Breaking News
Home / ਕੈਨੇਡਾ / ਫਾਦਰ ਟੌਬਿਨ ਸੀਨੀਅਰਜ਼ ਕਲੱਬ ਨੇ ਲਾਇਆ ਗੌਡਰਿਚ ਤੇ ਗਰੇਟ ਬੈਂਡ ਦਾ ਟੂਰ

ਫਾਦਰ ਟੌਬਿਨ ਸੀਨੀਅਰਜ਼ ਕਲੱਬ ਨੇ ਲਾਇਆ ਗੌਡਰਿਚ ਤੇ ਗਰੇਟ ਬੈਂਡ ਦਾ ਟੂਰ

ਬਰੈਂਪਟਨ/ਡਾ. ਝੰਡ : ਫਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ਬੀਤੇ ਹਫ਼ਤੇ 4 ਸਤੰਬਰ ਨੂੰ ਗੌਡਰਿਚ ਤੇ ਗਰੇਟ ਬੈਂਡ ਦਾ ਟੂਰ ਲਗਾਇਆ ਗਿਆ। ਸਵੇਰੇ 9.00 ਵਜੇ ਕਲੱਬ ਦੇ ਸਾਰੇ ਮੈਂਬਰ ਸ਼ਾਅ ਪਬਲਿਕ ਸਕੂਲ ਦੀ ਪਾਰਕਿੰਗ ਵਿਚ ਪਹੁੰਚ ਗਏ ਜਿੱਥੇ ਟੀ.ਜੇ. ਲਾਈਨ ਦੀ ਡੀਲਕਸ ਕੋਚ ਪਹਿਲਾਂ ਹੀ ਉਨ੍ਹਾਂ ਦਾ ਇੰਤਜ਼ਾਰ ਕਰ ਰਹੀ ਸੀ।
ਟੂਰ ਬੱਸ ਅਤੇ ਗੌਡਰਿਚ ਮਿਊਜ਼ੀਅਮ ਦੀਆਂ ਟਿਕਟਾਂ, ਆਦਿ ਦਾ ਪ੍ਰਬੰਧ ਪਰਮਜੀਤ ਸਿੰਘ ਕਾਲੇਕੇ ਨੇ ਬੜੀ ਜ਼ਿੰਮੇਵਾਰੀ ਨਾਲ ਅਗਾਊਂ ਹੀ ਕਰ ਰੱਖਿਆ ਸੀ। ਕਲੱਬ ਦੇ ਪ੍ਰਧਾਨ ਕਰਤਾਰ ਸਿੰਘ ਚਾਹਲ ਨੇ ਮੈਂਬਰਾਂ ਦੀ ਅਗਵਾਈ ਕਰਦੇ ਹੋਏ ਸਾਰਿਆਂ ਨੂੰ ਆਪਣੀਆਂ ਨਿਸਚਿਤ ਹੋਈਆਂ ਸੀਟਾਂ ‘ਤੇ ਬੈਠਣ ਦੀ ਬੇਨਤੀ ਕੀਤੀ। ਖਾਣ ਪੀਣ ਦੀਆਂ ਵਸਤਾਂ, ਬਿਸਕੁਟ, ਕੋਲਡ ਡਰਿੰਕਸ, ਜੂਸ ਤੇ ਪਾਣੀ ਦੇ ਕਰੇਟ ਆਦਿ ਪਹਿਲਾਂ ਹੀ ਬੱਸ ਵਿਚ ਬਣੇ ਯੋਗ ਸਥਾਨ ‘ਤੇ ਰੱਖੇ ਜਾ ਚੁੱਕੇ ਸਨ।
ਬੱਸ ਵਿਚ ਲੱਗੇ ਮਾਈਕ ਨੂੰ ਗੁਰਬਾਣੀ ਦੇ ਗਿਆਤਾ ਪ੍ਰਿੰਸੀਪਲ ਰਾਮ ਸਿੰਘ ਕੁਲਾਰ ਹੁਰਾਂ ਦੇ ਸਪੁਰਦ ਕੀਤਾ ਗਿਆ ਅਤੇ ਉਨ੍ਹਾਂ ਨੇ ਗੁਰਬਾਣੀ ਦੇ ਕਈ ਸਲੋਕ ਉਚਾਰਦਿਆਂ ਹੋਇਆਂ ‘ਬੋਲੇ ਸੋ ਨਿਹਾਲ’ ਦਾ ਜੈਕਾਰਾ ਛੱਡਿਆ ਅਤੇ ਇਸ ਦੇ ਜੁਆਬ ਸਾਰਿਆਂ ਵੱਲੋਂ ‘ਸਤਿ ਸਿਰੀ ਅਕਾਲ’ ਦੀ ਬੁਲੰਦ ਆਵਾਜ਼ ਨਾਲ ਬੱਸ ਆਪਣੀ ਮੰਜ਼ਲ ਵੱਲ ਚੱਲ ਪਈ। ਔਰਿੰਜਵਿਲ ਤੋਂ ਸਾਬਕਾ ਡੀ.