-11.5 C
Toronto
Friday, January 23, 2026
spot_img
Homeਹਫ਼ਤਾਵਾਰੀ ਫੇਰੀਰੋਟੀਆਂ ਖੁਆ ਕੇ ਰੁੱਸਿਆਂ ਨੂੰ ਮਨਾਉਣ ਲੱਗੇ ਅਮਰਿੰਦਰ

ਰੋਟੀਆਂ ਖੁਆ ਕੇ ਰੁੱਸਿਆਂ ਨੂੰ ਮਨਾਉਣ ਲੱਗੇ ਅਮਰਿੰਦਰ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੱਖ ਸਕੱਤਰ ਨੂੰ ਬਚਾਉਣ ਦੇ ਇੱਛੁਕ, ਪਰ ਮੰਤਰੀ ਤੇ ਵਿਧਾਇਕ ਉਸ ਨੂੰ ਲਾਂਭੇ ਕਰਨ ‘ਤੇ ਅੜੇ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ‘ਚ ਨਵੀਂ ਐਕਸਾਈਜ਼ ਪਾਲਿਸੀ ਨੂੰ ਲੈ ਕੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਤੇ ਮੰਤਰੀਆਂ ਵਿਚਾਲੇ ਪੈਦਾ ਹੋਏ ਵਿਵਾਦ ਵਿਚ ਜਿਵੇਂ ਲਗਾਤਾਰ ਕਾਂਗਰਸੀ ਵਿਧਾਇਕ ਵੀ ਮੁੱਖ ਸਕੱਤਰ ਦੇ ਖਿਲਾਫ਼ ਖੜ੍ਹੇ ਹੁੰਦੇ ਗਏ ਤਾਂ ਮੁੱਖ ਮੰਤਰੀ ਦੀ ਚਿੰਤਾ ਵਧ ਗਈ ਕਿ ਇਹ ਰੋਸਾ ਕਿਤੇ ਮੁੱਖ ਸਕੱਤਰ ਦੇ ਬਹਾਨੇ ਕਿਤੇ ਮੇਰੇ ਖਿਲਾਫ਼ ਹੀ ਭਾਂਬੜ ਨਾ ਬਣ ਜਾਵੇ। ਮੁੱਖ ਸਕੱਤਰ ਨਾਲ ਮੁੱਖ ਵਿਵਾਦ ਬੇਸ਼ੱਕ ਮਨਪ੍ਰੀਤ ਸਿੰਘ ਬਾਦਲ ਤੇ ਚਰਨਜੀਤ ਸਿੰਘ ਚੰਨੀ ਦਾ ਹੋਇਆ ਸੀ ਪਰ ਸਾਰੇ ਕੈਬਨਿਟ ਮੰਤਰੀਆਂ ਨੇ ਇਹ ਤਹਿ ਕੀਤਾ ਕਿ ਜਿਸ ਬੈਠਕ ਵਿਚ ਮੁੱਖ ਸਕੱਤਰ ਹੋਵੇਗਾ ਉਸ ਵਿਚ ਅਸੀਂ ਨਹੀਂ ਜਾਵਾਂਗੇ। ਪਰ ਅਜਿਹਾ ਨਹੀਂ ਹੋਇਆ।
ਮੁੱਖ ਮੰਤਰੀ ਵੱਲੋਂ ਸੱਦੀ ਉਹ ਬੈਠਕ, ਜਿਸ ਵਿਚ ਮੁੱਖ ਸਕੱਤਰ ਵੀ ਹਾਜ਼ਰ ਸੀ ‘ਚ ਤਿੰਨ ਮੰਤਰੀਆਂ ਨੇ ਵੀ ਹਿੱਸਾ ਲਿਆ। ਬਲਬੀਰ ਸਿੱਧੂ, ਓਪੀ ਸੋਨੀ ਤੇ ਭਾਰਤ ਭੂਸ਼ਣ ਆਸ਼ੂ ਦੇ ਇਸ ਬੈਠਕ ‘ ਸ਼ਾਮਲ ਹੋਣ ਤੋਂ ਬਾਅਦ ਮੰਤਰੀ ਮੰਡਲ ਦੇ ਮੰਤਰੀਆਂ ਵਿਚ ਹੀ ਆਪਸੀ ਪਾੜਾ ਵਧ ਗਿਆ। ਮੁੱਖ ਸਕੱਤਰ ਬਨਾਮ ਮੰਤਰੀਆਂ ਦਾ ਮਾਮਲਾ, ਚੰਨੀ ਬਨਾਮ ਤ੍ਰਿਪਤ ਰਜਿੰਦਰ ਬਾਜਵਾ ਦਾ ਮਾਮਲਾ, ਮੰਤਰੀਆਂ ਬਨਾਮ ਮੰਤਰੀਆਂ ਦਾ ਮਾਮਲਾ ਤੇ ਇਸ ਵਿਚ ਰਾਜਾ ਵੜਿੰਗ ਸਣੇ ਐਮ ਐਲ ਏਜ਼ ਵੱਲੋ ਚੁੱਕਿਆ ਸ਼ਰਾਬ ਦੇ ਘਪਲੇ ਦਾ ਮਾਮਲਾ ਕੈਪਟਨ ਅਰਿੰਦਰ ਸਿੰਘ ਦੇ ਲਈ ਇਕ ਤੋਂ ਬਾਦ ਇਕ ਸਿਰਦਰਦੀ ਬਣਦਾ ਗਿਆ ਤੇ ਇਸ ਮਸਲੇ ਨੂੰ ਹੱਲ ਕਰਨ ਲਈ ਉਨ੍ਹਾਂ ਰੋਟੀਆਂ ਖੁਆ ਕੇ ਰੁੱਸਿਆਂ ਨੂੰ ਮਨਾਉਣਾ ਚਾਹਿਆ। ਸੁਨੀਲ ਜਾਖੜ, ਸੁਖਜਿੰਦਰ ਰੰਧਾਵਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਪਰਗਟ ਸਿੰਘ ਤੇ ਸੰਗਤ ਸਿੰਘ ਗਿਲਜ਼ੀਆਂ ਨੂੰ ਲੰਚ ‘ਤੇ ਸੱਦ ਕੇ ਅਮਰਿੰਦਰ ਸਿੰਘ ਨੇ ਆਖਿਆ ਕਿ ਗੁੱਸਾ ਛੱਡੋ। ਕਰਨ ਅਵਤਾਰ ਸਿੰਘ ਮੁੱਖ ਸਕੱਤਰ ਦੇ ਤਿੰਨ-ਚਾਰ ਮਹੀਨੇ ਹੀ ਤਾਂ ਹਨ। ਪਰ ਲੰਚ ‘ਤੇ ਗਏ ਮੰਤਰੀਆਂ ਤੇ ਵਿਧਾਇਕਾਂ ਨੇ ਆਪਣੀ ਇਕੋ ਮੰਗ ਰੱਖੀ ਕਿ ਮੁੱਖ ਸਕੱਤਰ ਨੂੰ ਉਸ ਦੇ ਅਹੁਦੇ ਤੋਂ ਲਾਂਭੇ ਕੀਤਾ ਜਾਵੇ। ਇਹ ਮਾਮਲਾ ਅਜੇ ਉਲਝਿਆ ਹੋਇਆ ਹੈ।
ਚੰਨੀ ਬੁਲਾਏ ‘ਤੇ ਵੀ ਨਹੀਂ ਗਏ ਰੋਟੀ ‘ਤੇ
ਚੰਡੀਗੜ੍ਹ : ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਮਰਿੰਦਰ ਸਿੰਘ ਨੇ ਸੁਖਜਿੰਦਰ ਰੰਧਾਵਾ ਦੇ ਰਾਹੀਂ ਚਰਨਜੀਤ ਚੰਨੀ ਨੂੰ ਵੀ ਖਾਣੇ ਲਈ ਸੱਦਿਆ ਸੀ ਪਰ ਉਹ ਰੰਧਾਵਾ ਦੇ ਵਾਰ-ਵਾਰ ਕਹਿਣ ‘ਤੇ ਵੀ ਅਮਰਿੰਦਰ ਦੇ ਘਰ ਖਾਣੇ ‘ਤੇ ਨਹੀਂ ਪਹੁੰਚੇ। ਪਿਤਾ ਦੇ ਦੇਹਾਂਤ ਕਾਰਨ ਮਨਪ੍ਰੀਤ ਸਿੰਘ ਬਾਦਲ ਅਜੇ ਪਿੰਡੋਂ ਮੁੜੇ ਨਹੀਂ ਹਨ। ਇਸ ਲਈ ਹੁਣ ਆਉਂਦੇ ਦਿਨਾਂ ਵਿਚ ਅਮਰਿੰਦਰ ਸਿੰਘ ਦੁਬਾਰਾ ਮਨਪ੍ਰੀਤ ਬਾਦਲ ਤੇ ਚਰਨਜੀਤ ਚੰਨੀ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੁਰਾਂ ਨੂੰ ਬੁਲਾ ਕੇ ਮੁੜ ਗੱਲਬਾਤ ਰਾਹੀਂ ਮਸਲਾ ਨਿਬੇੜਨ ਦੀ ਕੋਸ਼ਿਸ਼ ਕਰਨਗੇ। ਹੁਣ ਦੇਖਣਾ ਹੋਵੇਗਾ ਕਿ ਕੈਪਟਨ ਅਰਿੰਦਰ ਸਿੰਘ ਦਾ ਅਸ਼ੀਰਵਾਦ ਹਾਸਲ ਕਰਨ ਵਾਲੇ ਮੁੱਖ ਸਕੱਤਰ ਦਾ ਅਹੁਦਾ ਕਾਇਮ ਰਹਿੰਦਾ ਹੈ ਜਾਂ ਨਹੀਂ। ਮੰਤਰੀ ਆਪਣਾ ਰੁਖ ਨਰਮ ਕਰਦੇ ਹਨ ਜਾਂ ਨਹੀਂ ਜਾਂ ਕੈਪਟਨ ਖਿਲਾਫ਼ ਬਾਗੀ ਸੁਰਾਂ ਹੋਰ ਉਚੀਆਂ ਹੁੰਦੀਆਂ ਹਨ ਜਾਂ ਨਹੀਂ ਆਉਂਦੇ ਸਮੇਂ ਵਿਚ ਸਾਰੀ ਤਸਵੀਰ ਸਾਫ਼ ਹੋ ਜਾਵੇਗੀ।

RELATED ARTICLES
POPULAR POSTS