21.8 C
Toronto
Monday, September 15, 2025
spot_img
Homeਭਾਰਤਕਾਂਗਰਸ ਦੀ ਵਰਕਿੰਗ ਕਮੇਟੀ ਵਿਚੋਂ ਕੈਪਟਨ ਅਮਰਿੰਦਰ ਸਿੰਘ ਦੀ ਛੁੱਟੀ

ਕਾਂਗਰਸ ਦੀ ਵਰਕਿੰਗ ਕਮੇਟੀ ਵਿਚੋਂ ਕੈਪਟਨ ਅਮਰਿੰਦਰ ਸਿੰਘ ਦੀ ਛੁੱਟੀ

ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਦੀ ਸਰਵਉਚ ਨੀਤੀ ਨਿਰਧਾਰਣ ਸੰਸਥਾ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦਾ ਗਠਨ ਕਰ ਦਿੱਤਾ ਹੈ। ਨੌਜਵਾਨ ਅਤੇ ਅਨੁਭਵੀ ਸੀਨੀਅਰ ਨੇਤਾਵਾਂ ਦੀ ਇਸ ਨਵੀਂ ਕਮੇਟੀ ਵਿਚ ਜਿੱਥੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ, ਤਰੁਣ ਗੋਗੋਈ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਉਥੇ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਅਤੇ ਸੀਨੀਅਰ ਆਗੂ ਮੋਹਨ ਪ੍ਰਕਾਸ਼, ਆਸਕਰ ਫਰਨਾਂਡੀਜ਼, ਮੋਹਸਿਨਾ ਕਿਦਵਈ, ਜਨਾਰਦਨ ਦਿਵੇਦੀ, ਦਿਗਵਿਜੇ ਸਿੰਘ, ਕਮਲ ਨਾਥ, ਸੁਸ਼ੀਲ ਸ਼ਿੰਦੇ, ਕਰਣ ਸਿੰਘ ਅਤੇ ਸੀਪੀ ਜੋਸ਼ੀ ਦੀ ਵਰਕਿੰਗ ਕਮੇਟੀ ਵਿਚੋਂ ਛੁੱਟੀ ਕਰ ਦਿੱਤੀ ਗਈ ਹੈ। ਸੀਡਬਲਿਊਸੀ ਦੀ ਪਹਿਲੀ ਮੀਟਿੰਗ 22 ਜੁਲਾਈ ਨੂੰ ਹੋਵੇਗੀ। ਪਾਰਟੀ ਦੇ ਜਨਰਲ ਸਕੱਤਰ ਅਸ਼ੋਕ ਗਹਿਲੋਤ ਨੇ ਮੈਂਬਰਾਂ ਦੀ ਸੂਚੀ ਜਾਰੀ ਕਰਦਿਆਂ ਦੱਸਿਆ ਕਿ ਵਰਕਿੰਗ ਕਮੇਟੀ ਵਿਚ 23 ਮੈਂਬਰ ਹਨ, ਜਿਸ ਵਿਚ 19 ਸਥਾਈ, ਜਦਕਿ 9 ਵਿਸ਼ੇਸ਼ ਇਨਵਾਇਟੀ ਮੈਂਬਰ ਹਨ। ਵੱਖ-ਵੱਖ ਸੂਬਿਆਂ ਵਿਚੋਂ ਨਿਯੁਕਤ ਸੁਤੰਤਰ ਸਥਾਈ ਇਨਵਾਇਟੀ ਮੈਂਬਰ ਹੋਣਗੇ। ਪਾਰਟੀ ਦੇ ਪੰਜ ਮੁੱਖ ਸੰਗਠਨ -ਇੰਟਕ, ਸੇਵਾ ਦਲ, ਯੁਵਾ ਕਾਂਗਰਸ, ਮਹਿਲਾ ਕਾਂਗਰਸ ਅਤੇ ਐਨਐਸਯੂਆਈ ਦੇ ਮੁਖੀ ਵਿਸ਼ੇਸ਼ ਇਨਵਾਇਟੀ ਮੈਂਬਰ ਹੋਣਗੇ। ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਰਾਹੁਲ ਗਾਂਧੀ ਨੇ ਪਹਿਲੀ ਵਾਰ ਸੀਡਬਲਿਊਸੀ ਦਾ ਗਠਨ ਕੀਤਾ ਹੈ।
ਕਮੇਟੀ ‘ਚ ਇਹ ਹੋਣਗੇ ਸ਼ਾਮਲ : ਰਾਹੁਲ ਗਾਂਧੀ, ਸੋਨੀਆ ਗਾਂਧੀ, ਡਾ. ਮਨਮੋਹਨ ਸਿੰਘ, ਏਕੇ ਐਂਟਨੀ, ਅਹਿਮਦ ਪਟੇਲ, ਅੰਬਿਕਾ ਸੋਨੀ, ਮੋਤੀ ਲਾਲ ਵੋਹਰਾ, ਗੁਲਾਮ ਨਬੀ ਅਜ਼ਾਦ, ਮਲਿਕ ਅਰਜੁਨ ਖੜਗੇ, ਅਨੰਤ ਸ਼ਰਮਾ ਅਤੇ ਕੁਮਾਰੀ ਸੈਲਜ਼ਾ।
ਇਹ ਸਾਬਕਾ ਮੁੱਖ ਮੰਤਰੀ ਕਮੇਟੀ ਵਿਚ : ਅਸ਼ੋਕ ਗਹਿਲੋਤ, ਓਮਾਨ ਚਾਂਡੀ, ਤਰੁਣ ਗੋਗੋਈ, ਸਿਦਾਰਮੈਯਾ ਅਤੇ ਹਰੀਸ਼ ਰਾਵਤ। ਰਾਵਤ ਨੂੰ ਅਸਾਮ ਮਾਮਲਿਆਂ ਦਾ ਇੰਚਾਰਜ ਵੀ ਬਣਾਇਆ ਗਿਆ ਹੈ।
ਅਵਿਨਾਸ਼ ਪਾਂਡਯ ਅਤੇ ਵਾਸਨਿਕ ਨਵੇਂ ਚਿਹਰੇ : ਕਈ ਦਿੱਗਜ਼ਾਂ ਨੂੰ ਬਾਹਰ ਕਰਦੇ ਹੋਏ ਕਾਂਗਰਸ ਵਰਕਿੰਗ ਕਮੇਟੀ ਵਿਚ ਨਵੇਂ ਚਿਹਰਿਆਂ ਦੇ ਤੌਰ ‘ਤੇ ਮੁਕੁਲ ਵਾਸਨਿਕ, ਅਵਿਨਾਸ਼ ਪਾਂਡਯ, ਕੇਸੀ ਵੇਣੂਗੋਪਾਲ, ਦੀਪਕ ਬਾਬਰਿਆ, ਤਮਰਾਧਵਜ ਸਾਹੂ, ਗੈਖੰਗਮ ਅਤੇ ਅਸ਼ੋਕ ਗਹਿਲੋਤ ਨੂੰ ਸ਼ਾਮਲ ਕੀਤਾ ਗਿਆ ਹੈ। ਸੀਡਬਲਿਊਸੀ ਪਾਰਟੀ ਦੇ ਸਾਰੇ ਮੁੱਖ ਮੁੱਦਿਆਂ ‘ਤੇ ਸਲਾਹਕਾਰ ਕਮੇਟੀ ਦੇ ਤੌਰ ‘ਤੇ ਕੰਮ ਕਰਦੀ ਹੈ। ਮਾਰਚ ਵਿਚ ਹੋਏ ਸੰਮੇਲਨ ਤੋਂ ਬਾਅਦ ਕਮੇਟੀ ਦਾ ਕੋਈ ਵਜੂਦ ਨਹੀਂ ਸੀ।
ਸਥਾਈ ਇਨਵਾਇਟੀ ਮੈਂਬਰਾਂ ‘ਚ ਰਣਦੀਪ ਸੂਰਜੇਵਾਲਾ ਵੀ : ਕਮੇਟੀ ਦੇ ਸਥਾਈ ਇਨਵਾਇਟੀ ਮੈਂਬਰਾਂ ਵਿਚ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ, ਪੀ. ਚਿਦੰਬਰਮ, ਜਯੋਤਿਰਾਦਿੱਤਿਆ ਸਿੰਧੀਆ, ਰਣਦੀਪ ਸੂਰਜੇਵਾਲਾ, ਬਾਲਾਸਾਹਬ ਥੋਰਾਟ, ਤਾਰਿਕ ਹਮੀਦ ਕਾਰਾ ਅਤੇ ਪੀਸੀ ਚਾਕੋ ਸ਼ਾਮਲ ਹੈ।
ਵਿਸ਼ੇਸ਼ ਇਨਵਾਇਟੀ ਮੈਂਬਰਾਂ ਵਿਚ ਦੀਪੇਂਦਰ ਹੁੱਡਾ ਅਤੇ ਕੁਲਦੀਪ ਬਿਸ਼ਨੋਈ
ਕੇਐਚ ਮੁਨਿਥਪਾ, ਅਰੁਣ ਯਾਦਵ, ਦੀਪੇਂਦਰ ਹੁੱਡਾ, ਜਤਿਨ ਪ੍ਰਸਾਦ ਅਤੇ ਕੁਲਦੀਪ ਬਿਸ਼ਨੋਈ।

RELATED ARTICLES
POPULAR POSTS