ਪੀ.ਆਰ.ਓ. ਜੈ ਕਿਸ਼ਨ ਵੀ ਪਹੁੰਚੇ ਹੋਏ ਸਨ ਅਤੇ ਉਨ੍ਹਾਂ ਦੇ ਨਾਲ ਵਾਲੀ ਸੀਟ ‘ਤੇ ਭਾਰਤੀ ਫ਼ੌਜ ਦੇ ਸਾਬਕਾ ਕਰਨਲ ਗੁਰਬਚਨ ਸਿੰਘ ਬੈਠੇ ਹੋਏ ਸਨ। ਨੇੜਲੀਆਂ ਸੀਟਾਂ ‘ਤੇ ਹਰੀ ਸਿੰਘ ਗਿੱਲ, ਗੁਰਮੇਲ ਸਿੰਘ ਗਿੱਲ ਅਤੇ ਕਈ ਹੋਰ ਸੱਜਣ ਸਜੇ ਹੋਏ ਸਨ। ਹਾਸੇ-ਮਖ਼ੌਲ ਭਰਪੂਰ ਇਸ ਮਾਹੌਲ ਦੌਰਾਨ ਸਾਰੇ ਆਪਣੇ ਸਾਥੀਆਂ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਇਕਬਾਲ ਸਿੰਘ ਘੋਲੀਆ, ਕੈਸ਼ੀਅਰ ਗੁਰਮੀਤ ਸਿੰਘ ਸੰਧੂ ਅਤੇ ‘ਹਾਸਿਆਂ ਦੇ ਪਟਾਰੇ’ ਟਹਿਲ ਸਿੰਘ ਮੁੰਡੀ ਨੂੰ ਬੁਰੀ ਤਰ੍ਹਾਂ ਮਿੱਸ ਕਰ ਰਹੇ ਸਨ ਜੋ ਕਿਸੇ ਕਾਰਨ ਇਸ ਟੂਰ ਵਿਚ ਸ਼ਾਮਲ ਨਹੀਂ ਹੋ ਸਕੇ ਸਨ।
ਚੱਲ ਰਹੀਆਂ ਗੱਲਾਂ-ਬਾਤਾਂ ਦੌਰਾਨ ਬੱਸ ਗੌਡਰਿਚ ਦੇ ਡਾਊਨ ਟਾਊਨ ਪਹੁੰਚ ਗਈ। ਇੱਥੇ ਦਿੱਲੀ ਦੇ ‘ਕਨਾਟ ਪਲੇਸ’ ਵਾਂਗ ਗੋਲਾਈ ਵਿਚ ਬਣੀਆਂ ਛੋਟੀਆਂ-ਛੋਟੀਆਂ ਦੁਕਾਨਾਂ ਵਿਚ ਬਣਿਆ ਹੋਇਆ ਸਥਾਨਕ ਸਮਾਨ ਬੜੇ ਸ਼ਾਨਦਾਰ ਤਰੀਕੇ ਨਾਲ ਸੱਜਿਆ ਹੋਇਆ ਸੀ ਜਿਸ ਨੂੰ ਵੇਖ ਕੇ ਕਈਆਂ ਦਾ ਮਨ ਇੱਥੇ ਰੁਕ ਕੇ ਸ਼ਾਪਿੰਗ ਕਰਨ ਨੂੰ ਲਲਚਾਅ ਰਿਹਾ ਸੀ ਪਰ ਬਾਹਰ ਹਲਕੀ ਬੂੰਦਾ-ਬਾਂਦੀ ਹੋਣ ਕਾਰਨ ਸੱਭਨਾਂ ਨੇ ਅੱਗੇ ਜਾਣਾ ਹੀ ਮੁਨਾਸਿਬ ਸਮਝਿਆ। ਬੱਸ ਗੌਡਵਿਲ ਪਹੁੰਚ ਚੁੱਕੀ ਸੀ ਅਤੇ ਏਨੇ ਨੂੰ ਬੂੰਦਾ-ਬਾਂਦੀ ਵੀ ਬੰਦ ਹੋ ਗਈ ਸੀ। ਇੱਥੋਂ ਦੇ ਇਕ ਰਮਣੀਕ ਪਾਰਕ ਵਿਚ ਲੱਗੇ ਹੋਏ ਬੈਂਚਾਂ ‘ਤੇ ਸੱਜ ਕੇ ਸਾਰਿਆਂ ਨੇ ਲੰਚ ਕੀਤਾ ਅਤੇ ਫਿਰ ਝੀਲ ਵਿਚ ਨਮਕ ਬਨਾਉਣ ਵਾਲੇ ਪਲਾਂਟ ਨੂੰ ਵੇਖਣ ਲਈ ਚੱਲ ਪਏ।
