Breaking News
Home / ਪੰਜਾਬ / ਪੰਜਾਬ ‘ਚ ਪੜ੍ਹ ਰਹੇ ਕਸ਼ਮੀਰੀ ਵਿਦਿਆਰਥੀ ਮੁਸ਼ਕਲਾਂ ‘ਚ ਘਿਰੇ

ਪੰਜਾਬ ‘ਚ ਪੜ੍ਹ ਰਹੇ ਕਸ਼ਮੀਰੀ ਵਿਦਿਆਰਥੀ ਮੁਸ਼ਕਲਾਂ ‘ਚ ਘਿਰੇ

ਕਸ਼ਮੀਰ ਦੇ ਵਿਗੜੇ ਹਾਲਾਤ ਕਰਕੇ ਵਿਦਿਆਰਥੀਆਂ ਦਾ ਮਾਪਿਆਂ ਨਾਲ ਨਹੀਂ ਹੋ ਰਿਹਾ ਸੰਪਰਕ
ਜਲੰਧਰ/ਬਿਊਰੋ ਨਿਊਜ਼
ਕਸ਼ਮੀਰ ਦੇ ਵਿਦਿਆਰਥੀਆਂ ਲਈ ਵਿਦਿਅਕ ਅਦਾਰਿਆਂ ਵਿਚ ਆਪਣੀਆਂ ਫੀਸਾਂ ਦਾ ਭੁਗਤਾਨ ਕਰਨਾ ਵੀ ਮੁਸੀਬਤ ਬਣ ਗਿਆ ਹੈ। ਕਸ਼ਮੀਰ ਦੇ ਵਿਗੜੇ ਹਾਲਾਤ ਕਾਰਨ ਉਥੇ ਵਿਦਿਆਰਥੀਆਂ ਦਾ ਆਪਣੇ ਮਾਪਿਆਂ ਨਾਲ ਸੰਪਰਕ ਨਹੀਂ ਹੋ ਰਿਹਾ ਹੈ ਅਤੇ ਬੈਂਕ ਤੇ ਹੋਰ ਅਦਾਰੇ ਬੰਦ ਰਹਿਣ ਕਾਰਨ ਇਧਰ ਪੜ੍ਹ ਰਹੇ ਵਿਦਿਆਰਥੀਆਂ ਨੂੰ ਪੈਸਿਆਂ ਦੀ ਤੰਗੀ ਆ ਰਹੀ ਹੈ। ਜਿਹੜੇ ਵਿਦਿਆਰਥੀ ਦਾਖ਼ਲਾ ਲੈ ਕੇ ਵਾਪਸ ਕਸ਼ਮੀਰ ਚਲੇ ਗਏ ਸਨ, ਉਹ ਵੀ ਉਧਰ ਫਸ ਗਏ ਹਨ।
ਇੰਜਨੀਅਰਿੰਗ ਕਾਲਜ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਕਸ਼ਮੀਰ ਦੇ 300 ਦੇ ਕਰੀਬ ਵਿਦਿਆਰਥੀਆਂ ਨੇ ਕਾਲਜ ਵਿਚ ਦਾਖ਼ਲਾ ਲਿਆ ਸੀ। ਉਨ੍ਹਾਂ ਵਿਚੋਂ ਅਜੇ 50 ਵਿਦਿਆਰਥੀ ਹੀ ਵਾਪਸ ਆਏ ਹਨ, ਬਾਕੀ ਦੇ 250 ਵਿਦਿਆਰਥੀ ਉਥੇ ਫਸ ਗਏ ਹਨ। ਕਾਲਜ ਵੱਲੋਂ ਵਿਦਿਆਰਥੀਆਂ ਨੂੰ ਹਾਜ਼ਰੀਆਂ ਵਿਚ ਛੋਟ ਦਿੱਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਆਮ ਵਿਦਿਆਰਥੀਆਂ ਲਈ ਕਲਾਸ ਵਿਚ 75 ਫੀਸਦੀ ਹਾਜ਼ਰੀਆਂ ਦੀ ਲੋੜ ਹੁੰਦੀ ਹੈ ਜਦਕਿ ਕਸ਼ਮੀਰੀ ਵਿਦਿਆਰਥੀਆਂ ਨੂੰ 65 ਫੀਸਦੀ ਹਾਜ਼ਰੀਆਂ ਪੂਰੀਆਂ ਕਰਨ ਲਈ ਕਿਹਾ ਗਿਆ ਹੈ। ਲਵਲੀ ਯੂਨੀਵਰਸਿਟੀ ਦੇ ਚਾਂਸਲਰ ਅਸ਼ੋਕ ਮਿੱਤਲ ਨੇ ਦੱਸਿਆ ਕਿ ਯੂਨੀਵਰਸਿਟੀ ਵਿਚ 700 ਦੇ ਕਰੀਬ ਵਿਦਿਆਰਥੀ ਜੰਮੂ ਕਸ਼ਮੀਰ ਦੇ ਹਨ। ਉਥੋਂ ਦੇ ਹਾਲਾਤ ਵਿਗੜਨ ਕਾਰਨ ਵਿਦਿਆਰਥੀਆਂ ਕੋਲ ਫੀਸਾਂ ਦੇਣ ਲਈ ਪੈਸੇ ਨਹੀਂ ਹਨ। ਇਸ ਲਈ ਯੂਨੀਵਰਸਿਟੀ ਨੇ ਫੈਸਲਾ ਕੀਤਾ ਹੈ ਕਿ ਜਦੋਂ ਕਸ਼ਮੀਰ ਦੇ ਹਾਲਾਤ ਆਮ ਵਰਗੇ ਹੋਣਗੇ ਤਾਂ ਉਹ ਫੀਸਾਂ ਭਰ ਸਕਦੇ ਹਨ। ਸੀਟੀ ਇੰਸਟੀਚਿਊਟ ਸ਼ਾਹਪੁਰ ਦੇ ਬਾਹਰ ਪੀਸੀਆਰ ਦੀ ਗੱਡੀ ਤਾਇਨਾਤ ਕਰ ਦਿੱਤੀ ਗਈ ਹੈ। ਜਿਹੜੇ ਕਸ਼ਮੀਰੀ ਵਿਦਿਆਰਥੀਆਂ ਲਈ ਵਟਸਐਪ ਗਰੁੱਪ ਬਣਾਏ ਗਏ ਹਨ, ਉਸ ਵਿਚ ਐੱਸਪੀ ਤੇ ਐੱਸਐੱਚਓ ਨੂੰ ਸ਼ਾਮਲ ਕੀਤਾ ਗਿਆ ਹੈ।
ਸੀਟੀ ਇੰਸਟੀਚਿਊਟ ਦੇ ਐੱਮਡੀ ਮਨਬੀਰ ਸਿੰਘ ਨੇ ਦੱਸਿਆ ਕਿ ਕਸ਼ਮੀਰ ਦੇ ਕਈ ਵਿਦਿਆਰਥੀ ਦਾਖ਼ਲਾ ਲੈ ਕੇ ਵਾਪਸ ਚਲੇ ਗਏ ਸਨ ਅਤੇ ਉਨ੍ਹਾਂ ਈਦ ਤੇ 15 ਅਗਸਤ ਦੀਆਂ ਛੁੱਟੀਆਂ ਤੋਂ ਬਾਅਦ ਹੀ ਪਰਤਣਾ ਸੀ ਪਰ ਹੁਣ ਹਾਲਾਤ ਕਦੋਂ ਸੁਧਰਦੇ ਹਨ, ਉਨ੍ਹਾਂ ਦੀ ਵਾਪਸੀ ਇਸ ਗੱਲ ‘ਤੇ ਜ਼ਿਆਦਾ ਨਿਰਭਰ ਕਰੇਗੀ।

Check Also

ਸਾਬਕਾ ਕਾਂਗਰਸੀ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਸ਼ੋ੍ਰਮਣੀ ਅਕਾਲੀ ਦਲ ’ਚ ਹੋ ਸਕਦੇ ਹਨ ਸ਼ਾਮਲ

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਹੋਈ ਕੇਪੀ ਦੀ ਮੀਟਿੰਗ ਜਲੰਧਰ/ਬਿਊਰੋ ਨਿਊਜ਼ : ਪੰਜਾਬ ਕਾਂਗਰਸ …