1 ਜੂਨ ਨੂੰ ਪੈਣਗੀਆਂ ਵੋਟਾਂ ਅਤੇ ਨਤੀਜੇ 4 ਜੂਨ ਨੂੰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ 7ਵੇਂ ਤੇ ਆਖਰੀ ਗੇੜ ਤਹਿਤ ਲੋਕ ਸਭਾ ਚੋਣਾਂ ਲਈ 1 ਜੂਨ ਨੂੰ ਵੋਟਾਂ ਪੈ ਜਾਣਗੀਆਂ। ਇਸਦੇ ਚੱਲਦਿਆਂ ਭਲਕੇ 30 ਮਈ ਦਿਨ ਵੀਰਵਾਰ ਨੂੰ ਸ਼ਾਮ 6 ਵਜੇ ਚੋਣ ਪ੍ਰਚਾਰ ਬੰਦ ਹੋ ਜਾਵੇਗਾ। ਇਸ ਤੋਂ ਬਾਅਦ ਉਮੀਦਵਾਰ ਕੋਈ ਚੋਣ ਰੈਲੀ ਨਹੀਂ ਕਰ ਸਕਣਗੇ, ਪਰ ਉਹ ਘਰ-ਘਰ ਜਾ ਕੇ ਵੋਟਾਂ ਜ਼ਰੂਰ ਮੰਗ ਸਕਣਗੇ। ਭਾਰਤ ਵਿਚ ਲੋਕ ਸਭਾ ਚੋਣਾਂ ਲਈ ਪਹਿਲੇ ਗੇੜ ਦੀਆਂ ਵੋਟਾਂ 19 ਅਪ੍ਰੈਲ ਨੂੰ ਪਈਆਂ ਸਨ ਅਤੇ 1 ਜੂਨ ਨੂੰ ਇਨ੍ਹਾਂ ਲੋਕ ਸਭਾ ਚੋਣਾਂ ਦਾ ਕੰਮ ਮੁਕੰਮਲ ਹੋ ਜਾਵੇਗਾ। ਪੰਜਾਬ ਦੇ ਨਾਲ ਹੀ ਚੰਡੀਗੜ੍ਹ ਅਤੇ ਹਿਮਾਚਲ ਵਿਚ ਵੀ 1 ਜੂਨ ਨੂੰ ਹੀ ਵੋਟਾਂ ਪੈਣੀਆਂ ਹਨ। ਇਸ ਤੋਂ ਬਾਅਦ ਸਾਰੇ 7 ਗੇੜਾਂ ਦੀਆਂ ਵੋਟਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ। ਇਨ੍ਹੀਂ ਦਿਨੀਂ ਪੈ ਰਹੀ ਕੜਾਕੇ ਦੀ ਗਰਮੀ ਕਾਰਨ ਚੋਣ ਕਮਿਸ਼ਨ ਨੇ ਵੋਟਰਾਂ ਦੀ ਸਹੂਲਤ ਲਈ ਢੁੱਕਵੇਂ ਇੰਤਜ਼ਾਮ ਕੀਤੇ ਹੋਏ ਹਨ। ਇਸਦੇ ਨਾਲ ਹੀ ਸੁਰੱਖਿਆ ਦੇ ਵੀ ਸਖਤ ਪ੍ਰਬੰਧ ਕੀਤੇ ਗਏ ਹਨ।