Breaking News
Home / ਭਾਰਤ / ਮੋਦੀ ਨੂੰ ਆਪਣੀ ਪਤਨੀ ਦੇ ‘ਚਿੱਟੇ ਧੰਨ’ ਦਾ ਇਲਮ ਨਹੀਂ

ਮੋਦੀ ਨੂੰ ਆਪਣੀ ਪਤਨੀ ਦੇ ‘ਚਿੱਟੇ ਧੰਨ’ ਦਾ ਇਲਮ ਨਹੀਂ

ਪ੍ਰਧਾਨ ਮੰਤਰੀ ਇਸ ਵੇਲੇ ਦੋ ਕਰੋੜ ਰੁਪਏ ਦੀ ਸੰਪਤੀ ਦੇ ਹਨ ਮਾਲਕ
ਬਠਿੰਡਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਪਤਨੀ ਦੇ ‘ਚਿੱਟੇ ਧਨ’ ਦਾ ਵੀ ਇਲਮ ਨਹੀਂ ਹੈ ਜਦੋਂਕਿ ਉਹ ਦੇਸ਼ ਦੇ ਕਾਲੇ ਧਨ ਤੋਂ ਜਾਣੂ ਹੋਣ ਦੀ ਗੱਲ ਆਖਦੇ ਹਨ। ਪ੍ਰਧਾਨ ਮੰਤਰੀ ਨੇ ਹਫ਼ਤਾ ਪਹਿਲਾਂ ਸਾਲ 2016-17 ਦੀ ਸੰਪਤੀ ਦੀ ਜੋ ਰਿਟਰਨ ਪ੍ਰਧਾਨ ਮੰਤਰੀ ਦਫ਼ਤਰ ਕੋਲ ਜਮ੍ਹਾਂ ਕਰਾਈ ਹੈ, ਉਸ ਅਨੁਸਾਰ ਉਨ੍ਹਾਂ ਨੂੰ ਆਪਣੀ ਪਤਨੀ ਜਸ਼ੋਦਾਬੇਨ ਦੀ ਸੰਪਤੀ ਦਾ ਕੋਈ ਥਹੁ-ਪਤਾ ਨਹੀਂ ਹੈ।
ਪ੍ਰਧਾਨ ਮੰਤਰੀ ਨੇ ਆਪਣੀ ਪਤਨੀ ਦੀ ਸੰਪਤੀ ਬਾਰੇ ਲਿਖਿਆ ਹੈ ‘ਪਤਾ ਨਹੀਂ’। ਪ੍ਰਧਾਨ ਮੰਤਰੀ ਦਫ਼ਤਰ ਦੇ ਵੇਰਵਿਆਂ ਅਨੁਸਾਰ ਮੋਦੀ ਦੀ ਸੰਪਤੀ ਵਿੱਚ ਲੰਘੇ ਤਿੰਨ ਵਰ੍ਹਿਆਂ ਵਿੱਚ 74.01 ਲੱਖ ਰੁਪਏ ਦਾ ਵਾਧਾ ਹੋਇਆ ਹੈ, ਜਦੋਂਕਿ ਉਨ੍ਹਾਂ ਦੀ ਅਚੱਲ ਸੰਪਤੀ ਦੀ ਬਾਜ਼ਾਰੂ ਕੀਮਤ ਇੱਕ ਕਰੋੜ ‘ਤੇ ਅਟਕੀ ਹੋਈ ਹੈ। ਪ੍ਰਧਾਨ ਮੰਤਰੀ ਇਸ ਵੇਲੇ ਦੋ ਕਰੋੜ ਰੁਪਏ ਦੀ ਸੰਪਤੀ ਦੇ ਮਾਲਕ ਹਨ, ਜਿਸ ਵਿੱਚ ਇੱਕ ਕਰੋੜ ਉਨ੍ਹਾਂ ਦੀ ਅਚੱਲ ਸੰਪਤੀ ਹੈ। ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਸਾਲ 2013-14 ਵਿੱਚ ਉਨ੍ਹਾਂ ਦੀ ਕੁੱਲ ਸੰਪਤੀ 1.26 ਕਰੋੜ ਰੁਪਏ ਸੀ, ਜੋ ਹੁਣ ਵਧ ਕੇ 2,00,13,403 ਹੋ ਗਈ ਹੈ। ਹੁਣ ਉਨ੍ਹਾਂ ਕੋਲ 1.49 ਲੱਖ ਰੁਪਏ ਦੀ ਨਕਦ ਰਾਸ਼ੀ ਵੀ ਹੈ। ਪ੍ਰਧਾਨ ਮੰਤਰੀ ਬਣਨ ਮਗਰੋਂ ਪਹਿਲੇ ਮਾਲੀ ਵਰ੍ਹੇ ਵਿੱਚ ਉਨ੍ਹਾਂ ਦੀ ਆਮਦਨ ਵਿੱਚ 15.02 ਲੱਖ ਰੁਪਏ, ਦੂਜੇ ਵਰ੍ਹੇ 32.22 ਲੱਖ ਰੁਪਏ ਤੇ ਤੀਜੇ ਵਰ੍ਹੇ 26.76 ਲੱਖ ਦਾ ਵਾਧਾ ਹੋਇਆ ਹੈ। ਪਿਛਲੇ ਮਾਲੀ ਵਰੇ ਦੌਰਾਨ ਉਨ੍ਹਾਂ ਦੀ ਆਮਦਨ 1.73 ਕਰੋੜ ਰੁਪਏ ਸੀ।
ਮੋਦੀ ਕੋਲ ਗਾਂਧੀਨਗਰ (ਗੁਜਰਾਤ) ਵਿੱਚ ਇੱਕ ਪਲਾਟ ਹੈ। ਚਾਰ ਵਰ੍ਹਿਆਂ ਤੋਂ ਇਸ ਪਲਾਟ ਦੀ ਕੀਮਤ ਕਰੀਬ ਇੱਕ ਕਰੋੜ ਰੁਪਏ ਹੀ ਹੈ। ਉਨ੍ਹਾਂ ਕੋਲ ਸੋਨੇ ਦੀਆਂ ਚਾਰ ਮੁੰਦਰੀਆਂ ਹਨ, ਜਿਨ੍ਹਾਂ ਦੀ ਕੀਮਤ 1.28 ਲੱਖ ਰੁਪਏ ਹੈ। ਉਨ੍ਹਾਂ ਕੋਲ ਨਾ ਕੋਈ ਵਾਹਨ ਹੈ ਅਤੇ ਨਾ ਹੀ ਉਨ੍ਹਾਂ ਨੇ ਕਦੇ ਕਰਜ਼ ਲਿਆ ਤੇ ਦਿੱਤਾ ਹੈ। ਸੰਪਤੀ ਰਿਟਰਨ ਵਿੱਚ ਇੱਕੋ ਮਦ ਹੈਰਾਨ ਕਰਦੀ ਹੈ ਕਿ ਉਨ੍ਹਾਂ ਨੂੰ ਆਪਣੀ ਪਤਨੀ ਦੀ ਸੰਪਤੀ ਬਾਰੇ ਕੁਝ ਵੀ ਪਤਾ ਨਹੀਂ ਹੈ। ਜਸ਼ੋਦਾਬੇਨ ਨੇ ਖ਼ੁਦ ਵੀ ਕਦੇ ਆਪਣੀ ਸੰਪਤੀ ਬਾਰੇ ਕੋਈ ਖ਼ੁਲਾਸਾ ਨਹੀਂ ਕੀਤਾ ਹੈ।

Check Also

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8300 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ

ਵਿਕਾਸ ਪ੍ਰੋਜੈਕਟਾਂ ਲਈ ਤਾਮਿਲਨਾਡੂ ਵਾਸੀਆਂ ਨੂੰ ਦਿੱਤੀ ਵਧਾਈ ਰਾਮੇਸ਼ਵਰਮ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ …