Breaking News
Home / ਕੈਨੇਡਾ / ਡਾ. ਮਨਜੀਤ ਸਿੰਘ ਬੱਲ ਨਾਲ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਰਚਾਇਆ ਰੌਚਕ ਰੂ-ਬ-ਰੂ

ਡਾ. ਮਨਜੀਤ ਸਿੰਘ ਬੱਲ ਨਾਲ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਰਚਾਇਆ ਰੌਚਕ ਰੂ-ਬ-ਰੂ

ਡਾ. ਬੱਲ ਡਾਕਟਰੀ ਪੇਸ਼ੇ ਦੇ ਮਸ਼ਹੂਰ ਪਥਾਲੌਜਿਸਟ ਅਤੇ ਕਹਾਣੀਕਾਰ ਤੇ ਵਾਰਤਕ-ਲੇਖਕ ਵੀ ਹਨ
ਬਰੈਂਪਟਨ/ਡਾ. ਝੰਡ
ਲੰਘੇ ਮੰਗਲਵਾਰ 6 ਅਗਸਤ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮੈਂਬਰਾਂ ਵੱਲੋਂ ਪੰਜਾਬ ਤੋਂ ਆਏ ਬਹੁ-ਪੱਖੀ ਸ਼ਖ਼ਸੀਅਤ ਦੇ ਮਾਲਕ ਡਾ. ਮਨਜੀਤ ਸਿੰਘ ਬੱਲ ਨਾਲ ‘ਸ਼ੇਰਗਿੱਲ ਲਾਅ ਫ਼ਰਮ’ ਦੇ ਮੀਟਿੰਗ-ਹਾਲ ਵਿਚ ਬੜੇ ਹੀ ਰੌਚਕ ਰੂ-ਬ-ਰੂ ਦਾ ਆਯੋਜਨ ਕੀਤਾ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਮੰਚ-ਸੰਚਾਲਕ ਮਲੂਕ ਸਿੰਘ ਨੇ ਡਾ. ਮਨਜੀਤ ਸਿੰਘ ਬੱਲ, ਉਨ੍ਹਾਂ ਦੀ ਸੁਪਤਨੀ ਇੰਦਰਜੀਤ ਕੌਰ ਅਤੇ ਇਸ ਮੌਕੇ ਆਏ ਸਮੂਹ-ਮਹਿਮਾਨਾਂ ਨੂੰ ਨਿੱਘੀ ઑਜੀ-ਆਇਆਂ਼ ਕਹੀ। ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਆਏ ਮਹਿਮਾਨਾਂ ਦਾ ਬੜੇ ਭਾਵਪੂਰਤ ਸ਼ਬਦਾਂ ਨਾਲ ਸਵਾਗ਼ਤ ਕੀਤਾ ਗਿਆ। ਸਭਾ ਦੇ ਸਰਗ਼ਰਮ ਮੈਂਬਰ ਪੱਛਮੀ ਪਾਕਿਸਤਾਨ ਦੇ ਸ਼ਾਇਰ ਜਨਾਬ ਮਕਸੂਦ ਚੌਧਰੀ ਨੇ ਆਪਣੇ ਦਿਲਚਸਪ ਕਾਵਿ-ਟੋਟਕਿਆਂ ਨਾਲ ਆਏ ਮਹਿਮਾਨਾਂ ਦਾ ਨਿੱਘਾ ਸੁਆਗ਼ਤ ਕੀਤਾ ਓਕਵਿਲ ਸ਼ਹਿਰ ਤੋਂ ਉਚੇਚੇ ਤੌਰ ‘ਤੇ ਆਏ ਡਾ. ਪਰਗਟ ਸਿੰਘ ਬੱਗਾ ਨੇ ਆਪਣੇ ਵਿਲੱਖਣ ਅੰਦਾਜ਼ ਵਿਚ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦਾ ਮਹੀਨੇਵਾਰ ਅਤੇ ਅਜਿਹੇ ਖ਼ਾਸ ਸਮਾਗ਼ਮ ਕਰਾਉਣ ਲਈ ਧੰਨਵਾਦ ਕੀਤਾ।
ਉਪਰੰਤ, ਮੰਚ-ਸੰਚਾਲਕ ਨੇ ਡਾ. ਸੁਖਦੇਵ ਸਿੰਘ ਝੰਡ ਨੂੰ ਅਗਲੇਰੀ ਕਾਰਵਾਈ ਲਈ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਜਿਨ੍ਹਾਂ ਨੇ ਡਾ. ਮਨਜੀਤ ਸਿੰਘ ਬੱਲ ਬਾਰੇ ਹਾਜ਼ਰੀਨ ਨੂੰ ਮੁੱਢਲੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਾ. ਬੱਲ ਜਿੱਥੇ ਆਪਣੇ ਡਾਕਟਰੀ ਪੇਸ਼ੇ ਦੇ ਇਕ ਮਸ਼ਹੂਰ ਪਥਾਲੌਜਿਸਟ ਹਨ, ਉੱਥੇ ਉਹ ਇਕ ਵਧੀਆ ਕਹਾਣੀਕਾਰ ਅਤੇ ਵਾਰਤਕ-ਲੇਖਕ ਵੀ ਹਨ। ਇਸ ਦੇ ਨਾਲ਼ ਹੀ ਉਹ ਸੰਗੀਤ ਨੂੰ ਵੀ ਪੂਰੀ ਤਰ੍ਹਾਂ ਪ੍ਰਨਾਏ ਹੋਏ ਹਨ ਅਤੇ ਉਨ੍ਹਾਂ ਨੇ ਦੋ ਫ਼ਿਲਮਾਂ ‘ਮੁਸ਼ੱਰਤ ਸਰਹੱਦੋਂ ਪਾਰ’ ਅਤੇ ‘ਝਾਂਜਰ ਵਿਦ ਓਟੀਓਸਰਾਕੋਮਾ’ ਵੀ ਬਣਾਈਆਂ ਹਨ ਜਿਨ੍ਹਾਂ ਵਿਚ ਗੀਤ ਉਨ੍ਹਾਂ ਦੇ ਆਪਣੇ ਹੀ ਲਿਖੇ ਹੋਏ ਹਨ।
ਡਾ. ਬੱਲ ਨੇ ਆਪਣੇ ਬਾਰੇ ਗੱਲ ਕਰਦਿਆਂ ਹੋਇਆਂ ਦੱਸਿਆ ਉਹ ਅੰਮ੍ਰਿਤਸਰ ਜ਼ਿਲੇ ਦੇ ਪਿੰਡ ‘ਬੱਲ ਕਲਾਂ’ ਦੇ ਜੰਮ-ਪਲ ਹਨ ਅਤੇ ਉਨ੍ਹਾਂ ਸਰਕਾਰੀ ਮੈਡੀਕਲ ਕਾਲਜ ਤੋਂ ਐੱਮ.ਬੀ.ਬੀ.ਐੱਸ. ਅਤੇ ਐੱਮ.ਡੀ. ਕਰਨ ਤੋਂ ਬਾਅਦ ਕੁਝ ਕੁ ਪੇਂਡੂ-ਇਲਾਕਿਆਂ ਵਿਚ ਡਾਕਟਰੀ-ਸੇਵਾ ਨਿਭਾਉਣ ਤੋਂ ਬਾਅਦ ਇਸ ਮੈਡੀਕਲ ਕਾਲਜ ਅਤੇ ਇਸ ਦੇ ਨਾਲ ਜੁੜੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਕਈ ਸਾਲ ਨੌਕਰੀ ਕੀਤੀ। ਕੁਝ ਸਾਲਾਂ ਬਾਅਦ ਪ੍ਰਮੋਸ਼ਨ ਮਿਲਣ ‘ਤੇ ਉਹ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਪ੍ਰੋਫ਼ੈਸਰ ਤੇ ਮੁਖੀ ਵਜੋਂ ਤਾਇਨਾਤ ਹੋ ਗਏ। ਉੱਥੇ ਹੀ ਉਨ੍ਹਾਂ ਨੇ ਡਾਕਟਰੀ ਪੇਸ਼ੇ ਅਤੇ ਪੰਜਾਬੀ ਸਾਹਿਤ ਨਾਲ ਸਬੰਧਿਤ 13 ਪੁਸਤਕਾਂ ਲਿਖੀਆਂ ਅਤੇ ਛਪਵਾਈਆਂ ਜਿਨ੍ਹਾਂ ਵਿਚ ‘ਸਿਹਤ ਸੇਵਾਵਾਂ ਅਤੇ ਚੇਤਨਤਾ’ (ਪੰਜਾਬੀ ਯੂਨੀਵਰਸਿਟੀ ਪਟਿਆਲਾ), ‘ਰੋਗਾਂ ਦੀ ਉਤਪਤੀ ਕਿਵੇਂ ਤੇ ਕਿਉਂ’, ‘ਸਿਹਤ ਦੀ ਸੰਭਾਲ ਕਿਵੇਂ ਕਰੀਏ’, ‘ਡੱਬੀਆਂ ਵਾਲਾ ਖੇਸ’ (ਕਹਾਣੀਆਂ), ઑਆਪ ਕਾ ਸਵਾਸਥ਼ (ਹਿੰਦੀ),’ਸ਼ੇਖ ਬ੍ਰਹਮ’ (ਹਿੰਦੀ), ‘ਕਾਰਵਾਂ ਚੱਲਦਾ ਰਹੇ’, ‘ਮਾਈ ਕਸ਼ਮੀਰ ਵਿਜ਼ਿਟ’ (ਅੰਗਰੇਜ਼ੀ) ਤੇ ‘ਸਿਲਵਰ ਜੁਬਿਲੀ ਆਫ਼ ਪੈੱਨ-ਫ਼ਰੈਂਡਸ਼ਿਪ’ (ਅੰਗਰੇਜ਼ੀ) ਆਦਿ ਪ੍ਰਮੁੱਖ ਹਨ। ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੋਂ ਸੇਵਾ-ਮੁਕਤੀ ਤੋਂ ਬਾਅਦ ਉਹ ਅੱਜਕੱਲ੍ਹ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਸੋਲਨ ਦੇ ਨੇੜੇ ਇਕ ਪ੍ਰਾਈਵੇਟ ਕਾਲਜ ਵਿਚ ਪ੍ਰੋ. ਤੇ ਮੁਖੀ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਸਮਾਗ਼ਮ ਵਿਚ ਉਨ੍ਹਾਂ ਦੀ ਨਵੀਂ ਪੁਸਤਕ ‘ਕੁਦਰਤ ਦੀ ਕਾਇਨਾਤ’ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮੈਂਬਰਾਂ ਅਤੇ ਹੋਰ ਪਤਵੰਤੇ ਸੱਜਣਾਂ ਵੱਲੋਂ ਲੋਕ-ਅਰਪਿਤ ਕੀਤੀ ਗਈ।
ਇਸ ਦੌਰਾਨ ਉਨ੍ਹਾਂ ਪਾਕਿਸਤਾਨ ਦੀਆਂ ਆਪਣੀਆਂ ਦੋ ਫੇਰੀਆਂ ਦਾ ਵੀ ਬਾਖ਼ੂਬੀ ਜ਼ਿਕਰ ਕੀਤਾ ਜਿੱਥੇ ਉਹ ਕਾਨਫ਼ਰੰਸਾਂ ਵਿਚ ਡਾਕਟਰੀ ਨਾਲ ਸਬੰਧਿਤ ਪੇਪਰ ਪੜ੍ਹਨ ਗਏ ਅਤੇ ਉੱਥੇ ਉਨ੍ਹਾਂ ਨੇ ਸਾਹਿਤਕ-ਮਹਿਫ਼ਲਾਂ ਤੇ ਨਿੱਘੀਆਂ ਦੋਸਤੀਆਂ ਦਾ ਵੀ ਆਨੰਦ ਲਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਹਿਲੀ ਫਿਲਮ ‘ਮੁਸ਼ੱਰਤ ਸਰਹੱਦੋਂ ਪਾਰ’ ਬਨਾਉਣ ਲਈ ਮੁੱਢਲਾ ਵਿਚਾਰ ਅਤੇ ਮਸਾਲਾ ਵੀ ਉਨ੍ਹਾਂ ਨੂੰ ਉੱਥੋਂ ਹੀ ਮਿਲਿਆ। ਉਨ੍ਹਾਂ ਬੰਸਰੀ ‘ਤੇ ਪੁਰਾਣੀ ਫ਼ਿਲਮ ‘ਖ਼ਾਨਦਾਨ’ ਦੇ ਮਸ਼ਹੂਰ ਗੀਤ ‘ਤੁਮ੍ਹੀਂ ਮੇਰੇ ਮੰਦਰ, ਤੁਮ੍ਹੀਂ ਮੇਰੀ ਪੂਜਾ, ਤੁਮ੍ਹੀਂ ਦੇਵਤਾ ਹੋ, ਤੁਮ੍ਹੀਂ ਦੇਵਤਾ ਹੋ’ ਦੀ ਬਹੁਤ ਹੀ ਸੁਰੀਲੀ ਧੁੰਨ ਪੇਸ਼ ਕੀਤੀ ਜਿਸ ਨੂੰ ਹਾਜ਼ਰੀਨ ਨੇ ਖ਼ੂਬ ਪਸੰਦ ਕੀਤਾ। ਇਸ ਦੌਰਾਨ ਡਾ. ਸੁਖਦੇਵ ਸਿੰਘ ਝੰਡ ਵੱਲੋਂ ਆਪਣੀ ਸਵੈ-ਜੀਵਨੀ ਦੀ ਪੁਸਤਕ ઑਪੱਤੇ ਤੇ ਪਰਛਾਵੇਂ : ਚੌਹਾਨ ਤੋਂ ਬਰੈਂਪਟਨ ਡਾ. ਬੱਲ ਨੂੰ ਭੇਂਟ ਕੀਤੀ ਗਈ। ਚੱਲ ਰਹੇ ਸਮਾਗ਼ਮ ਦੌਰਾਨ ਇਕਬਾਲ ਬਰਾੜ ਅਤੇ ਡਾ. ਜਰਨੈਲ ਸਿੰਘ ਨੇ ਵੀ ਆਪਣੀਆਂ ਸੁਰੀਲੀਆਂ ਆਵਾਜ਼ਾਂ ਵਿਚ ਗੀਤ ਸੁਣਾਏ। ਕਰਨ ਅਜਾਇਬ ਸਿੰਘ ਸੰਘਾ ਨੇ ਕਸ਼ਮੀਰ ਸਮੱਸਿਆ ਬਾਰੇ ਬੜੀ ਹੀ ਭਾਵੁਕ ਕਵਿਤਾ ਪੇਸ਼ ਕੀਤੀ ਅਤੇ ਹਰਜਿੰਦਰ ਸਿੰਘ ਭਸੀਨ ਨੇ ਵੀ ਇਕ ਕਵਿਤਾ ਵੀ ਸੁਣਾਈ। ਅਗਲਾ ਦਿਨ ਕੰਮ ਵਾਲਾ ਹੋਣ ਕਾਰਨ ਕਵੀ-ਦਰਬਾਰ ਨੂੰ ਸੀਮਤ ਹੀ ਰੱਖਿਆ ਗਿਆ।
ਅਖ਼ੀਰ ਵਿਚ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਹੋਇਆਂ ਡਾ. ਮਨਜੀਤ ਸਿੰਘ ਬੱਲ ਦੀਆਂ ਮੈਡੀਸੀਨ ਦੇ ਨਾਲ ਨਾਲ਼ ਮਿਊਜ਼ਿਕ ਅਤੇ ਸਾਹਿਤਕ ਖ਼ੇਤਰਾਂ ਨਾਲ ਜੁੜੀਆਂ ਦਿਲਚਸਪੀਆਂ ਦੀ ਖ਼ੂਬ ਸਰਾਹਨਾ ਕੀਤੀ।
ਉਨ੍ਹਾਂ ਡਾ. ਬੱਲ ਦੀ ਫ਼ਿਲਮ ‘ਝਾਂਜਰ ਵਿਚ ਓਸਟੀਓਸਰਾਕੋਮਾ’ ਦੀ ਖ਼ਾਸ ਤੌਰ ‘ਤੇ ਪ੍ਰਸੰਸਾ ਕੀਤੀ ਜਿਹੜੀ ਕਿ ਦੋ ਕੁ ਸਾਲ ਪਹਿਲਾਂ ਇੱਥੇ ਬਰੈਂਪਟਨ ਵਿਚ ਬਹੁਤ ਸਾਰੇ ਦਰਸ਼ਕਾਂ ਦੇ ਇਕੱਠ ਵਿਚ ਵਿਖਾਈ ਗਈ ਸੀ। ਇਸ ਮੌਕੇ ਹਾਜ਼ਰੀਨ ਵਿਚ ਪਰਮਜੀਤ ਸਿੰਘ ਢਿੱਲੋਂ, ਡਾ. ਜਗਮੋਹਨ ਸਿੰਘ ਸੰਘਾ, ਹਰਜਸਪ੍ਰੀਤ ਗਿੱਲ, ਗਿਆਨ ਸਿੰਘ ਦਰਦੀ, ਡਾ.ਹਰਦੀਪ ਸਿੰਘ ਅਟਵਾਲ, ਡਾ. ਤੇਜਵੰਤ ਥਿੰਦ, ਪਲਵਿੰਦਰ ਸਿੰਘ ਅਹੀਰ, ਦਰਸ਼ਨ ਸਿੰਘ ਦਰਸ਼ਨ, ਜਸਵਿੰਦਰ ਸਿੰਘ ਅਤੇ ਡਾ. ਬੱਲ ਦੇ ਕਈ ਦੋਸਤ ਸ਼ਾਮਲ ਸਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …