Breaking News
Home / ਕੈਨੇਡਾ / ਟਰੱਕ ਚਲਾਉਣ ਵਾਲੀ ਜਸਸਿਮਰਨ ਹੁਣ ਜਹਾਜ਼ ਉਡਾਉਣ ਦੀ ਇਛੁਕ

ਟਰੱਕ ਚਲਾਉਣ ਵਾਲੀ ਜਸਸਿਮਰਨ ਹੁਣ ਜਹਾਜ਼ ਉਡਾਉਣ ਦੀ ਇਛੁਕ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਕੁੜੀਆਂ ਕਿਸੇ ਗੱਲ ਤੋਂ ਵੀ ਮੁੰਡਿਆਂ ਨਾਲੋਂ ਪਿੱਛੇ ਨਹੀਂ ਹਨ, ਬੱਸ ਜ਼ਰੂਰਤ ਹੈ ਸਾਡੇ ਸਮਾਜ ਦੀ ਪਿਛਾਂਹ ਖਿੱਚੂ ਸੋਚ ਨੂੰ ਬਦਲਣ ਦੀ। ਇਹ ਆਖਣਾ ਹੈ ਜਸਸਿਮਰਨ ਕੌਰ ਦਾ ਜਿਹੜੀ ਕਿ 2015 ਵਿੱਚ ਭਾਰਤ ਤੋਂ ਵਿਦਿਆਰਥੀ ਵਿਜ਼ਾ (ਸਟੂਡੈਂਟ) ਤੇ ਕੈਨੇਡਾ ਪੜਨ ਆਈ ਸੀ ਤੇ਼ ਹੁਣ ਉਹ ਟਰੱਕ ਚਲਾਉਂਦੀ ਹੈ ਜਿਸ ਬਾਰੇ ਉਸਦਾ ਕਹਿਣਾ ਹੈ ਕਿ ਹਿੰਮਤ ਅਤੇ ਇਰਾਦੇ ਮਜ਼ਬੂਤ ਹੋਣੇ ਚਾਹੀਦੇ ਹਨ, ਸਭ ਰੁਕਾਵਟਾਂ ਆਪਣੇ-ਆਪ ਦੂਰ ਹੋ ਜਾਂਦੀਆਂ ਹਨ। ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੀ ਜੰਮਪਲ ਜਸਸਿਮਰਨ ਕੌਰ ਦਾ ਕਹਿਣਾਂ ਹੈ ਕਿ ਸਾਡੇ ਸਮਾਜ ਵਿੱਚ ਔਰਤਾਂ (ਕੁੜੀਆਂ) ਨੂੰ ਕਾਫੀ ਪਾਬੰਦੀਆਂ ਵਿੱਚ ਰੱਖਿਆ ਜਾਂਦਾ ਹੈ ਜਿਸ ਨਾਲ ਵਧੇਰੇ ਕੁੜੀਆਂ ਆਪਣੇ ਮਨ ਦੀਆਂ ਖਾਹਿਸ਼ਾਂ ਨੂੰ ਦਬਾ ਕੇ ਹੀ ਸਾਰੀ ਜ਼ਿੰਦਗੀ ਬਸਰ ਕਰ ਲੈਂਦੀਆਂ ਹਨ ਪਰ ਜਿਹੜੀਆਂ ਲੜਕੀਆਂ ਹਿੰਮਤ ਕਰਕੇ ਕਿਸੇ ਮੁਕਾਮ ‘ਤੇ਼ ਅੱਪੜ ਜਾਂਦੀਆਂ ਹਨ ਫਿਰ ਲੋਕ ਉਹਨਾਂ ਦੀਆਂ ਉਦਾਹਰਨਾਂ ਦੇ ਕੇ ਆਪਣੇ ਬੱਚਿਆਂ ਨੂੰ ਸਮਝਾਉਂਦੇ ਹਨ। ਉਹ ਕਹਿੰਦੀ ਹੈ ਕਿ ਉਸ ਨੇ ਕੈਨੇਡਾ ਵਿੱਚ ਕੰਮ (ਜਾਬ) ਲੱਭਣ ਲਈ ਕਾਫੀ ਧੱਕੇ ਖਾਧੇ ਫੈਕਟਰੀ ਵਿੱਚ, ਸਬ-ਵੇਅ ਸਮੇਤ ਕਈ ਹੋਰ ਥਾਵਾਂ ‘ਤੇ ਕੰਮ ਕੀਤਾ ਪਰ ਬਹੁਤਿਆਂ ਨੇ ਉਸਦੇ ਕੀਤੇ ਕੰਮ ਦੇ ਪੈਸੇ ਹੀ ਮਾਰ ਲਏ ਫਿਰ ਉਸਨੇ ਤਹੱਈਆ ਕੀਤਾ ਕਿ ਉਹ ਟਰੱਕ ਚਲਾਏਗੀ ਅਤੇ ਖੂਬ ਪੈਸੇ ਕਮਾਏਗੀ। ਉਸ ਨੇ ਆਪਣੇ ਪਿਤਾ ਦਲਜੀਤ ਸਿੰਘ ਜੋ ਖੁਦ ਵੀ ਇੱਥੇ ਟਰੱਕ ਚਲਾਉਂਦੇ ਹਨ ਦੀ ਆਗਿਆ ਲੈ ਕੇ ਕਈ ਚੁਣੌਤੀਆਂ ਨੂੰ ਸਵੀਕਾਰ ਕਰਦਿਆਂ ਟਰੱਕ ਦਾ ਲਾਇਸੈਂਸ ਲਿਆ। ਉਸਨੇ ਸਮਾਜਿਕ ਤੌਰ ‘ਤੇ਼ ਆਪਣੇ ਚੰਗੇ-ਮਾੜੇ ਤਜ਼ਰਬੇ ਵੀ ਸਾਂਝੇ ਕੀਤੇ ਅਤੇ ਕਿਹਾ ਕਿ ਹੁਣ ਉਹ ਟੋਰਾਂਟੋ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਜਦੋਂ ਟਰੱਕ ਲੈ ਕੇ ਲੰਘਦੀ ਹੈ ਤਾਂ ਆਪਣੇ ਆਪ ਵਿੱਚ ਉਸਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ। ਉਸਦਾ ਆਖਣਾ ਹੈ ਕਿ ਹੁਣ ਉਸਦਾ ਇਰਾਦਾ ਜਹਾਜ ਚਲਾਉਣ ਦਾ ਲਾਇਸੈਂਸ ਲੈ ਕੇ ਪਾਇਲਟ ਬਣਨ ਦਾ ਹੈ, ਜਿਸ ਲਈ ਉਸਦੇ ਪਰਿਵਾਰ ਦੀ ਹੱਲਾਸ਼ੇਰੀ ਉਸਦੇ ਨਾਲ ਹੈ।

Check Also

ਵੈਨਕੂਵਰ ‘ਚ ਪੁਲਿਸ ਸਟ੍ਰੀਟ ਚੈਕਿੰਗ ਬੰਦ ਕਰਵਾਉਣ ਲਈ ਦਰਜਨਾਂ ਸੰਸਥਾਵਾਂ ਵੱਲੋਂ ਖੁੱਲ੍ਹਾ ਖ਼ਤ

ਸਰੀ/ਬਿਊਰੋ ਨਿਊਜ਼ : ਬੀ.ਸੀ. ਦੀਆਂ ਦਰਜਨਾਂ ਸੰਸਥਾਵਾਂ ਨੇ ਵੈਨਕੂਵਰ ਪੁਲਿਸ ਬੋਰਡ ਅਤੇ ਸੂਬਾਈ ਸਰਕਾਰ ਨੂੰ …