Breaking News
Home / ਦੁਨੀਆ / ਓਬਾਮਾ ਵੱਲੋਂ ਗੱਲੀਂ-ਬਾਤੀਂ ਟਰੰਪ ‘ਤੇ ਟਕੋਰਾਂ

ਓਬਾਮਾ ਵੱਲੋਂ ਗੱਲੀਂ-ਬਾਤੀਂ ਟਰੰਪ ‘ਤੇ ਟਕੋਰਾਂ

Obama and Trump copy copyਮੁਸਲਮਾਨਾਂ ‘ਤੇ ਰੋਕ ਅਤੇ ਸਰਹੱਦ ਉਤੇ ਕੰਧਾਂ ਉਸਾਰਨ ਸਬੰਧੀ ਟਰੰਪ ਦੀਆਂ ਨੀਤੀਆਂ ਦੀ ਕੀਤੀ ਆਲੋਚਨਾ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਦੇ ਸੰਭਾਵੀ ਉਮੀਦਵਾਰ ਡੋਨਾਲਡ ਟਰੰਪ ਦੀ ਮੁਸਲਮਾਨਾਂ ਦਾ ਅਮਰੀਕਾ ਵਿੱਚ ਦਾਖ਼ਲਾ ਬੰਦ ਕਰਨ ਅਤੇ ਅਮਰੀਕਾ ਤੇ ਹੋਰ ਮੁਲਕਾਂ ਵਿਚਾਲੇ ਕੰਧਾਂ ਉਸਾਰਨ ਨਾਲ ਜੁੜੀਆਂ ਯੋਜਨਾਵਾਂ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਅਜਿਹਾ ਕਰਨ ਨਾਲ ਕੱਟੜਪੰਥੀਆਂ ਖ਼ਿਲਾਫ਼ ਲੜਾਈ ਵਿੱਚ ਅਮਰੀਕਾ ਦੇ ਅਹਿਮ ਸਹਿਯੋਗੀ ਅਲੱਗ ਥਲੱਗ ਪੈ ਜਾਣਗੇ। ਓਬਾਮਾ ਨੇ ਟਰੰਪ ਦਾ ਨਾਂ ਤਾਂ ਨਹੀਂ ਲਿਆ ਪਰ ਇਹ ਜ਼ਰੂਰ ਸਪੱਸ਼ਟ ਕਰ ਦਿੱਤਾ ਕਿ ਉਹ ਰੀਅਲ ਅਸਟੇਟ ਕਾਰੋਬਾਰੀ ਟਰੰਪ ਦੇ ਪ੍ਰਚਾਰ ਮੁਹਿੰਮ ਤੇ ਨੀਤੀਗਤ ਪ੍ਰਸਤਾਵਾਂ ਬਾਰੇ ਕੀ ਸੋਚਦੇ ਹਨ।
ਇੱਕ ਯੂਨੀਵਰਸਿਟੀ ਵਿੱਚ ਓਬਾਮਾ ਨੇ ਟਰੰਪ ਦੇ ਅਮਰੀਕਾ ਤੇ ਮੈਕਸੀਕੋ ਸਰਹੱਦ ‘ਤੇ ਕੰਧ ਉਸਾਰਨ ਦੇ ਪ੍ਰਸਤਾਵਾਂ ਵੱਲ ਇਸ਼ਾਰਾ ਕਰਦਿਆਂ ਕਿਹਾ, ‘ਦੁਨੀਆਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਪਸ ਵਿੱਚ ਜੁੜ ਰਹੀ ਹੈ ਅਤੇ ਇਹ ਰਿਸ਼ਤੇ ਰੋਜ਼ਾਨਾ ਗੂੜ੍ਹੇ ਹੋ ਰਹੇ ਹਨ। ਕੰਧਾਂ ਉਸਾਰਨ ਨਾਲ ਉਹ ਬਦਲਣਗੇ ਨਹੀਂ।’ ਰਾਸ਼ਟਰਪਤੀ ਨੇ ਗਰੈਜੂਏਟਾਂ ਨੂੰ ਕਿਹਾ ਕਿ ਉਹ ਉਨ੍ਹਾਂ ਲੋਕਾਂ ਦੇ ਸਾਹਮਣੇ ਖੜ੍ਹੇ ਹੋਣ ਜੋ ਕਹਿੰਦੇ ਹਨ ਕਿ ਅਮਰੀਕਾ ਪਹਿਲਾਂ ਚੰਗਾ ਸੀ। ਓਬਾਮਾ ਨੇ ਅਜਿਹੇ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਗਿਆਨ ਦਾ ਪ੍ਰਚਾਰ ਕਰਨ ਨਾ ਕਿ ਆਪਣੀ ਅਗਿਆਨਤਾ ਦੀ ਸ਼ੇਖੀ ਮਾਰਨ। ਓਬਾਮਾ ਨੇ 12 ਹਜ਼ਾਰ ਗਰੈਜੂਏਟਾਂ ਨੂੰ ਕਿਹਾ ਕਿ ਰਾਜਨੀਤੀ ਤੇ ਜੀਵਨ ਵਿੱਚ ਅਗਿਆਨਤਾ ਕੋਈ ਖੂਬੀ ਨਹੀਂ ਹੈ।
ਉਨ੍ਹਾਂ ਕਿਹਾ, ‘ਜਦੋਂ ਮੈਂ ਗਰੈਜੂਏਟ ਹੋਇਆ ਸੀ, ਅਮਰੀਕਾ ਉਦੋਂ ਦੀ ਤੁਲਨਾ ਵਿੱਚ ਹੁਣ ਬਿਹਤਰ ਹੈ। ਦੁਨੀਆਂ ਉਦੋਂ ਦੀ ਤੁਲਨਾ ਵਿੱਚ ਬਿਹਤਰ ਹੈ। ਹੁਣ ਵੱਧ ਜਮਹੂਰੀਅਤ ਹੈ। ਅਸੀਂ ਪੋਲੀਓ ਵਰਗੀਆਂ ਬਿਮਾਰੀਆਂ ਦਾ ਨਾਸ ਕਰ ਦਿੱਤਾ ਹੈ। ਅਸੀਂ ਗ਼ਰੀਬੀ ਤੇ ਬੱਚਿਆਂ ਦੀ ਮੌਤ ਦਰ ਬਹੁਤ ਘੱਟ ਕਰ ਦਿੱਤੀ ਹੈ।’ ਉਨ੍ਹਾਂ ਤਾੜੀਆਂ ਦੀ ਗੜਗੜਾਹਟ ਵਿੱਚ ਕਿਹਾ, ‘ਦੇਖੋ, ਇਕ ਰਾਸ਼ਟਰਪਤੀ ਵਜੋਂ ਮੇਰੀ ਪਹਿਲੀ ਜ਼ਿੰਮੇਵਾਰੀ ਹਮੇਸ਼ਾ ਅਮਰੀਕਾ ਦੀ ਸੁਰੱਖਿਆ ਅਤੇ ਵਿਕਾਸ ਹੈ ਅਤੇ ਨਾਗਰਿਕ ਹੋਣ ਦੇ ਨਾਤੇ ਅਸੀਂ ਸਾਰੇ ਆਪਣੇ ਦੇਸ਼ ਨੂੰ ਪਹਿਲੇ ਸਥਾਨ ‘ਤੇ ਰੱਖਦੇ ਹਾਂ। ਪਰ ਪਿਛਲੇ ਦੋ ਦਹਾਕਿਆਂ ਵਿੱਚ ਸਾਨੂੰ ਜੇਕਰ ਕੁੱਝ ਸਿਖਾਇਆ ਗਿਆ ਹੈ ਤਾਂ ਉਹ ਇਹ ਹੈ ਕਿ ਸਭ ਤੋਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਅਸੀਂ ਪਾਟੋ-ਧਾੜ ਹੋ ਕੇ ਨਹੀਂ ਕਰ ਸਕਦੇ। ਜਦੋਂ ਵਿਕਾਸਸ਼ੀਲ ਮੁਲਕਾਂ ਕੋਲ ਸਰਗਰਮ ਸਿਹਤਤੰਤਰ ਨਹੀਂ ਹੁੰਦਾ ਤਾਂ ਜ਼ੀਕਾ ਜਾਂ ਇਬੋਲਾ ਵਰਗੀਆਂ ਮਹਾਮਾਰੀਆਂ ਫੈਲ ਸਕਦੀਆਂ ਹਨ ਅਤੇ ਅਮਰੀਕਾ ਨੂੰ ਵੀ ਸੰਕਟ ਵਿੱਚ ਪਾ ਸਕਦੀਆਂ ਹਨ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …