Breaking News
Home / ਹਫ਼ਤਾਵਾਰੀ ਫੇਰੀ / ਗੈਰਕਾਨੂੰਨੀ ਐਨ ਆਰ ਆਈਜ਼ ਨਾਲ ਯੂ ਐਸ ਦੀਆਂ ਜੇਲ੍ਹਾਂ ਵਿਚ ਅਪਰਾਧੀਆਂ ਵਰਗਾ ਵਿਵਹਾਰ

ਗੈਰਕਾਨੂੰਨੀ ਐਨ ਆਰ ਆਈਜ਼ ਨਾਲ ਯੂ ਐਸ ਦੀਆਂ ਜੇਲ੍ਹਾਂ ਵਿਚ ਅਪਰਾਧੀਆਂ ਵਰਗਾ ਵਿਵਹਾਰ

ਸਿੱਖਾਂ ਦੀਆਂ ਪੱਗਾਂ ਉਤਰਵਾਈਆਂ, ਹੱਥਕੜੀਆਂ ਬੱਝੇ ਹੱਥਾਂ ਨਾਲ ਖਾਂਦੇ ਨੇ ਰੋਟੀ
ਓਰੇਗਾਉਂ : ਅਮਰੀਕਾ ਦੇ ਓਰੇਗਾਉਂ ਦੀਆਂ ਸੰਘੀ ਜੇਲ੍ਹਾਂ ਵਿਚ ਬੰਦ 50 ਤੋਂ ਵੱਧ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਦਾਖਲ ਹੋਏ ਪਰਵਾਸੀ ਭਾਰਤੀਆਂ ਦੀ ਹਾਲਤ ਕਾਫੀ ਤਰਸਯੋਗ ਬਣੀ ਹੋਈ ਹੈ। ਇਨ੍ਹਾਂ ਪਰਵਾਸੀ ਭਾਰਤੀਆਂ, ਜਿਨ੍ਹਾਂ ਵਿਚ ਜ਼ਿਆਦਾਤਰ ਸਿੱਖ ਹਨ, ਨਾਲ ਅਪਰਾਧੀਆਂ ਵਾਂਗ ਵਤੀਰਾ ਕੀਤਾ ਜਾ ਰਿਹਾ ਹੈ ਅਤੇ ਸਿੱਖਾਂ ਤੋਂ ਉਨ੍ਹਾਂ ਦੀਆਂ ਦਸਤਾਰਾਂ ਖੋਹ ਲਈਆਂ ਗਈਆਂ ਹਨ, ਜਿਸ ਕਾਰਨ ਸਿੱਖਾਂ ਨੂੰ ਨੰਗੇ ਸਿਰ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਨ੍ਹਾਂ ਪਰਵਾਸੀ ਭਾਰਤੀਆਂ ਦਾ ਦੋਸ਼ ਇੰਨਾ ਹੈ ਕਿ ਇਹ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਏ ਹਨ ਅਤੇ ਹੁਣ ਇਹ ਅਮਰੀਕਾ ਵਿਚ ਪਨਾਹ ਦੀ ਮੰਗ ਕਰ ਰਹੇ ਹਨ। ਓਰੇਗਾਉਂ ਦੇ ਸ਼ੇਰੀਡਨ ਇਲਾਕੇ ਦੀ ਸੰਘੀ ਜੇਲ੍ਹ ਵਿਚ ਬੰਦ ਲਗਭਗ 52 ਪਰਵਾਸੀ ਭਾਰਤੀਆਂ ਨਾਲ ਗੱਲਬਾਤ ਕਰ ਚੁੱਕੀ ਪ੍ਰੋ. ਨਵਨੀਤ ਕੌਰ ਨੇ ਕਿਹਾ ਕਿ ਜਦ ਉਹ ਜੇਲ੍ਹ ਵਿਚ ਇਨ੍ਹਾਂ ਨੂੰ ਮਿਲਣ ਗਈ ਤਾਂ ਉਨ੍ਹਾਂ ਨੂੰ ਇਹ ਵੇਖ ਕੇ ਕਾਫੀ ਦੁਖ ਹੋਇਆ ਕਿ 20-24 ਸਾਲ ਦੇ ਨੌਜਵਾਨ ਮੁੰਡਿਆਂ ਨਾਲ ਅਪਰਾਧੀਆਂ ਵਾਂਗ ਵਤੀਰਾ ਹੋ ਰਿਹਾ ਹੈ, ਜਦਕਿ ਇਨ੍ਹਾਂ ਨੈ ਕੋਈ ਅਪਰਾਧ ਵੀ ਨਹੀਂ ਕੀਤਾ। ਇਨ੍ਹਾਂ ਨੇ ਗੈਰ ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕੀਤੀ ਅਤੇ ਇਹ ਹੁਣ ਅਮਰੀਕਾ ਵਿਚ ਪਨਾਹ ਦੀ ਮੰਗ ਕਰ ਰਹੇ ਹਨ ਜੋ ਕਿ ਅਮਰੀਕਾ ਵਿਚ ਇਕ ਕਾਨੂੰਨ ਹੈ, ਪਰ ਇਹ ਮੰਗ ਕਰਨ ਬਦਲੇ ਇਨ੍ਹਾਂ ਨੂੰ ਜੇਲ੍ਹ ਵਿਚ ਜੰਜ਼ੀਰਾਂ ਵਿਚ ਬੰਨ੍ਹਿਆ ਗਿਆ ਹੈ।
ਜੇਲ੍ਹਾਂ ਵਿਚ ਬੰਦ ਗੈਰ ਕਾਨੂੰਨੀ ਪਰਵਾਸੀ ਭਾਰਤੀਆਂ ਨੂੰ ਕਾਨੂੰਨੀ ਮੱਦਦ ਦੇਣ ਵਾਲੀ ਕਾਨੂੰਨੀ ਸੰਸਥਾ ਇਨੋਵੇਸ਼ਨ ਲਾਅ ਲੈਬ ਲਈ ਪੰਜਾਬੀ ਤਰਜਮਾਨ ਵਜੋਂ ਕੰਮ ਕਰਨ ਵਾਲੀ ਨਵਨੀਤ ਕੌਰ ਨੇ ਦੱਸਿਆ ਕਿ ਸ਼ੇਰੀਡਨ ਦੀ ਜੇਲ੍ਹ ਵਿਚ ਲਗਭਗ 123 ਗੈਰ ਕਾਨੂੰਨੀ ਪਰਵਾਸੀਆਂ ਨੂੰ ਰੱਖਿਆ ਗਿਆ ਹੈ, ਜਿਨ੍ਹਾਂ ਵਿਚ 52 ਭਾਰਤੀ ਹਨ। ਮੌਜੂਦਾ ਸਮੇਂ ਵਿਚ ਇਨ੍ਹਾਂ ਦੀ ਸਥਿਤੀ ਕਾਫੀ ਜ਼ਿਆਦਾ ਮਾੜੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਿੱਖ ਬੰਦੀਆਂ ਤੋਂ ਦਸਤਾਰਾਂ ਖੋਹ ਲਈਆਂ ਗਈਆਂ ਹਨ, ਜਿਸ ਕਾਰਨ ਉਨ੍ਹਾਂ ਕੋਲ ਆਪਣਾ ਸਿਰ ਢੱਕਣ ਲਈ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਸਭ ਉਸ ਦੇਸ਼ ਵਿਚ ਹੋ ਰਿਹਾ ਹੈ, ਜਿੱਥੇ ਹਰ ਵਿਅਕਤੀ ਨੂੰ ਆਪਣੇ ਧਰਮ ਵਿਚ ਰਹਿਣ ਦਾ ਪੂਰਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਭਾਰਤੀ ਪਰਵਾਸੀਆਂ ਨੂੰ ਜੇਲ੍ਹ ਵਿਚ ਜੰਜ਼ੀਰਾਂ ਵਿਚ ਬੰਨ੍ਹ ਦਿੱਤਾ ਗਿਆ ਹੈ ਅਤੇ ਉਹ ਆਪਣੇ ਬੰਨ੍ਹੇ ਹੱਥਾਂ ਨਾਲ ਹੀ ਖਾਣਾ ਖਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਵਤੀਰਾ ਤਾਂ ਖਤਰਨਾਕ ਅਪਰਾਧੀਆਂ ਨਾਲ ਵੀ ਨਹੀਂ ਕੀਤਾ ਜਾਂਦਾ ਜਿਵੇਂ ਦਾ ਵਤੀਰਾ ਇਨ੍ਹਾਂ ਨਾਲ ਹੋ ਰਿਹਾ ਹੈ। ਇਨ੍ਹਾਂ ਬੰਦੀਆਂ ਨੂੰ ਉਨ੍ਹਾਂ ਬੰਦੀਆਂ ਵਿਚ ਰੱਖਿਆ ਜਾ ਰਿਹਾ ਹੈ, ਜਿਨ੍ਹਾਂ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ। ਕੁਝ ਦਿਨ ਪਹਿਲਾਂ ਸਥਾਨਕ ਸਿੱਖ ਜੇਲ੍ਹ ਵਿਚ ਬੰਦ ਬੰਦੀ ਸਿੰਘਾਂ ਵਿਚੋਂ ਕੁਝ ਨੂੰ ਕੱਪੜੇ ਦੇਣ ਵਿਚ ਸਫਲ ਹੋਏ ਹਨ, ਤਾਂ ਕਿ ਬੰਦੀ ਸਿੰਘ ਆਪਣੇ ਸਿਰਾਂ ਨੂੰ ਢੱਕ ਸਕਣ। ਨਵਨੀਤ ਕੌਰ ਨੇ ਕਿਹਾ ਕਿ ਇਨ੍ਹਾਂ ਬੰਦੀਆਂ ਵਿਚੋਂ ਕੋਈ ਵੀ ਵਿਅਕਤੀ ਭਾਰਤ ਵਾਪਸ ਨਹੀਂ ਜਾਣਾ ਚਾਹੁੰਦਾ। ਇਹ ਸਾਰੇ ਇਹ ਕਹਿ ਕੇ ਅਮਰੀਕਾ ਵਿਚ ਪਨਾਹ ਦੀ ਮੰਗ ਕਰ ਰਹੇ ਹਨ ਕਿ ਭਾਰਤ ਵਿਚ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ।
ਭਾਰਤੀ ਦੂਤਾਘਰ ਦੇ ਅਧਿਕਾਰੀ ਸਥਿਤੀ ਜਾਨਣ ਪਹੁੰਚੇ ਜੇਲ੍ਹ
ਸਿਆਟਲ : ਇਹ ਮਾਮਲਾ ਚਰਚਾ ਵਿਚ ਆਉਣ ਤੋਂ ਬਾਅਦ ਕੈਲੀਫੋਰਨੀਆ ਸਥਿਤ ਭਾਰਤੀ ਦੂਤਾਘਰ ਦੇ ਅਧਿਕਾਰੀਆਂ ਨੇ ਜੇਲ੍ਹ ਦਾ ਰੁਖ ਕੀਤਾ ਅਤੇ ਉਥੋਂ ਦੇ ਅਧਿਕਾਰੀਆਂ ਨਾਲ ਇਸ ਸਬੰਧੀ ਮੀਟਿੰਗਾਂ ਵੀ ਕੀਤੀਆਂ। ਇਸ ਤੋਂ ਬਾਅਦ ਉਨ੍ਹਾਂ ਤਸੱਲੀ ਪ੍ਰਗਟਾਈ ਕਿ ਜੇਲ੍ਹ ਵਿਚ ਗੈਰਕਾਨੂੰਨੀ ਢੰਗ ਨਾਲ ਅਮਰੀਕਾ ‘ਚ ਦਾਖਲ ਹੋਏ ਕਿਸੇ ਵੀ ਕੈਦੀ ਨੂੰ ਹਥਕੜੀਆਂ ਲਗਾ ਕੇ ਨਹੀਂ ਰੱਖਿਆ ਗਿਆ। ਸਾਨਫਰਾਂਸਿਸਕੋ ਕੈਲੀਫੋਰਨੀਆ ਸਥਿਤ ਭਾਰਤੀ ਦੂਤਘਰ ਦੇ ਅਧਿਕਾਰੀ ਅਮਿਤ ਦੱਤਾ ਨੇ ਸ਼ੈਰੀਡਨ ਜੇਲ੍ਹ ਵਿਚ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਜੇਲ੍ਹ ਅਧਿਕਾਰੀਆਂ ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨਾਲ ਇਨ੍ਹਾਂ ਸਾਰੇ ਭਾਰਤੀ ਕੈਦੀਆਂ ਬਾਰੇ ਗੱਲਬਾਤ ਕੀਤੀ ਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਜਦੋਂ ਕੈਦੀਆਂ ਨੂੰ ਸੰਗਲਾਂ ਨਾਲ ਬੰਨ੍ਹੇ ਹੋਣ ਬਾਰੇ ਪੁੱਛਿਆ ਗਿਆ ਤਾਂ ਇਮੀਗ੍ਰੇਸ਼ਨ ਤੇ ਜੇਲ੍ਹ ਅਧਿਕਾਰੀ ਵੀ ਹੈਰਾਨ ਰਹਿ ਗਏ। ਉਨ੍ਹਾਂ ਕਿਹਾ ਕਿ ਜੇਲ੍ਹ ਵਿਚ ਅਜਿਹਾ ਕੁਝ ਵੀ ਨਹੀਂ ਹੈ ਅਤੇ ਸਰਹੱਦ ਟੱਪ ਕੇ ਅਮਰੀਕਾ ਆਏ ਕੈਦੀਆਂ ਨਾਲ ਅਜਿਹਾ ਕਦੇ ਵੀ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਸੰਗਲਾਂ ਵਿਚ ਜਕੜ ਕੇ ਰੱਖਿਆ ਜਾਵੇ। ਹਾਂ ਜਦੋਂ ਸਰਹੱਦ ਤੋਂ ਫੜ ਕੇ ਜੇਲ੍ਹ ਲਿਆਇਆ ਜਾਂਦਾ ਹੈ, ਉਸ ਸਮੇਂ ਜ਼ਰੂਰ ਹੱਥਕੜੀਆਂ ਜਾਂ ਬੇੜੀਆਂ ਪਾਈਆਂ ਜਾਂਦੀਆਂ ਹਨ। ਪਰ ਜੇਲ੍ਹ ਪਹੁੰਚਦੇ ਹੀ ਇਹ ਖੋਲ੍ਹ ਦਿੱਤੀਆਂ ਜਾਂਦੀਆਂ ਹਨ।
ਇਹ ਹੈ ਨਵਨੀਤ ਕੌਰ
ਜੇਲ੍ਹ ‘ਚ ਗੈਰ ਕਾਨੂੰਨੀ ਪਰਵਾਸੀਆਂ ਨੂੰ ਕਾਨੂੰਨੀ ਸਹਾਇਤਾ ਮੁਹੱਈਆ ਕਰਵਾ ਰਹੀ ਗੈਰ ਲਾਭਕਾਰੀ ਕਾਨੂੰਨੀ ਕੰਪਨੀ ‘ਇਨੋਵੇਸ਼ਨ ਲਾਅ ਲੈਬ’ ਲਈ ਪ੍ਰੋਫੈਸਰ ਨਵਨੀਤ ਕੌਰ ਪੰਜਾਬੀ ਅਨੁਵਾਦਕ ਦੇ ਤੌਰ ‘ਤੇ ਕੰਮ ਕਰ ਰਹੀ ਹੈ। ਸ਼ੈਰੀਡਨ ਵਿਚ ਰੱਖੇ ਗਏ ਕੁੱਲ 123 ਗੈਰ ਕਾਨੂੰਨੀ ਪਰਵਾਸੀਆਂ ਵਿਚ ਸਭ ਤੋਂ ਜ਼ਿਆਦਾ ਭਾਰਤੀ ਹਨ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …