ਸ੍ਰੀ ਆਨੰਦਪੁਰ ਸਾਹਿਬ : ਪੰਜਾਬ ਸਰਕਾਰ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਚ ਬਣਾਇਆ ਗਿਆ ਦੁਨੀਆ ਦਾ ਵਿਲੱਖਣ ਅਜਾਇਬ ਘਰ ‘ਵਿਰਾਸਤ-ਏ-ਖਾਲਸਾ’ ਹੁਣ ਭਾਰਤ ਤੋਂ ਬਾਅਦ ਏਸ਼ੀਆ ਵਿਚ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਅਜਾਇਬ ਘਰ ਬਣ ਗਿਆ ਹੈ ਤੇ ਇਸ ਦਾ ਨਾਮ ‘ਏਸ਼ੀਆ ਬੁੱਕ ਆਫ ਰਿਕਾਰਡਜ਼’ ਵਿਚ ਦਰਜ ਹੋ ਗਿਆ ਹੈ। ਇਹ ਪ੍ਰਗਟਾਵਾ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤਾ। ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਏਸ਼ੀਆ ਬੁੱਕ ਆਫ ਰਿਕਰਾਡਜ਼ ਵੱਲੋਂ ਇਸ ਦੀ ਪੁਸ਼ਟੀ ਕਰ ਦਿੱਤੀ ਗਈ ਹੈ।
ਅਸਲ ਵਿਚ ਇਹ ਵਿਰਾਸਤ-ਏ-ਖਾਲਸਾ ਵੱਲੋਂ ਬਣਾਇਆ ਗਿਆ ਤੀਸਰਾ ਰਿਕਾਰਡ ਹੈ। ਇਸ ਤੋਂ ਪਹਿਲਾਂ ਫਰਵਰੀ 2019 ਵਿੱਚ ਲਿਮਕਾ ਬੁੱਕ ਆਫ ਰਿਕਾਰਡਜ਼ ਅਤੇ ਫਿਰ ਇੰਡੀਆ ਬੁੱਕ ਆਫ ਰਿਕਾਰਡਜ਼ ਵੱਲੋਂ ਵਿਰਾਸਤ-ਏ-ਖਾਲਸਾ ਨੂੰ ਭਾਰਤ ਵਿਚੋਂ ਸਭ ਤੋਂ ਵੱਧ ਵੇਖੇ ਜਾਣ ਵਾਲੇ ਅਜਾਇਬ ਘਰ ‘ਚ ਸ਼ਾਮਲ ਕੀਤਾ ਗਿਆ ਸੀ। ਚੰਨੀ ਅੱਗੇ ਦੱਸਿਆ ਕਿ ਪੰਜਾਬ ਦੇ 550 ਸਾਲਾਂ ਦੇ ਸ਼ਾਨਾਮੱਤੇ ਇਤਿਹਾਸ ਨੂੰ ਰੂਪਮਾਨ ਕਰਨ ਵਾਲੇ ਵਿਰਾਸਤ-ਏ-ਖਾਲਸਾ ਨੂੰ ਮਹਿਜ਼ ਸਾਢੇ 7 ਸਾਲਾਂ ਵਿਚ ਇੱਕ ਕਰੋੜ ਤੋਂ ਵੱਧ ਦੇਸ਼-ਦੁਨੀਆ ਤੋਂ ਆਉਣ ਵਾਲੇ ਸੈਲਾਨੀ ਦੇਖ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਦੇਸ਼ਾਂ ਦੇ ਰਾਸ਼ਟਰਪਤੀਆਂ, ਪ੍ਰਧਾਨ ਮੰਤਰੀਆਂ ਅਤੇ ਹੋਰ ਸ਼ਖ਼ਸੀਅਤਾਂ ਦੀ ਆਮਦ ਤੇ ਉਨ੍ਹਾਂ ਵੱਲੋਂ ਕੀਤੀ ਸ਼ਲਾਘਾ ਸਦਕਾ ਹੀ ਵਿਰਾਸਤ-ਏ-ਖਾਲਸਾ ਏਸ਼ੀਆ ਮਹਾਂਦੀਪ ਵਿਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਅਜਾਇਬ ਘਰ ਬਣ ਸਕਿਆ ਹੈ। ਉਨ੍ਹਾਂ ਕਿਹਾ ਕਿ ਅਗਲਾ ਟੀਚਾ ਵਿਰਾਸਤ-ਏ-ਖਾਲਸਾ ਨੂੰ ਦੁਨੀਆ ਭਰ ਵਿਚੋਂ ਨੰਬਰ ਇੱਕ ਅਜਾਇਬ ਘਰ ਬਨਾਉਣਾ ਹੈ।
ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ ਨੇ ਦੱਸਿਆ ਕਿ ਵਿਰਾਸਤ-ਏ-ਖਾਲਸਾ ਹਰ ਪੱਖ ਤੋਂ ਲਗਾਤਾਰ ਵਧੀਆ ਕਾਰਗੁਜ਼ਾਰੀ ਦੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਤੋਂ ਵਿਰਾਸਤ-ਏ-ਖਾਲਸਾ ਹੋਂਦ ਵਿਚ ਆਇਆ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਸ੍ਰੀ ਆਨੰਦਪੁਰ ਸਾਹਿਬ ਸ਼ਹਿਰ ਤੇ ਇਲਾਕੇ ਦੀ ਆਰਥਿਕਤਾ ਨੂੰ ਜ਼ਬਰਦਸਤ ਹੁਲਾਰਾ ਵੀ ਮਿਲਿਆ ਹੈ।
20 ਮਾਰਚ ਨੂੰ ਇਕੋ ਦਿਨ ਆਏ 20 ਹਜ਼ਾਰ 369 ਯਾਤਰੀ
ਇਸ ਸਾਲ 20 ਮਾਰਚ ਦਾ ਦਿਨ ਅਜਿਹਾ ਸੀ ਜਿਸ ਦਿਨ ਆਮ ਦਿਨਾਂ ਨਾਲੋਂ ਕਰੀਬ 4 ਗੁਣਾ ਜ਼ਿਆਦਾ ਯਾਤਰੀਆਂ ਨੇ ਵਿਰਾਸਤ-ਏ-ਖਾਲਸਾ ਦਾ ਦੌਰਾ ਕੀਤਾ। ਇਸ ਦਿਨ ਆਏ ਯਾਤਰੀਆਂ ਨੇ ਗਿਣਤੀ ਨੇ ਸਾਰੇ ਰਿਕਾਰਡ ਤੋੜਦੇ ਹੋਏ ਇਸ ਅਹਿਮ ਸਥਾਨ ਨੂੰ ਏਸ਼ੀਆ ਖਿੱਤੇ ‘ਚ ਇਕ ਦਿਨ ਵਿਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਮਿਊਜ਼ੀਅਮ ਬਣਾ ਦਿੱਤਾ। ਜਿਸ ਕਾਰਨ ਇਸਦਾ ਨਾਂ ਏਸ਼ੀਆ ਬੁੱਕ ਆਫ ਰਿਕਾਰਡ ਵਿਚ ਦਰਜ ਕਰਨ ਲਈ ਚੁਣਿਆ ਗਿਆ ਹੈ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …