ਕਿਹਾ : ਹੁਣ ਦੇਸ਼ ਨੂੰ ਸੁਧਰਨ ਦੀ ਜ਼ਰੂਰਤ
ਇਸਮਾਲਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਦੇ ਪਿਸ਼ਾਵਰ ਵਿਚ ਪਿਛਲੇ ਦਿਨੀਂ ਹੋਏ ਫਿਦਾਈਨ ਹਮਲੇ ਸਬੰਧੀ ਪਾਕਿਸਤਾਨ ਦੇ ਡਿਫੈਂਸ ਮੰਤਰੀ ਖਵਾਜ਼ਾ ਆਸਿਫ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਡਿਫੈਂਸ ਮੰਤਰੀ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਸ਼ਰਧਾਲੂਆਂ ‘ਤੇ ਹਮਲਾ ਤਾਂ ਭਾਰਤ ਵਿਚ ਵੀ ਨਹੀਂ ਹੁੰਦਾ ਹੈ। ਲੰਘੀ 30 ਜਨਵਰੀ ਨੂੰ ਪਿਸ਼ਾਵਰ ਦੀ ਪੁਲਿਸ ਲਾਈਨ ਦੀ ਮਸਜਿਦ ਵਿਚ ਬੰਬ ਧਮਾਕਾ ਹੋਇਆ ਸੀ, ਜਿਸ ਵਿਚ 100 ਦੇ ਕਰੀਬ ਵਿਅਕਤੀਆਂ ਦੀ ਜਾਨ ਚਲੇ ਗਈ ਸੀ ਅਤੇ 200 ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਹੋ ਗਏ ਸਨ। ਪਾਕਿਸਤਾਨ ਨੈਸ਼ਨਲ ਅਸੈਂਬਲੀ ਵਿਚ ਡਿਫੈਂਸ ਮੰਤਰੀ ਖਵਾਜ਼ਾ ਆਸਿਫ ਨੇ ਕਿਹਾ ਕਿ ਭਾਰਤ ਜਾਂ ਇਜ਼ਰਾਈਲ ਵਿਚ ਨਮਾਜ਼ ਦੇ ਦੌਰਾਨ ਨਮਾਜ਼ੀਆਂ ‘ਤੇ ਕਦੀ ਵੀ ਹਮਲਾ ਨਹੀਂ ਹੋਇਆ, ਪਰ ਪਾਕਿਸਤਾਨ ਵਿਚ ਨਮਾਜ਼ੀਆਂ ਦੇ ਵਿਚਕਾਰ ਬੈਠੇ ਇਕ ਹਮਲਾਵਰ ਨੇ ਖੁਦ ਨੂੰ ਉਡਾ ਲਿਆ।
ਪਾਕਿਸਤਾਨ ਦੇ ਮੀਡੀਆ ਦੀ ਰਿਪੋਰਟ ਮੁਤਾਬਕ ਮੰਤਰੀ ਆਸਿਫ ਨੇ ਕਿਹਾ ਕਿ ਅਸੀਂ ਖੁਦ ਅੱਤਵਾਦ ਦਾ ਬੀਜ ਬੀਜਿਆ ਹੈ। ਇਸਦੇ ਖਿਲਾਫ ਹੁਣ ਮਿਲ ਕੇ ਲੜਨਾ ਹੋਵੇਗਾ। ਆਸਿਫ ਨੇ ਕਿਹਾ ਕਿ ਹੁਣ ਵਕਤ ਆ ਗਿਆ ਹੈ ਕਿ ਪਾਕਿਸਤਾਨ ਸੁਧਰ ਜਾਏ।