
ਹਿੰਸਕ ਪ੍ਰਦਰਸ਼ਨਾਂ ਦੌਰਾਨ 22 ਵਿਅਕਤੀਆਂ ਦੀ ਜਾ ਚੁੱਕੀ ਹੈ ਜਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਨੇਪਾਲ ਵਿਚ ਸਰਕਾਰ ਵਲੋਂ ਸ਼ੋਸ਼ਲ ਮੀਡੀਆ ’ਤੇ ਲਗਾਈ ਗਈ ਪਾਬੰਦੀ ਦੇ ਖਿਲਾਫ ਅਤੇ ਭਿ੍ਰਸ਼ਟਾਚਾਰ ਦੇ ਖਿਲਾਫ ਜਾਰੀ ਅੰਦੋਲਨ ਨੂੰ ਅੱਜ ਤੀਜਾ ਦਿਨ ਹੈ। ਹਿੰਸਕ ਪ੍ਰਦਰਸਨਾਂ ਨੂੰ ਰੋਕਣ ਲਈ ਫੌਜ ਨੇ ਪੂਰੇ ਦੇਸ਼ ਦਾ ਕੰਟਰੋਲ ਆਪਣੇ ਹੱਥਾਂ ਵਿਚ ਲੈ ਲਿਆ ਹੈ। ਇਸਦੇ ਚੱਲਦਿਆਂ ਦੇਸ਼ ਵਿਆਪੀ ਪਾਬੰਦੀਆਂ ਵੀ ਲਾਗੂ ਕਰ ਦਿੱਤੀਆਂ ਗਈਆਂ ਹਨ ਅਤੇ ਕਰਫਿਊ ਵੀ ਲਗਾਇਆ ਗਿਆ। ਨੇਪਾਲ ਦੀ ਫੌਜ ਨੇ ਕਿਹਾ ਕਿ ਮੁਸ਼ਕਲ ਸਮੇਂ ਦਾ ਫਾਇਦਾ ਚੁੱਕ ਕੇ ਕੁਝ ਪ੍ਰਦਰਸ਼ਨੀਕਾਰੀ ਆਮ ਲੋਕਾਂ ਅਤੇ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾ ਰਹੇ ਹਨ। ਧਿਆਨ ਰਹੇ ਕਿ ਪ੍ਰਦਰਸ਼ਨਕਾਰੀਆਂ ਦੇ ਗੁੱਸੇ ਨੂੰ ਦੇਖਦੇ ਹੋਏ ਕੇ.ਪੀ. ਸ਼ਰਮਾ ਓਲੀ ਨੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਉਨ੍ਹਾਂ ਨੇ ਕਾਠਮੰਡੂ ਵੀ ਛੱਡ ਦਿੱਤਾ ਸੀ। ਇਸੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕੇ.ਪੀ. ਓਲੀ ਦੀ ਨਿੱਜੀ ਰਿਹਾਇਸ਼, ਰਾਸ਼ਟਰਪਤੀ ਭਵਨ ਅਤੇ ਸੁਪਰੀਮ ਕੋਰਟ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਸੀ। ਦੱਸਣਯੋਗ ਹੈ ਕਿ ਨੇਪਾਲੀ ਦੀ ਰਾਜਧਾਨੀ ਕਾਠਮੰਡੂ ਅਤੇ ਨੇੜਲੇ ਇਲਾਕਿਆਂ ਵਿਚ ਹਿੰਸਕ ਪ੍ਰਦਰਸ਼ਨਾਂ ਦੌਰਾਨ ਹੁਣ ਤੱਕ 22 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ ਅਤੇ 400 ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਵੀ ਹੋ ਚੁੱਕੇ ਹਨ।

