ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖਾਨ ਹੋਣਗੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ
ਇਸਲਾਮਾਬਾਦ : ਪਾਕਿਸਤਾਨ ਦੀਆਂ ਆਮ ਚੋਣਾਂ ‘ਚ ਇਮਰਾਨ ਖਾਨ ਦੀ ਪਾਰਟੀ ਪੀਟੀਆਈ ਸਭ ਤੋਂ ਵੱਡਾ ਦਲ ਹੋ ਕੇ ਸਾਹਮਣੇ ਆਈ ਹੈ। ਇਸ ਜਿੱਤ ਦੇ ਨਾਲ ਹੀ ਇਮਰਾਨ ਖਾਨ ਦਾ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਨਾ ਤੈਅ ਹੋ ਗਿਆ ਹੈ। ਦੇਸ਼ ਦੀਆਂ ਕੁਲ 342 ਸੀਟਾਂ ਹਨ ਜਿਨ੍ਹਾਂ ਵਿਚੋਂ 272 ‘ਤੇ ਹੋਈ ਚੋਣ ਵਿਚ ਬਹੁਮਤ ਲਈ 137 ਸੀਟਾਂ ਦਾ ਜਿੱਤਣਾ ਜ਼ਰੂਰੀ ਹੈ ਜਦੋਂਕਿ ਖ਼ਬਰ ਲਿਖੇ ਜਾਣ ਤੱਕ ਆਏ ਨਤੀਜਿਆਂ ਦੇ ਰੁਝਾਨ ਅਨੁਸਾਰ ਇਮਰਾਨ ਖਾਨ ਦੀ ਪਾਰਟੀ ਪੀਟੀਆਈ 117 ਸੀਟਾਂ ਜਿੱਤ ਰਹੀ ਸੀ। ਜਦੋਂ ਕਿ ਸੱਤਾ ਤੋਂ ਲਾਂਭੇ ਹੋਣ ਵਾਲੀ ਨਵਾਜ਼ ਸ਼ਰੀਫ਼ ਦੀ ਪਾਰਟੀ ਪੀਐਮਐਲ 60 ਸੀਟਾਂ ‘ਤੇ ਜਿੱਤਦੀ ਨਜ਼ਰ ਆਈ। ਜਦੋਂਕਿ ਬਿਲਾਵਲ ਭੁੱਟੋ ਦੇ ਦਲ ਪੀਪੀਪੀ ਦੇ ਹਿੱਸੇ 40 ਕੁ ਸੀਟਾਂ ਹੀ ਆਈਆਂ। ਹਾਂ ਅਜ਼ਾਦ ਅਤੇ ਕੁਝ ਹੋਰ ਛੋਟੇ-ਮੋਟੇ ਦਲਾਂ ਦੇ ਹਿੱਸੇ 55 ਸੀਟਾਂ ਆ ਰਹੀਆਂ ਹਨ। ਇਸ ਲਈ ਵੱਡੇ ਦਲ ਦੇ ਤੌਰ ‘ਤੇ ਜਿੱਥੇ ਇਮਰਾਨ ਖਾਨ ਦਾ ਪ੍ਰਧਾਨ ਮੰਤਰੀ ਬਣਨਾ ਤਹਿ ਹੈ ਉਥੇ ਬਹੁਮਤ ਲਈ ਉਸ ਨੂੰ ਜ਼ਿਆਦਾ ਦਿੱਕਤ ਨਹੀਂ ਆਉਣ ਵਾਲੀ। ਧਿਆਨ ਰਹੇ ਕਿ 60 ਸੀਟਾਂ ਔਰਤਾਂ ਲਈ ਅਤੇ 10 ਸੀਟਾਂ ਘੱਟ ਗਿਣਤੀਆਂ ਲਈ ਰਾਖਵੀਆਂ ਹਨ ਜਿਨ੍ਹਾਂ ਨੂੰ ਮਿਲਾ ਕੇ ਕੁੱਲ 342 ਸੀਟਾਂ ਬਣਦੀਆਂ ਹਨ।
ਹਿੰਦੋਸਤਾਨ ਨਾਲ ਸੁਖਾਵੇਂ ਰਿਸ਼ਤੇ ਸਾਡੇ ਲਈ ਚੰਗੇ
