Breaking News
Home / ਹਫ਼ਤਾਵਾਰੀ ਫੇਰੀ / ਮਾਂ ਨੇ ਕਿਹਾ,ਕਾਤਲਾਂ ਦੇ ਸਿਰ ‘ਤੇ ਭੂੰਦੜ ਦਾ ਹੱਥ

ਮਾਂ ਨੇ ਕਿਹਾ,ਕਾਤਲਾਂ ਦੇ ਸਿਰ ‘ਤੇ ਭੂੰਦੜ ਦਾ ਹੱਥ

balwinder-singh-bhundar-copy-copyਅਕਾਲੀ ਸਰਪੰਚ ‘ਤੇ ਵੀ ਲਾਏ ਕਾਤਲਾਂ ਨੂੰ ਬਚਾਉਣ ਦੇ ਦੋਸ਼
ਮਾਨਸਾ/ਬਿਊਰੋ ਨਿਊਜ਼ : ਪਿੰਡ ਘਰਾਂਗਣਾ ‘ਚ ਸ਼ਰਾਬ ਦੀ ਮੁਖਬਰੀ ਦੇ ਸ਼ੱਕ ਵਿਚ ਬੇਰਹਿਮੀ ਨਾਲ ਕਤਲ ਕੀਤੇ ਗਏ ਦਲਿਤ ਨੌਜਵਾਨ ਸੁਖਚੈਨ ਸਿੰਘ ਉਰਫ ਪਾਲੀ ਦੇ ਮਾਮਲੇ ‘ਚ ਅਕਾਲੀ ਆਗੂਆਂ ਦੇ ਨਾਂ ਸਾਹਮਣੇ ਆ ਰਹੇ ਹਨ। ਸੁਖਚੈਨ ਦੀ ਮਾਂ ਨੇ ਕਾਤਲਾਂ ਦੇ ਸਿਰ ‘ਤੇ ਅਕਾਲੀ ਦਲ ਦੇ ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ ਦਾ ਹੱਥ ਹੋਣ ਦਾ ਦੋਸ਼ ਲਗਾਇਆ। ਉਹਨਾਂ ਪਿੰਡ ਦੇ ਅਕਾਲੀ ਸਰਪੰਚ ਤੇ ਪੁਲਿਸ ਵਲੋਂ ਸਮਝੌਤੇ ਲਈ ਦਬਾਅ ਪਾਏ ਜਾਣ ਵੀ ਗੱਲ ਕਹੀ ਹੈ। ਇਸੇ ਦੌਰਾਨ ਪਰਿਵਾਰ ਨੇ ਸਾਰੇ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਕੀਤੇ ਜਾਣ ਤੱਕਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸੁਖਚੈਨ ਸਿੰਘ ਦੇ ਸਸਕਾਰ ਤੋਂ ਇਨਕਾਰੀ ਉਸਦੀ ਮਾਂ ਕਰਮਜੀਤ ਕੌਰ ਨੇ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ‘ਤੇ ਗੰਭੀਰ ਦੋਸ਼ ਲਗਾਏ ਹਨ। ਕਰਮਜੀਤ ਕੌਰ ਨੇ ਕਿਹਾ ਕਿ ਦੋਸ਼ੀਆਂ ਸਿਰ ਬਲਵਿੰਦਰ ਸਿੰਘ ਭੂੰਦੜ ਦਾ ਹੱਥ ਹੈ। ਉਹਨਾਂ ਦੀ ਸ਼ਹਿ ‘ਤੇ ਦੋਸ਼ੀ ਸ਼ਰਾਬ ਲਿਆ ਕੇ ਵੇਚਦੇ ਸਨ। ਸੰਸਦ ਮੈਂਬਰ ਭੂੰਦੜ ਦਾ ਸਿਰ ‘ਤੇ ਹੱਥ ਹੋਣ ਕਾਰਨ ਹੀ ਦੋਸ਼ੀ ਪਹਿਲਾਂ ਤੋਂ ਹੀ ਉਸਦੇ ਪੁੱਤਰ ਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਰਹੇ ਸਨ। ਕਰਮਜੀਤ ਕੌਰ ਨੇ ਦੱਸਆ ਕਿ ਉਹ ਮਹੀਨਾ ਕੁ ਪਹਿਲਾਂ ਅਮਨਦੀਪ ਤੇ ਹਰਦੀਪ ਦੇ ਘਰ ਇਸ ਮਾਮਲੇ ‘ਚ ਸਮਝੌਤੇ ਲਈ ਗਈ ਸੀ, ਪਰ ਉਹਨਾਂ ਕਿਹਾ ਸੀ ਕਿ ਤੁਹਾਡੇ ਨਾਲ ਕੋਈ ਸਮਝੌਤਾ ਨਹੀਂ, ਉਸ ਨੂੰ ਤਾਂ ਮਾਰਾਂਗੇ ਹੀ, ਕਫਨ ਤਿਆਰ ਰੱਖੀਂ। ਕਰਮਜੀਤ ਕੌਰ ਮੁਤਾਬਕ ਸਰਪੰਚ ਸਰਦੂਲ ਸਿੰਘ ਘਰਾਂਗਣਾ ਜੋ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਡਰਾਈਵਰ ਨਿਰੰਜਨ ਸਿੰਘ ਦਾ ਪੁੱਤਰ ਦੱਸਿਆ ਜਾਂਦਾ ਹੈ, ਦੇ ਦੋ ਭਤੀਜੇ  ਹਰਦੀਪ ਸਿੰਘ ਤੇ ਬਿੱਟਾ ਸਿੰਘ ਇਸ ਕਤਲ ਵਿਚ ਸ਼ਾਮਲ ਹਨ। ਉਹਨਾਂ ਨੂੰ ਬਚਾਉਣ ਦਾ ਹਰ ਹੀਲਾ ਵਰਤਿਆ ਜਾ ਰਿਹਾ ਹੈ। ਕਰਮਜੀਤ ਕੌਰ ਨੇ ਕਿਹਾ ਕਿ ਸਰਪੰਚ ਸਰਦੂਲ ਸਿੰਘ ਨੇ ਉਸ ਨੂੰ ਕਿਹਾ ਕਿ ਪਹਿਲਾਂ ਅੱਧੇ ਸਰੀਰ ਦਾ ਸਸਕਾਰ ਕਰ ਲਵੋ, ਜਦੋਂ ਲੱਤ ਮਿਲੇਗੀ ਉਸਦਾ ਸਸਕਾਰ ਬਾਅਦ ਵਿਚ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕਤਲ ਕਰਨ ਵਾਲੇ ਮ੍ਰਿਤਕ ਦੀ ਲੱਤ ਵੱਢ ਕੇ ਨਾਲ ਗਏ ਸਨ।
ਦੋਸ਼ੀਆਂ ਨਾਲ ਕੋਈ ਲੈਣਾ ਦੇਣਾ ਨਹੀਂ : ਸਰਦੂਲ ਸਿੰਘ : ਸੁਖਚੈਨ ਦੀ ਮਾਂ ਵਲੋਂ ਲਗਾਏ ਗਏ ਦੋਸ਼ਾਂ ਬਾਰੇ ਪਿੰਡ ਘਰਾਂਗਣਾ ਦੇ ਅਕਾਲੀ ਸਰਪੰਚ ਸਰਦੂਲ ਸਿੰਘ ਦਾ ਕਹਿਣਾ ਹੈ ਕਿ ਉਕਤ ਦੋਸ਼ੀਆਂ ਨਾਲ ਉਹਨਾਂ ਦੀ ਕੋਈ ਰਿਸ਼ਤੇਦਾਰੀ ਨਹੀਂ ਹੈ, ਸਿਰਫ ਸਿਆਸੀ ਤੌਰ ‘ਤੇ ਉਹਨਾਂ ਦੇ ਭਤੀਜੇ ਦੱਸ ਕੇ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਹਨਾਂ ਦਾ ਇਸ ਕਾਂਡ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਅੰਗ ਮਿਲੇ ਪਰ ਸਸਕਾਰ ਨਾਂ ਕਰਨ ‘ਤੇ ਅੜਿਆ ਪਰਿਵਾਰ : ਇਸੇ ਦੌਰਾਨ ਐਸਐਸਪੀ ਮਾਨਸਾ ਮੁਖਵਿੰਦਰ ਸਿੰਘ ਭੁੱਲਰ ਵਲੋਂ ਸੁਖਚੈਨ ਦੀ ਲਾਪਤਾ ਲੱਤ ਮਿਲ ਜਾਣ ਦੇ ਦਾਅਵੇ ਦੇ ਬਾਵਜੂਦ ਸੁਖਚੈਨ ਦਾ ਪਰਿਵਾਰ ਸਸਕਾਰ ਨਾ ਕਰਨ ‘ਤੇ ਅੜਿਆ ਰਿਹਾ। ਪਰਿਵਾਰ ਦੀ ਮੰਗ ਹੈ ਕਿ ਜਦੋਂ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਕੀਤੀ ਜਾਂਦੀ, ਉਦੋਂ ਤੱਕ ਉਹ ਸਸਕਾਰ ਨਹੀਂ ਕਰਨਗੇ। ਪੁਲਿਸ ਦਾ ਕਹਿਣਾ ਹੈ ਕਿ ਸੁਖਚੈਨ ਦੀ ਲੱਤ ਉਥੋਂ ਹੀ ਮਿਲੀ ਹੈ ਜਿੱਥੇ ਉਸ ਨੂੰ ਕਤਲ ਕਰਕੇ ਸੁੱਟਿਆ ਗਿਆ ਸੀ। ਪਰ ਪਰਿਵਾਰਕ ਮੈਂਬਰਾਂ ਮੁਤਾਬਕ ਰੌਲਾ ਪੈਣ ਪਿੱਛੋਂ ਪੁਲਿਸ ਹੱਤਿਆਰਿਆਂ ਕੋਲੋਂ ਸੁਖਚੈਨ ਦੀ ਲੱਤ ਲੈ ਕੇ ਆਈ ਹੈ, ਲੱਭ ਜਾਣ ਦਾ ਨਾਟਕ ਕੀਤਾ ਜਾ ਰਿਹਾ ਹੈ।
ਮੈਂ ਕਿਸੇ ਨੂੰ ਨਹੀਂ ਜਾਣਦਾ : ਭੂੰਦੜ
ਇਸ ਮਾਮਲੇ ਵਿਚ ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ (ਕਾਤਲ ਤੇ ਮਕਤੂਲ) ਸ਼ਰਾਬ ਵੇਚਦੇ ਸਨ। ਉਹਨਾਂ ਵਿਚ ਆਪਸੀ ਲੜਾਈ ਹੋਈ। ਉਹ ਦੋਵਾਂ ਧਿਰਾਂ ਦੇ ਕਿਸੇ ਵੀ ਮੈਂਬਰ ਨੂੰ ਨਹੀਂ ਮਿਲੇ। ਨਾ ਤਾਂ ਉਹ ਮ੍ਰਿਤਕ ਦੇ ਪਰਿਵਾਰ ਨੂੰ ਜਾਣਦੇ ਹਨ ਤੇ ਨਾ ਹੀ ਕਾਤਲਾਂ ਦੇ।
ਤਿੰਨ ਮੁਲਜ਼ਮ ਗ੍ਰਿਫਤਾਰ
ਅਕਾਲੀ ਸਰਪੰਚ ਸਰਦੂਲ ਸਿੰਘ ਦੇ ਭਤੀਜੇ ਹਰਦੀਪ ਸਿੰਘ ਉਰਫ ਕਾਲਾ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਹਰਦੀਪ ਸਿੰਘ ਉਰਫ ਕਾਲਾ, ਬਲਬੀਰ ਸਿੰਘ ਤੇ ਸਾਧੂ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।

Check Also

ਅਦਾਰਾ ਪਰਵਾਸੀ ਵੱਲੋਂ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਖ਼ਾਲਸਾ ਪੰਥ ਦਾ ਜਨਮ ਦਿਹਾੜਾ ਹੈ ਵਿਸਾਖੀ, ਘਰ ਵਿਚ ਅਨਾਜ਼ ਦੇ ਰੂਪ ਵਿਚ ਆਈਆਂ ਖੁਸ਼ੀਆਂ …