੰਤਰੀ ਲਈ ਅਮਰਿੰਦਰ ਪਹਿਲੀ ਪਸੰਦ, ਸਰਵੇ ‘ਚ ਸੀਟਾਂ ਜਿੱਤਣ ‘ਚ ਵੀ ਕਾਂਗਰਸ ਮੋਹਰੀ
ਓਪੀਨੀਅਨ ਪੋਲ
ਕਾਂਗਰਸ : 49 ਤੋਂ 55 ਸੀਟਾਂ
ਆਪ : 42 ਤੋਂ 46 ਸੀਟਾਂ
ਅਕਾਲੀ-ਭਾਜਪਾ : 17 ਤੋਂ 21 ਸੀਟਾਂ
ਹੋਰ ਗਰੁੱਪ : 03 ਤੋਂ 07 ਸੀਟਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਆਜ ਤੱਕ-ਇੰਡੀਆ ਟੂਡੇ ਗਰੁੱਪ ਵੱਲੋਂ ਕੀਤੇ ਗਏ ਚੋਣ ਸਰਵੇ ਵਿਚ ਕਾਂਗਰਸ ਪਾਰਟੀ ਸਭ ਤੋਂ ਵੱਡਾ ਦਲ ਬਣ ਕੇ ਉਭਰਦੀ ਨਜ਼ਰ ਆ ਰਹੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਰਵਾਏ ਗਏ ਓਪੀਨੀਅਨ ਪੋਲ ਵਿਚ ਕੈਪਟਨ ਅਮਰਿੰਦਰ ਸਿੰਘ ਬੇਸ਼ੱਕ ਮੁੱਖ ਮੰਤਰੀ ਅਹੁਦੇ ਲਈ ਪਹਿਲੀ ਪਸੰਦ ਬਣ ਕੇ ਉਭਰੇ ਹਨ ਪਰ ਫਿਰ ਵੀ ਸੂਬੇ ਵਿਚ ਖਿਚੜੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ। ਸਰਵੇ ਅਨੁਸਾਰ ਪਹਿਲੇ ਨੰਬਰ ‘ਤੇ ਕਾਂਗਰਸ, ਦੂਜੇ ‘ਤੇ ‘ਆਪ’ ਅਤੇ ਤੀਜੇ ‘ਤੇ ਅਕਾਲੀ-ਭਾਜਪਾ ਗੱਠਜੋੜ ਰਹੇਗਾ।
ਸੀਟਾਂ ਤੇ ਵੋਟ ਪ੍ਰਤੀਸ਼ਤ ‘ਚ ਕਾਂਗਰਸ ਦਿਸ ਰਹੀ ਹੈ ਅੱਗੇ
ਆਜ ਤੱਕ ਨਿਊਜ਼ ਚੈਨਲ ਦੇ ਓਪੀਨੀਅਨ ਪੋਲ ਵਿਚ ਕਾਂਗਰਸ 49 ਤੋਂ 55 ਸੀਟਾਂ ਜਿੱਤਦੀ ਦਿਖਾਈ ਗਈ ਹੈ। ਜਦੋਂਕਿ ਆਮ ਆਦਮੀ ਪਾਰਟੀ ਦੇ ਖਾਤੇ ‘ਚ 42 ਤੋਂ 46 ਸੀਟਾਂ ਜਾ ਰਹੀਆਂ ਹਨ। ਲਗਾਤਾਰ ਦੋ ਵਾਰ ਪੰਜਾਬ ਦੀ ਸੱਤਾ ਸੁੱਖ ਮਾਨਣ ਵਾਲੀ ਅਕਾਲੀ-ਭਾਜਪਾ ਨੂੰ ਸਿਰਫ਼ 17 ਤੋਂ 21 ਸੀਟਾਂ ‘ਤੇ ਹੀ ਸਬਰ ਕਰਨਾ ਪਵੇਗਾ। ਪਰ ਹੋਰ ਛੋਟੇ-ਮੋਟੇ ਗਰੁੱਪ 3 ਤੋਂ 7 ਸੀਟਾਂ ਲਿਜਾ ਸਕਦੇ ਹਨ। ਇਸੇ ਤਰ੍ਹਾਂ ਸਰਵੇ ਵਿਚ ਵੋਟ ਪ੍ਰਤੀਸ਼ਤ ਦੇ ਤੌਰ ‘ਤੇ ਵੀ ਕਾਂਗਰਸ 33 ਫੀਸਦੀ ਵੋਟ ਹਾਸਲ ਕਰਦੀ ਦਿਖਦੀ ਹੈ ਜਦੋਂਕਿ ‘ਆਪ’ 30 ਫੀਸਦੀ, ਅਕਾਲੀ-ਭਾਜਪਾ ਗੱਠਜੋੜ ਨੂੰ 22 ਫੀਸਦੀ ਵੋਟਾਂ ਮਿਲਣ ਦੇ ਆਸਾਰ ਹਨ।
ਨਸ਼ੇ ਤੇ ਕਿਸਾਨੀ ਦੀ ਮਾੜੀ ਹਾਲਤ ਲਈ ਬਾਦਲ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ
ਨਿਊਜ਼ ਚੈਨਲ ਦੇ ਇਸ ਚੋਣ ਸਰਵੇ ਵਿਚ 76 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਨਸ਼ਾ ਪੰਜਾਬ ਦੀ ਵੱਡੀ ਸਮੱਸਿਆ ਹੈ। ਜਦੋਂਕਿ 80 ਫੀਸਦੀ ਦਾ ਮੰਨਣਾ ਹੈ ਕਿ ਨਸ਼ਿਆਂ ਦੀ ਗੰਭੀਰ ਸਮੱਸਿਆ ‘ਤੇ ਕਾਬੂ ਪਾਉਣ ਵਿਚ ਪੰਜਾਬ ਸਰਕਾਰ ਫੇਲ੍ਹ ਹੋਈ ਹੈ। ਇਸੇ ਤਰ੍ਹਾਂ ਕਰਜ਼ੇ ਦੇ ਬੋਝ ਥੱਲੇ ਦਬੇ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦੇ ਮਾਮਲੇ ਵਿਚ 65 ਫੀਸਦੀ ਲੋਕਾਂ ਦਾ ਰੋਸਾ ਸਰਕਾਰ ਪ੍ਰਤੀ ਹੈ। ਫਸਲਾਂ ਦੇ ਭੁਗਤਾਨ ਤੋਂ ਵੀ 55 ਫੀਸਦੀ ਲੋਕ ਨਾਖੁਸ਼ ਦਿਸੇ। ਸੱਤਾ ਵਿਰੋਧੀ ਰੁਝਾਨ ਵੱਡੇ ਪੱਧਰ ‘ਤੇ ਦਿਸ ਰਿਹਾ ਹੈ। ਲਗਾਤਾਰ ਦੋ ਵਾਰ ਰਾਜ ਕਰਨ ਵਾਲੀ ਗੱਠਜੋੜ ਸਰਕਾਰ ਦੇ ਖਿਲਾਫ਼ ਵਿਰੋਧ ਦਾ ਪੱਧਰ 61 ਤੋਂ 71 ਫੀਸਦੀ ਨਜ਼ਰ ਆਇਆ।
Check Also
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
ਜਥੇਦਾਰ ਗਿਆਨੀ ਰਘਬੀਰ ਸਿੰਘ, ਐਡਵੋਕੇਟ ਧਾਮੀ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹੋਈਆਂ ਸ਼ਾਮਲ ਅੰਮ੍ਰਿਤਸਰ/ਬਿਊਰੋ ਨਿਊਜ਼ …