ਚੋਣ ਜਿੱਤਦਿਆਂ ਹੀ ਕਸ਼ਮੀਰ ਦਾ ਮੁੱਦਾ ਵੀ ਚੁੱਕਿਆ ਇਮਰਾਨ ਖਾਨ ਨੇ
ਇਸਲਾਮਾਬਾਦ : ਚੋਣਾਂ ਜਿੱਤਦਿਆਂ ਹੀ ਇਮਰਾਨ ਖਾਨ ਨੇ ਦੇਸ਼ ਨੂੰ ਸੰਬੋਧਨ ਵੀ ਕਰ ਦਿੱਤਾ। ਇਮਰਾਨ ਖਾਨ ਨੇ ਗਰੀਬੀ ਦੂਰ ਕਰਨ ਲਈ ਚੀਨ ਤੋਂ ਸਿੱਖਣ, ਅਫਗਾਨਿਸਤਾਨ ਨਾਲ ਦੂਰੀਆਂ ਮਿਟਾਉਣ ਅਤੇ ਅਮਰੀਕਾ ਨਾਲ ਰਿਸ਼ਤੇ ਸੁਧਾਰਨ ਦੀ ਗੱਲ ਤਾਂ ਕਹੀ ਹੀ, ਨਾਲ ਹੀ ਕਸ਼ਮੀਰ ਦਾ ਮੁੱਦਾ ਵੀ ਚੁੱਕ ਦਿੱਤਾ। ਉਨ੍ਹਾਂ ਆਖਿਆ ਹਿੰਦੋਸਤਾਨ ਨਾਲ ਸੁਖਾਵੇਂ ਰਿਸ਼ਤੇ ਸਾਡੇ ਲਈ ਚੰਗੇ ਹਨ, ਕਸ਼ਮੀਰ ਵਰਗੇ ਮਸਲੇ ਗੱਲਬਾਤ ਰਾਹੀਂ ਹੱਲ ਹੋ ਸਕਦੇ ਹਨ। ਦੋਵਾਂ ਮੁਲਕਾਂ ਵਿਚ ਦੋਸਤੀ ਏਸ਼ੀਆ ਦੇ ਲਈ ਜ਼ਰੂਰੀ ਹੈ।
ਵੱਡੇ ਦਿੱਗਜ ਝਟਕੇ ਗਏ
ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਰਾਵਲਪਿੰਡੀ ਤੇ ਇਸਲਾਮਾਬਾਦ ਤੋਂ ਚੋਣ ਲੜੀ ਤੇ ਦੋਵੇਂ ਥਾਵਾਂ ਤੋਂ ਹਾਰ ਗਏ। ਨਵਾਜ਼ ਸ਼ਰੀਫ਼ ਦੇ ਭਰਾ ਸ਼ਾਹਬਾਜ਼ ਸ਼ਰੀਫ਼ ਕਰਾਚੀ ਤੇ ਸਵਾਤ ਤੋਂ ਹਾਰ ਗਏ ਹਨ ਲਾਹੌਰ ਸੀਟ ਤੋਂ ਅੱਗੇ ਚੱਲ ਰਹੇ ਸਨ। ਬਿਲਾਵਲ ਭੁੱਟੋ ਨੂੰ ਮਲਕੰਦ ਤੋਂ ਹਾਰ ਮਿਲੀ, ਸਿੰਧ ਤੋਂ ਜਿੱਤ। ਇਮਰਾਨ ਖਾਨ ਪੰਜ ਥਾਂ ਤੋਂ ਲੜੇ ਚਾਰ ਸੀਟਾਂ ‘ਤੇ ਜਿੱਤੇ।
ਪਾਕਿ ਅਵਾਮ ਨੇ ਅੱਤਵਾਦ ਨੂੰ ਨਕਾਰਿਆ
ਮੁੰਬਈ ਹਮਲਿਆਂ ਦੇ ਮਾਸਟਰ ਮਾਈਂਡ ਤੇ ਅੱਤਵਾਦੀ ਹਾਫ਼ਿਜ਼ ਸਈਅਦ ਨੇ ਏਏਟੀ ਦਲ ਦੇ ਬੈਨਰ ਹੇਠ 265 ਉਮੀਦਵਾਰ ਮੈਦਾਨ ‘ਚ ਉਤਾਰੇ ਸਨ ਪਰ ਉਹ ਸਾਰੇ ਹੀ ਹਾਰ ਗਏ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …