11.2 C
Toronto
Saturday, October 18, 2025
spot_img
Homeਕੈਨੇਡਾਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਅਕਤੂਬਰ ਮਹੀਨੇ ਦੀ ਅੰਤਰਰਾਸ਼ਟਰੀ ਕਾਵਿ ਮਿਲਣੀ ਪ੍ਰਭਾਵਸ਼ਾਲੀ ਹੋ...

ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਅਕਤੂਬਰ ਮਹੀਨੇ ਦੀ ਅੰਤਰਰਾਸ਼ਟਰੀ ਕਾਵਿ ਮਿਲਣੀ ਪ੍ਰਭਾਵਸ਼ਾਲੀ ਹੋ ਨਿਬੜੀ

ਬਰੈਂਪਟਨ/ਰਮਿੰਦਰ ਵਾਲੀਆ : ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਤੇ ਪ੍ਰਬੰਧਕੀ ਟੀਮ ਮੈਂਬਰਜ਼ ਵੱਲੋਂ 11 ਅਕਤੂਬਰ ਦਿਨ ਸ਼ਨੀਵਾਰ ਨੂੰ ਅੰਤਰਰਾਸ਼ਟਰੀ ਕਾਵਿ ਮਿਲਣੀ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਇਸ ਕਾਵਿ ਮਿਲਣੀ ਵਿੱਚ ਦੇਸ਼ ਵਿਦੇਸ਼ ਤੋਂ ਬਹੁਤ ਨਾਮਵਰ ਕਵੀਆਂ ਅਤੇ ਸਾਹਿਤਕਾਰਾਂ ਨੇ ਸ਼ਿਰਕਤ ਕੀਤੀ। ਇਸ ਕਾਵਿ ਮਿਲਣੀ ਦੇ ਹੋਸਟ ਸੰਸਥਾ ਦੇ ਸਰਪ੍ਰਸਤ ਸੁਰਜੀਤ ਕੌਰ ਸਨ ਜਿਹਨਾਂ ਦੀ ਹੋਸਟਿੰਗ ਬਹੁਤ ਹੀ ਕਾਬਿਲੇ ਤਾਰੀਫ ਸੀ। ਰਮਿੰਦਰ ਰੰਮੀ ਨੇ ਹਾਜ਼ਰੀਨ ਮੈਂਬਰਜ਼ ਨੂੰ ਰਸਮੀ ਜੀ ਆਇਆਂ ਕਿਹਾ ਤੇ ਪ੍ਰੋਗਰਾਮ ਦੀ ਸ਼ੁਰੂਆਤ ਪ੍ਰਧਾਨ ਰਿੰਟੂ ਭਾਟੀਆ ਨੇ ਕੀਤੀ ਤੇ ਹਾਜ਼ਰੀਨ ਸੱਭ ਮੈਂਬਰਜ਼ ਨੂੰ ਰਸਮੀ ਜੀ ਆਇਆਂ ਕਹਿੰਦਿਆਂ ਹੋਇਆਂ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਹੋਣ ਵਾਲੇ ਸਾਰੇ ਪ੍ਰੋਗਰਾਮਾਂ ਤੋਂ ਜਾਣੂ ਕਰਾਇਆ। ਰਿੰਟੂ ਨੇ ਪ੍ਰੋਗਰਾਮ ਦਾ ਆਗਾਜ਼ ਰਮਿੰਦਰ ਰੰਮੀ ਦੀ ਇੱਕ ਨਜ਼ਮ ‘ਸੁਣ ਔਰਤ’ ਸੁਣਾ ਕੇ ਕੀਤਾ। ਉਹਨਾਂ ਦੀ ਪੇਸ਼ਕਾਰੀ ਕਮਾਲ ਦੀ ਸੀ। ਔਰਤਾਂ ਨੂੰ ਹਲੂਣਾ ਦਿੰਦੀ ਹੋਈ ਨਜ਼ਮ ਸੀ। ਹੋਸਟ ਸਰਪ੍ਰਸਤ ਸੁਰਜੀਤ ਕੌਰ ਨੇ ਸੱਭ ਮੈਂਬਰਜ਼ ਦਾ ਸਵਾਗਤ ਕਰਦੇ ਹੋਏ ਦੱਸਿਆ ਕਿ ਹੁਣ ਤੱਕ 5 ਸਾਲਾਂ ਵਿੱਚ ਕਾਵਿ ਮਿਲਣੀ ਪ੍ਰੋਗਰਾਮ ਵਿੱਚ 700 ਦੇ ਕਰੀਬ ਕਵੀ ਆ ਚੁੱਕੇ ਹਨ। ਇਹ ਰਮਿੰਦਰ ਰੰਮੀ ਦੀ ਮਿਹਨਤ ਤੇ ਹਿੰਮਤ ਹੈ।
ਉਹਨਾਂ ਨੇ ਆਪਣੇ ਮਨ ਪਸੰਦ ਕਵੀ ਡਾ . ਹਰਭਜਨ ਸਿੰਘ ਜੀ ਦੀ ਰਚਨਾ ‘ਹੇ ਮਹਾਨ ਜ਼ਿੰਦਗੀ, ਨਮਸਕਾਰ ਨਮਸਕਾਰ) ਦੀਆਂ ਦੋ ਲਾਈਨਾਂ ਸੁਣਾ ਕੇ ਕਾਵਿ ਮਿਲਣੀ ਨੂੰ ਸ਼ੁਰੂ ਕੀਤਾ। ਮੁੱਖ ਮਹਿਮਾਨਾਂ ਤੇ ਸਾਰੇ ਹੀ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕਰਦਿਆਂ ਉਹਨਾਂ ਸੱਭ ਮੈਂਬਰਜ਼ ਨਾਲ ਕਾਵਿ ਮਿਲਣੀ ਰੂਲਜ਼ ਦੀ ਜਾਣਕਾਰੀ ਸਾਂਝੀ ਕੀਤੀ। ਸੱਭ ਤੋਂ ਪਹਿਲਾਂ ਡਾ. ਜਸਬੀਰ ਕੌਰ ਨੇ ਆਪਣੀ ਰਚਨਾ ‘ਮਾਂ ਦੇ ਅਨੇਕਾਂ ਰੂਪ ਨੂੰ ਲੈ ਕੇ’ ਨੂੰ ਬਹੁਤ ਖ਼ੂਬਸੂਰਤ ਅੰਦਾਜ਼ ਵਿੱਚ ਪੇਸ਼ ਕੀਤਾ, ਫਿਰ ਕਾਰਿਆ ਪ੍ਰਭਜੋਤ ਨੇ ‘ਹਾਂ ਮੈਂ ਤੇਰੇ ਜਿਹੀ ਨਹੀਂ’ ਬਹੁਤ ਭਾਵਪੂਰਤ ਰਚਨਾ ਪੇਸ਼ ਕੀਤੀ। ਫਿਰ ਰਾਜਿੰਦਰਪਾਲ ਕੌਰ ਸੰਧੂ ਨੇ ਅੱਜ ਦੇ ਹਾਲਾਤ ‘ਤੇ ਬਹੁਤ ਦਿਲ ਟੁੰਬਵੀਂ ਰਚਨਾ ‘ਐਸਾ ਗਿਆ ਝੰਬਿਆ ਪੰਜਾਬ ਸਹੇਲੀਓ’ ਨੂੰ ਪੇਸ਼ ਕੀਤਾ। ਪਰਜਿੰਦਰ ਕੌਰ ਕਲੇਰ ਨੇ ਆਪਣੀ ਬਹੁਤ ਪਿਆਰੀ ਗ਼ਜ਼ਲ ‘ ਮਨ ਵਿੱਚ ਖੋਟ ਜਿਹਨਾਂ ਦੇ ਹੋਵੇ’ ਨੂੰ ਖ਼ੂਬਸੂਰਤ ਅਵਾਜ਼ ਵਿਚ ਪੇਸ਼ ਕੀਤਾ। ਗੁਰਪ੍ਰੀਤ ਸਿੰਘ ਬੀੜ ਨੇ ‘ਕਿਤੇ ਦਿਲੋਂ ਨਾ ਭੁਲਾ ਦਿਉ ਮਾਂ ਬੋਲੀ ਪੰਜਾਬੀ ਵੀਰ ਨੂੰ’ ਬਹੁਤ ਖ਼ੂਬਸੂਰਤ ਸ਼ਬਦਾਂ ਵਿਚ ਪੇਸ਼ ਕੀਤਾ। ਅੰਜੂ ਗਰੋਵਰ ਨੇ ਆਪਣੀ ਬਹੁਤ ਪਿਆਰੀ ਗ਼ਜ਼ਲ ‘ਹਰ ਵੇਲੇ ਵੀ ਹਰ ਨਹੀਂ ਹੁੰਦਾ’ ਨੂੰ ਪਿਆਰੇ ਅੰਦਾਜ਼ ਵਿੱਚ ਪੇਸ਼ ਕੀਤਾ । ਕੁਲਦੀਪ ਚਿਰਾਗ਼ ਨਾਮਵਰ ਗ਼ਜ਼ਲਗੋ ਨੇ ‘ਇਹ ਐਵੇਂ ਨਾ ਮੇਰੇ ਲੇਖਾਂ ‘ਚ ਆਈ ਹੈ ਮੁਹੱਬਤ’ ਬਹੁਤ ਖ਼ੂਬਸੂਰਤ ਅਵਾਜ਼ ਵਿੱਚ ਪੇਸ਼ ਕੀਤਾ। ਡਾ. ਰਣਜੋਧ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ‘ਤੇ ਲਿਖੀ ਵਾਰ ਨੂੰ ਬਹੁਤ ਜੋਸ਼ੀਲੀ ਅਵਾਜ਼ ਤੇ ਅੰਦਾਜ਼ ਨਾਲ ਪੇਸ਼ ਕੀਤਾ , ਜਿਸਨੂੰ ਸੱਭ ਨੇ ਸਲਾਹਿਆ।
ਸਤਬੀਰ ਸਿੰਘ ਨੇ ਆਪਣੀ ਨਜ਼ਮ ‘ਭਰੋਸਾ ਨਹੀਉਂ ਜ਼ਿੰਦਗੀ ਦਾ, ਇਕ ਪੱਲ ਹੈ ਕਿ ਛਿਨ ਹੈ’ ਪੇਸ਼ ਕੀਤਾ, ਇਹ ਦੱਸਿਆ ਕਿ ਸਾਡੀ ਜ਼ਿੰਦਗੀ ਦੀ ਅਸਲ ਸਚਾਈ ਇਹੀ ਹੈ। ਮੁੱਖ ਮਹਿਮਾਨ ਪਰਮਜੀਤ ਸਿੰਘ ਢਿੱਲੋਂ ਨੇ ਆਪਣਾ ਬਹੁਤ ਮਨਪਸੰਦ ਗੀਤ ‘ਪੱਥਰਾਂ ਵਰਗੇ ਸ਼ਹਿਰਾਂ ਆ ਕੇ ਪੱਥਰ ਹੋ ਗਏ ਹਾਂ’ ਆਪਣੀ ਮਿੱਠੀ ਅਵਾਜ਼ ਵਿੱਚ ਤਰੁੰਨਮ ਵਿੱਚ ਗਾ ਕੇ ਪੇਸ਼ ਕੀਤਾ। ਅੰਤ ਵਿੱਚ ਮੁੱਖ ਮਹਿਮਾਨ ਪ੍ਰੋ. ਸੁਹਿੰਦਰ ਬੀਰ ਨੇ ਕਾਵਿ ਮਿਲਣੀ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੱਭ ਕਵੀਆਂ ਦੀਆਂ ਰਚਨਾਵਾਂ ਬਹੁਤ ਖ਼ੂਬਸੂਰਤ ਤੇ ਸੰਵੇਦਨਸ਼ੀਲ ਸਨ। ਉਹਨਾਂ ਆਪਣਾ ਗੀਤ ‘ਦੁੱਖ ਮੇਰੇ ਸਾਹਾਂ ਵਿਚ ਉਮਰਾਂ ਨਿਭਾਉਣ ਨੀ’ ਤਰੁੰਨਮ ਵਿਚ ਬਹੁਤ ਖ਼ੂਬਸੂਰਤ ਅਵਾਜ਼ ਤੇ ਅੰਦਾਜ਼ ਵਿੱਚ ਪੇਸ਼ ਕੀਤਾ ਜਿਸਦੀ ਸਭ ਨੇ ਸਰਾਹੁਣਾ ਕੀਤੀ।
