ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬਲੈਕ ਕੈਨੇਡੀਅਨਜ਼ ਦੇ ਇਤਿਹਾਸ ਦਾ ਜ਼ਿਕਰ ਕਰਦਿਆਂ ਆਖਿਆ ਕਿ ਉਨ੍ਹਾਂ ਨੇ ਅਨਿਆਂ ਦਾ ਸਾਹਮਣਾ ਧੀਰਜ ਤੇ ਹੌਸਲੇ ਨਾਲ ਕੀਤਾ। ਕੈਨੇਡਾ ਵਿੱਚ ਬਲੈਕ ਹਿਸਟਰੀ ਮੰਥ ਦੇ 30 ਸਾਲ ਪੂਰੇ ਹੋਣ ਮੌਕੇ ਜਨਤਾ ਨੂੰ ਸੰਬੋਧਨ ਕਰਦਿਆਂ ਕਾਰਨੀ ਨੇ ਆਖਿਆ ਕਿ ਕੈਨੇਡੀਅਨ ਸਿਧਾਂਤਾਂ ਵਿੱਚ ਭਾਵੇਂ ਵੰਨ-ਸੁਵੰਨਤਾ ਦੇ ਜਸ਼ਨ ਮਨਾਏ ਜਾਣ ਦੀ ਗੱਲ ਕੀਤੀ ਜਾਂਦੀ ਹੈ ਪਰ ਸਾਡਾ ਦੇਸ਼ ਹਮੇਸ਼ਾਂ ਤੋਂ ਇਸ ਵਾਅਦੇ ਨੂੰ ਅਮਲ ਵਿੱਚ ਨਹੀਂ ਲਿਆਂਉਂਦਾ ਰਿਹਾ। ਗੈਟਿਨਿਊ, ਕਿਊਬੈਕ ਵਿੱਚ ਕੈਨੇਡੀਅਨ ਮਿਊਜ਼ੀਅਮ ਆਫ ਹਿਸਟਰੀ ਵਿੱਚ ਦਿੱਤੇ ਆਪਣੇ ਭਾਸ਼ਣ ਵਿੱਚ ਕਾਰਨੀ ਨੇ ਇਹ ਮੰਨਿਆ ਕਿ ਕੈਨੇਡਾ ਵਿੱਚ ਬਸਤੀਵਾਦ ਸਮੇਂ ਗੁਲਾਮ ਪ੍ਰਥਾ ਮੌਜੂਦ ਸੀ ਤੇ ਜਿਸ ਸਮੇਂ ਇਸ ਦਰਦਨਾਕ ਯੁੱਗ ਦਾ ਅੰਤ ਹੋਇਆ ਉਸ ਸਮੇਂ ਵੀ ਅਸੀਂ ਇਸ ਕੋਝੀ ਪ੍ਰਥਾ ਨੂੰ ਆਪਣੇ ਤੋਂ ਵੱਖ ਨਹੀਂ ਕਰ ਸਕੇ। ਕਾਰਨੀ ਨੇ ਇਹ ਵੀ ਆਖਿਆ ਕਿ ਅੱਜ ਵੀ ਅਸਮਾਨਤਾ ਮੌਜੂਦ ਹੈ। ਕਾਲੇ ਐਂਟਰਪ੍ਰਨਿਓਰਜ਼ ਨੂੰ ਕੈਨੇਡਾ ਵਿੱਚ ਦੂਜੇ ਕਾਰੋਬਾਰੀਆਂ ਵਾਂਗ ਨੁਮਾਇੰਦਗੀ ਨਹੀਂ ਮਿਲਦੀ। ਉਨ੍ਹਾਂ ਆਖਿਆ ਕਿ ਸਾਡੀ ਸਰਕਾਰ ਬਲੈਕ ਕੈਨੇਡੀਅਨਜ਼ ਦੇ ਸਸ਼ਕਤੀਕਰਣ ਲਈ ਵਚਨਬੱਧ ਹੈ।

