ਬਰੈਂਪਟਨ/ਬਿਊਰੋ ਨਿਊਜ਼ : ਜਬਰੀ ਵਸੂਲੀ ਅੱਜ ਕੱਲ੍ਹ ਕੈਨੇਡਾ-ਵਾਸੀਆਂ ਅਤੇ ਉਨ੍ਹਾਂ ਦੇ ਕਾਰੋਬਾਰਾਂ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ। ਇਹ ਕਮਿਊਨਿਟੀਆਂ ਤੇ ਪਰਿਵਾਰਾਂ ਦੇ ਮਨਾਂ ਅੰਦਰ ਡਰ, ਧੱਕੇਸ਼ਾਹੀ ਤੇ ਨੁਕਸਾਨ ਹੋਣ ਦੀ ਭਾਵਨਾ ਪੈਦਾ ਕਰ ਰਹੀ ਹੈ ਅਤੇ ਸਮੂਹ ਕੈਨੇਡਾ-ਵਾਸੀਆਂ ਦੀ ਸੁਰੱਖ਼ਿਆ ਲਈ ਖ਼ਤਰਾ ਬਣ ਰਹੀ ਹੈ। ਇਹ ਅਪਰਾਧਕ ਕਾਰਵਾਈਆਂ ਦੇਸ਼ ਦੀਆਂ ਸਰਹੱਦਾਂ ‘ਤੇ ਡਿਜੀਟਲ ਪਲੈਟਫਾਰਮਾਂ ਦੀ ਵਰਤੋਂ ਕਰਦਿਆਂ ਹੋਇਆਂ ਬੜੇ ਯੋਜਨਾਬੱਧ ਢੰਗ ਨਾਲ ਕੀਤੀਆਂ ਜਾ ਰਹੀਆਂ ਹਨ।
ਕੈਨੇਡਾ-ਵਾਸੀਆਂ ਦੀ ਸੁਰੱਖਿਆ ਲਈ ਵਿੱਤ ਅਤੇ ਮਾਲ ਮੰਤਰੀ ਮਾਣਯੋਗ ਫ਼ਰੈਂਕੋ ਫਲਿਪੀ ਸ਼ੈਂਪੇਨ ਅਤੇ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਵੱਲੋਂ ਸਾਂਝੇ ਤੌਰ ‘ਤੇ ਐਲਾਨ ਕੀਤਾ ਗਿਆ ਹੈ। ਇਸ ਵਿੱਚ ਦੇਸ਼-ਭਰ ਵਿੱਚ ਅਤੇ ਖ਼ਾਸ ਤੌਰ ‘ਤੇ ਓਨਟਾਰੀਓ, ਬ੍ਰਿਟਿਸ਼ ਕੋਲੰਬੀਆ ਤੇ ਅਲਬਰਟਾ ਵਿੱਚ ਜਬਰੀ ਵਸੂਲੀਆਂ ਕਰਨ ਵਾਲ਼ਿਆਂ ਦੇ ਜਾਲ਼ ਦੀ ਪਛਾਣ ਕਰਨ ਅਤੇ ਇਸ ਨੂੰ ਤੋੜਨ ਲਈ ਫ਼ੈੱਡਰਲ ਸਰਕਾਰ ਵੱਲੋਂ ਸਖ਼ਤ ਕਾਨੂੰਨ ਬਣਾਏ ਜਾ ਰਹੇ ਹਨ।
ਇਨ੍ਹਾਂ ਕਾਨੂੰਨਾਂ ਦੇ ਆਉਣ ਨਾਲ ਵਿੱਤੀ ਗੁਪਤ ਜਾਣਕਾਰੀ ਸਾਂਝੀ ਕਰਨ ਨਾਲ ਲਾਅ ਐੱਨਫੋਰਸਮੈਂਟ ਵਿਭਾਗ ਲਈ ਅਪਰਾਧਕ ਜਾਲ਼ਾਂ ਦੀ ਪਛਾਣ ਕਰਨ, ਉਨ੍ਹਾਂ ਦੀ ਜਾਂਚ ਅਤੇ ਜ਼ਿੰਮੇਵਾਰੀ ਨਿਸ਼ਚਿਤ ਕਰਨ ਵਿੱਚ ਆਸਾਨੀ ਹੋਵੇਗੀ।
ਇਸ ਮੰਤਵ ਦੀ ਪੂਰਤੀ ਲਈ ਜਬਰੀ ਵਸੂਲੀ ਨੂੰ ਰੋਕਣ ਅਤੇ ਲਾਅ ਐਨਫ਼ੋਰਸਮੈਂਟ ਵਿਭਾਗ ਵੱਲੋਂ ਇਨ੍ਹਾਂ ਦੀ ਜਲਦੀ ਜਾਂਚ ਕਰਨ ਲਈ ਕੈਨੇਡਾ ਸਰਕਾਰ ‘ਫ਼ਾਈਨਾਂਸ਼ੀਅਲ ਟ੍ਰਾਂਜ਼ੈੱਕਸ਼ਨਜ਼ ਐਂਡ ਰਿਪੋਰਟਸ ਅਨੈਲੇਸਿਜ਼ ਸੈਂਟਰ ਆਫ਼ ਕੈਨੇਡਾ’ (ਫ਼ਿਨਟਰੈਕ) ਦੀ ਸਥਾਪਨਾ ਕਰ ਰਹੀ ਹੈ। ਇਹ ‘ਫਿਨਟਰੈਕ’ ਹੇਠ ਲਿਖੇ ਢੰਗ ਨਾਲ ਕੰਮ ਕਰੇਗਾ:
*ਜਬਰੀ ਵਸੂਲੀ ਨਾਲ ਨਿਪਟਣ ਲਈ ਫ਼ਾਈਨਾਂਸ਼ੀਅਲ ਇੰਟੈਲੀਜੈਂਸ ਰਿਸੋਰਸਿਜ਼ ਨੂੰ ਪਹਿਲ: ਜਬਰੀ ਵਸੂਲੀ ਨਾਲ ਸਬੰਧਿਤ ਅਪਰਾਧਕ ਜਾਲ਼ਾਂ ਦੀ ਪਛਾਣ ਅਤੇ ਉਨ੍ਹਾਂ ਦੀ ਜਾਂਚ ਲਈ ਲੋੜੀਂਦੀ ਜਾਣਕਾਰੀ ‘ਫ਼ਿਨਟਰੈਕ’ ਵੱਲੋਂ ਲਾਅ ਐੱਨਫੋਰਸਮੈਂਟ ਨੂੰ ਸਮੇਂ ਸਿਰ ਦਿੱਤੀ ਜਾਏਗੀ। ਇਸ ਨਾਲ ਉਸਦੇ ਵੱਲੋਂ ਅਗਲੀ ਕਾਰਵਾਈ ਜਲਦੀ ਕੀਤੀ ਜਾ ਸਕੇਗੀ।
*ਜਬਰੀ ਵਸੂਲੀ ਦੀ ਰੋਕਥਾਮ ਸਬੰਧੀ ਵਿੱਤੀ ਸੰਸਥਾਵਾ, ਸਰਕਾਰਾਂ ਅਤੇ ਲਾਅ ਐੱਨਫ਼ੋਰਸਮੈਂਟ ਨਾਲ ਭਾਈਵਾਲੀ: ‘ਫ਼ਿਨਟਰੈਕ’ ਬੈਂਕਾਂ, ਕਰੈਡਿਟ ਯੂਨੀਅਨਾਂ, ਵਰਚੂਅਲ ਐੱਸਟ ਸੇਵਾਵਾਂ ਦੇਣ ਵਾਲ਼ਿਆਂ ਅਤੇ ਓ.ਐੱਸ.ਐੱਫ਼.ਆਈ. ਨਾਲ ਸਹਿਯੋਗ ਕਰੇਗਾ ਅਤੇ ਆਰ.ਸੀ.ਐੱਮ.ਪੀ. ਤੇ ਸਥਾਨਕ ਪੋਲੀਸ ਨਾਲ ਜਾਣਕਾਰੀ ਸਾਂਝੀ ਕਰੇਗਾ।
*ਪੁਲਿਸ ਦੀ ਮਦਦ ਲਈ ਫ਼ਾਈਨਾਂਸ਼ੀਅਲ ਇੰਟੈਲੀਜੈਂਸ ਐੱਕਸਪਰਟ ਨਿਯੁਕਤ ਕੀਤੇ ਜਾਣਗੇ: ਓਨਟਾਰੀਓ ਵਰਗੇ ਅਤੀ-ਪ੍ਰਭਾਵਿਤ ਹਲਕਿਆਂ ਵਿੱਚ ਜਾਂਚ ਅਤੇ ਅਗਲੀ ਕਾਨੂੰਨੀ ਕਾਰਵਾਈ ਲਈ ‘ਫ਼ਿਨਟਰੈਕ’ ਵੱਲੋਂ ‘ਤਾਲ-ਮੇਲ ਅਫ਼ਸਰ’ (ਲਾਇਜ਼ਨ ਅਫ਼ਸਰ) ਨਿਯੁਕਤ ਕੀਤੇ ਜਾਣਗੇ।
*ਜਬਰੀ ਵਸੂਲੀ ਨਾਲ ਸਬੰਧਿਤ ਅਪਰਾਧਾਂ ਦੀ ਜਾਂਚ ਲਈ ਵਿੱਤੀ ਸੰਸਥਾਵਾਂ ਨੂੰ ਸਪੱਸ਼ਟ ਹਦਾਇਤਾਂ: ਨਵੀਂ ‘ਫ਼ਿਨਟਰੈਕ ਟਾਰਗੈਟਿਡ ਇੰਡੀਕੇਟਰ ਪ੍ਰੋਫ਼ਾਈਲ’ ਵਿੱਤੀ ਸੰਸਥਾਵਾਂ ਨੂੰ ਸ਼ੱਕੀ ਅਪਰਾਧੀਆਂ ਦੀ ਜਾਂਚ ਕਰਨ ਅਤੇ ਇਸਦੀ ਰਿਪੋਰਟ ਅੱਗੇ ਜਲਦੀ ਭੇਜਣ ਲਈ ਸਹਾਈ ਹੋਵੇਗੀ।
*ਜਬਰੀ ਵਸੂਲੀ ਦੇ ਅਪਰਾਧੀਆਂ ਦੀ ਆਵਾਜਾਈ ਅਤੇ ਲੁਕਣ-ਛਿਪਣ ਬਾਰੇ ਇੰਟੈਲੀਜੈਂਸ ਸਟਰੈਟਿਜੀ ਦਾ ਪ੍ਰਕਾਸ਼ਨ: ‘ਫ਼ਿਨਟਰੈਕ’ ਅਪਰਾਧੀਆਂ ਨੂੰ ਕਾਬੂ ਕਰਨ ਲਈ ਵਰਤੇ ਜਾਣ ਵਾਲੇ ਢੰਗਾਂ-ਤਰੀਕਿਆਂ, ਲੋੜੀਂਦੀਆਂ ਹਦਾਇਤਾਂ ਅਤੇ ਵਰਗੀਕਰਨ ਬਾਰੇ ‘ਫ਼ਿਨਟਰੈਕ’ ਇਨ੍ਹਾਂ ਦਾ ਲੋੜੀਂਦਾ ਪ੍ਰਕਾਸ਼ਨ ਕਰੇਗਾ।
ਫ਼ੈੱਡਰਲ ਸਰਕਾਰ, ਸੂਬਾਈ ਤੇ ਟੈਰੀਟਰੀ ਸਰਕਾਰਾਂ ਅਤੇ ਮਿਉਂਨਿਸਿਪਲਿਟੀਆਂ ਵੱਲੋਂ ਕੀਤੇ ਜਾ ਰਰੇ ਇਸ ਸਾਂਝੇ ਉਪਰਾਲੇ ਨਾਲ ਕੈਨੇਡਾ-ਵਾਸੀਆਂ ਦਾ ਜਬਰੀ ਵਸੂਲੀ ਦੀਆਂ ਵੱਧ ਰਹੀਆਂ ਅਪਰਾਧਕ ਘਟਨਾਵਾਂ ਤੋਂ ਬਚਾਅ ਕੀਤਾ ਜਾ ਸਕਦਾ ਹੈ। ਇਹ ਸਾਰੀਆਂ ਸੰਸਥਾਵਾਂ ਮਿਲ਼ ਕੇ ਨਵੀਂ ਕੈਨੇਡਾ ਫ਼ਾਈਨਾਂਸ਼ੀਅਲ ਏਜੰਸੀ ਨੂੰ ਸਹਿਯੋਗ ਦੇਣਗੀਆਂ ਅਤੇ ਆਰ.ਸੀ.ਐੱਮ.ਪੀ. ਦੀ ਜਾਂਚ-ਯੋਗਤਾ ਅਤੇ ਅੰਤਰ-ਏਜੰਸੀ ਸਾਂਝ ਵਿੱਚ ਵਾਧਾ ਕਰਗੀਆਂ।
ਇਸ ਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਐੱਮ.ਪੀ. ਸੋਨੀਆ ਸਿੱਧੂ ਨੇ ਕਿਹਾ, ”ਜਬਰੀ ਵਸੂਲੀ ਇੱਕ ਸੰਗੀਨ ਅਪਰਾਧ ਹੈ ਜੋ ਸਾਡੇ ਦੇਸ਼-ਵਾਸੀਆਂ, ਬਿਜ਼ਨੈੱਸਾਂ ਅਤੇ ਕਮਿਊਨਿਟੀਆਂ ਦੀ ਸੁਰੱਖ਼ਿਆ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ।