ਮਲੂਕ ਸਿੰਘ ਕਾਹਲੋਂ ਨੇ ਤੇ ਡਾ. ਦਲਬੀਰ ਸਿੰਘ ਕਥੂਰੀਆ ਚੇਅਰਮੈਨ ਵਿਸ਼ਵ ਪੰਜਾਬੀ ਸਭਾ ਨੇ ਵੀ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਹੋ ਰਹੇ ਪ੍ਰੋਗਰਾਮਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਤੁਸੀਂ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਬਹੁਤ ਵਧੀਆ ਕੰਮ ਕਰ ਰਹੇ ਹੋ।
ਲਹਿੰਦੇ ਪੰਜਾਬ ਤੋਂ ਨਾਮਵਰ ਸੂਫ਼ੀ ਗਾਇਕ ਹੂਸਨੈਨ ਅਕਬਰ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ ਤੇ ਉਹਨਾਂ ਆਪਣੀ ਤੇ ਸੱਭ ਦੀ ਮਨਪਸੰਦ ‘ਹੀਰ’ ਨੂੰ ਬਹੁਤ ਖ਼ੂਬਸੂਰਤ ਤੇ ਦਮਦਾਰ ਅਵਾਜ਼ ਵਿਚ ਪੇਸ਼ ਕੀਤਾ। ਅਖੀਰ ਵਿੱਚ ਚੇਅਰਮੈਨ ਪਿਆਰਾ ਸਿੰਘ ਕੁੱਦੋਵਾਲ ਨੇ ਮੀਟਿੰਗ ਵਿੱਚ ਹਾਜ਼ਰੀਨ ਮੈਂਬਰਜ਼ ਦਾ ਮੋਹ ਭਿੱਜੇ ਸ਼ਬਦਾਂ ਨਾਲ ਧੰਨਵਾਦ ਕੀਤਾ ਤੇ ਹਮੇਸ਼ਾਂ ਵਾਂਗ ਆਪਣੇ ਵਿਲੱਖਣ ਅੰਦਾਜ਼ ਵਿੱਚ ਪ੍ਰੋਗਰਾਮ ਨੂੰ ਸਮਅੱਪ ਵੀ ਕੀਤਾ, ਉਹ ਬਹੁਤ ਸ਼ਿੱਦਤ ਨਾਲ ਨਿਠ ਕੇ ਸਾਰੇ ਪ੍ਰੋਗਰਾਮ ਨੂੰ ਸੁਣਦੇ ਹਨ ਤੇ ਫਿਰ ਸਾਰੇ ਸ਼ਾਇਰਾਂ ਦੀਆਂ ਰਚਨਾਵਾਂ ਤੇ ਬਹੁਤ ਭਾਵਪੂਰਤ ਆਪਣੀਆਂ ਟਿੱਪਣੀਆਂ ਨੂੰ ਸਾਂਝੇ ਕਰਦੇ ਹਨ। ਪਿਆਰਾ ਸਿੰਘ ਕੁੱਦੋਵਾਲ ਨੇ ਹੁਸਨੈਨ ਅਕਬਰ ਦੀ ਸ਼ਾਇਰੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਹ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਦੀਵਾ ਆਪ ਜੀ ਵਰਗੇ ਦਾਨਿਸ਼ਵਰਾਂ ਨੇ ਜਗਾਉਣਾ ਹੈ। ਪਿਆਰਾ ਸਿੰਘ ਕੁੱਦੋਵਾਲ ਨੇ ਹੁਣ ਤੱਕ ਜਿੰਨੇ ਸ਼ਾਇਰ 5 ਸਾਲਾਂ ਵਿੱਚ ਆ ਚੁੱਕੇ ਹਨ ਤੇ ਜੋ ਹੋਰ ਆਉਣ ਵਾਲੇ ਹਨ ਉਹਨਾਂ ਸੱਭਨਾਂ ਨੂੰ ਮੁਬਾਰਕਬਾਦ ਤੇ ਸ਼ੁੱਭ ਇੱਛਾਵਾਂ ਦਿੱਤੀਆਂ। ਉਹਨਾਂ ਨੇ ਇਹ ਕਿਹਾ ਕਿ ਅੱਜਕੱਲ੍ਹ ਕਵੀ ਦਰਬਾਰਾਂ ਵਿਚ ਕਵੀਆਂ ਨੂੰ ਮਾਣ ਸਤਿਕਾਰ ਕਿਉਂ ਨਹੀਂ ਦਿੱਤਾ ਜਾਂਦਾ, ਉਹਨਾਂ ਨੇ ਡਾ. ਹਰਭਜਨ ਸਿੰਘ ਦੀ ਰਚਨਾ ਦੇ ਹਵਾਲੇ ਨਾਲ ਉਸਦਾ ਜਵਾਬ ਕੁਝ ਇਸ ਤਰ੍ਹਾਂ ਦਿੱਤਾ..’ ਮਿਲੀਏ ਤਾਂ ਮਿਲੀਏ ਕਿਸ ਥਾਵੇਂ, ਨਾ ਅਸੀਂ ਧੁੱਪੇ ਨਾ ਛਾਵੇਂ। ਨਾ ਮਨ ਵਿਚ ਵਿਸ਼ਵਾਸ ਪੁਰਾਣਾ, ਨਵਾਂ ਕੋਈ ਧਰਵਾਸ ਨਾ ਜਾਣਾ’। ਉਹਨਾਂ ਕਿਹਾ ਸਾਨੂੰ ਸ਼ਾਇਰਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਪਿਆਰਾ ਸਿੰਘ ਕੁੱਦੋਵਾਲ ਨੇ ਨਾਮਵਰ ਲੇਖਕ ਡਾ. ਫ਼ਕੀਰ ਚੰਦ ਸ਼ੁਕਲਾ ਤੇ ਗੀਤਕਾਰ ਰਾਜਵੀਰ ਸਿੰਘ ਜਵੰਦਾ ਦੇ ਵਿਛੜ ਜਾਣ ਤੇ ਉਹਨਾਂ ਸਾਰੀ ਸਭਾ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ । ਉਹਨਾਂ ਕਿਹਾ ਕਿ ਅੱਜ ਦੇ ਕਵੀ ਦਰਬਾਰ ਵਿੱਚ ਕਵਿਤਾ, ਗੀਤ, ਗ਼ਜ਼ਲ ਅਤੇ ਵਾਰ ਕਾਵਿ ਵੀ ਹੋਇਆ। ਉਹਨਾਂ ਦੱਸਿਆ ਕਿ ਸਾਰੇ ਕਵੀਆਂ ਦੀਆਂ ਰਚਨਾਵਾਂ ਬਹੁਤ ਪ੍ਰਭਾਵਸ਼ਾਲੀ ਤੇ ਸੰਵੇਦਨਸ਼ੀਲ ਸਨ। ਇਸ ਸਫ਼ਲ ਪ੍ਰੋਗਰਾਮ ਦੀ ਉਹਨਾਂ ਸੱਭ ਨੂੰ ਵਧਾਈ ਦਿੱਤੀ ਤੇ ਕਿਹਾ ਅਕਤੂਬਰ ਮਹੀਨੇ ਦੀ ਕਾਵਿ ਮਿਲਣੀ ਬਹੁਤ ਪ੍ਰਭਾਵਸ਼ਾਲੀ ਰਹੀ । ਉਹਨਾਂ ਨੇ ਸੱਭ ਮੈਂਬਰਜ਼ ਦਾ ਦਿਲੋਂ ਧੰਨਵਾਦ ਕੀਤਾ । ਧੰਨਵਾਦ ਸਹਿਤ ।

 

 

RELATED ARTICLES

ਗ਼ਜ਼ਲ

POPULAR POSTS