ਬਰੈਂਪਟਨ ਅਤੇ ਸਮੁੱਚੇ ਕੈਨੇਡਾ ਵਿੱਚ ਪਰਿਵਾਰਾਂ ਅਤੇ ਬਿਜ਼ਨੈੱਸਾਂ ਦਾ ਸੁਰੱਖਿਤ ਰਹਿਣਾ ਜ਼ਰੂਰੀ ਹੈ।
ਫ਼ਾਈਨਾਂਸ਼ੀਅਲ ਇੰਟੈਲੀਜੈਂਸ ਨੂੰ ਮਜ਼ਬੂਤ ਕਰਕੇ ਲਾਅ ਐੱਨਫੋਰਸਮੈਂਟ ਅਤੇ ਵਿੱਤੀ ਸੰਸਥਾਵਾਂ ਨਾਲ ਨੇੜਤਾ ਨਾਲ ਕੰਮ ਕਰਕੇ ਫ਼ੈੱਡਰਲ ਸਰਕਾਰ ਅਪਰਾਧਕ ਜ਼ਾਲ਼ਾਂ ਨੂੰ ਤੋੜਨ ਅਤੇ ਅਤੇ ਕਮਿਊਨਿਟੀਆਂ ਸੁਰੱਖਿਅਤਾ ਕਾਇਮ ਰੱਖਣ ਲਈ ਸਖ਼ਤ ਕਦਮ ਉਠਾ ਰਹੀ ਹੈ। ਇਸ ਸਬੰਧੀ ਮੈਨੂੰ ਮਾਣਯੋਗ ਮੰਤਰੀ ਸ਼ੈਂਪੇਨ ਨਾਲ ਮਿਲ਼ ਕੇ ਇਹ ਐਲਾਨ ਕਰਨ ਵਿੱਚ ਬੜਾ ਮਾਣ ਮਹਿਸੂਸ ਹੋ ਰਿਹਾ ਹੈ। ਇਸ ਨਾਲ ਬਰੈਂਪਟਨ ਅਤੇ ਸਮੂਹ ਕੈਨੇਡਾ ਨੂੰ ਸੁਰੱਖਿਅਤਾ ਮਿਲੇਗੀ।”
ਮਾਣਯੋਗ ਮੰਤਰੀ ਫ਼ਰੈਕੋ ਫਿਲਿਪੀ ਸ਼ੈਂਪੇਨ ਦਾ ਇਸ ਮੌਕੇ ਕਹਿਣਾ ਸੀ, ਜਬਰੀ ਵਸੂਲੀ ਸੰਗੀਨ ਜੁਰਮ ਹੈ ਜਿਸ ਨਾਲ ਕੈਨੇਡਾ-ਵਾਸੀਆਂ, ਬਿਜ਼ਨੈੱਸਾਂ ਅਤੇ ਕਮਿਊਨਿਟੀਆਂ ਦੀ ਸੁਰੱਖਿਆ ਨੂੰ ਖ਼ਤਰਾ ਹੈ। ਸਾਡੀ ਸਰਕਾਰ ਫ਼ਾਈਨਾਂਸ਼ੀਅਲ ਇੰਟੈਲੀਜੈਂਸ ਨੂੰ ਮਜ਼ਬੂਤ ਕਰ ਰਹੀ ਹੈ ਅਤੇ ਲਾਅ ਐਨਫੋਰਸਮੈਂਟ ਤੇ ਵਿੱਤੀ ਸੰਸਥਾਵਾਂ ਨਾਲ ਮਿਲ਼ ਕੇ ਚੱਲ ਰਹੀ ਹੈ। ਇਸ ਨਾਲ ਇਹ ਅਪਰਾਧਕ ਜਾਲ਼ ਟੁੱਟੇਗਾ ਅਤੇ ਜਬਰੀ ਵਸੂਲੀ ਦੀਆਂ ਘਟਨਾਵਾਂ ਦੀ ਜਲਦੀ ਜਾਂਚ ਹੋਣ ਤੇ ਕੈਨੇਡਾ-ਵਾਸੀਆਂ ਨੂੰ ਸੁਰੱਖਿਆ ਮਿਲਣ ਵਿੱਚ ਸਹਾਇਤਾ ਹੋਵੇਗੀ।