ਉਪਰੰਤ, ਸਾਰੇ ‘ਹੂਰੇਲ ਕਾਊਂਟੀ ਮਿਊਜ਼ੀਅਮ’ ਵੇਖਣ ਗਏ। ਇੱਥੇ ਸੰਨ 1835 ਮਾਡਲ ਦਾ ਕੋਇਲੇ ਨਾਲ ਚੱਲਣ ਰੇਲ ਇੰਜਣ, ਪੁਰਾਣੀਆਂ ਰਾਈਫ਼ਲਾਂ, ਮਸ਼ੀਨ ਗੰਨਾਂ, ਤੋਪਾਂ, ਟੈਂਕ, ਪੁਰਾਣੇ ਕੱਪੜੇ, ਮੈਡਲ, ਟੈਲੀਫ਼ੋਨ ਦਾ ਪੁਰਾਣਾ ਸਿਸਟਮ, ਪੁਰਾਣੇ ਕੈਮਰੇ, ਪੁਰਾਣੀ ਪ੍ਰਿਟਿੰਗ ਪ੍ਰੈੱਸ, ਖੇਤੀ ਦੇ ਔਜ਼ਾਰ, ਬੱਘੀਆਂ ਅਤੇ ਪੁਰਾਤਨ ਸਮੇਂ ਦੀਆਂ ਹੋਰ ਕਈ ਵਸਤਾਂ ਵੇਖ ਕੇ ਸਾਰੇ ਹੈਰਾਨ ਹੋ ਹਰੇ ਹਨ ਅਤੇ ਨਾਲ ਹੀ ਇਨ੍ਹਾਂ ਦੀ ਚੋਣ ਤੇ ਸੁਥਰੀ ਸਾਂਭ-ਸੰਭਾਲ ਲਈ ਪ੍ਰਬੰਧਕਾਂ ਨੂੰ ਦਾਦ ਵੀ ਦੇ ਰਹੇ ਸਨ। ਮਿਊਜ਼ੀਅਮ ਵੱਲੋਂ ਦਿੱਤਾ ਗਿਆ ਗਾਈਡ ਮੈਂਬਰਾਂ ਦੀ ਅਗਵਾਈ ਬੜੇ ਹੀ ਸੁਚੱਜੇ ਢੰਗ ਨਾਲ ਕਰ ਰਿਹਾ ਸੀ। ਇੱਥੋਂ ਅੱਗੇ ਸਾਰੇ ‘ਗਰੇਟ ਬੈਂਡ ਬੀਚ’ ਪਹੁੰਚੇ। ਅੱਤ ਦੀ ਸਫ਼ਾਈ ਅਤੇ ਝੀਲ ਦੇ ਸੁੰਦਰ ਦ੍ਰਿਸ਼ ਸਾਰਿਆਂ ਨੂੰ ਬੜੇ ਖ਼ੂਬਸੂਰਤ ਲੱਗ ਰਹੇ ਸਨ ਅਤੇ ਗੁਰਬਾਣੀ ਦੇ ਸ਼ਬਦ ”ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ” ਦਾ ਉਚਾਰਨ ਸੁਭਾਵਕ ਹੀ ਉਨ੍ਹਾਂ ਦੇ ਮੂੰਹੋਂ ਨਿਕਲ ਰਿਹਾ ਸੀ। ਕਰਨੈਲ ਸਿੰਘ ਬਨਵੈਤ, ਕੌਰ ਸਿੰਘ ਚਾਹਲ, ਐਡਵੋਕੇਟ ਯਾਦਵਿੰਦਰ ਸਿੰਘ, ਸਾਬਕਾ ਐੱਸ.ਡੀ.ਓ. ਮੇਜਰ ਸਿੰਘ ਸੰਧੂ ਤੇ ਕਈ ਹੋਰ ਆਪਣੇ ਸੈੱਲ ਫ਼ੋਨਾਂ ਰਾਹੀਂ ਫ਼ੋਟੋਆਂ ਤੇ ਸੈੱਲਫ਼ੀਆਂ ਲੈਣ ਵਿਚ ਰੁੱਝੇ ਹੋਏ ਸਨ। ਏਨੇ ਨੂੰ ਸਮਾਂ ਕਾਫ਼ੀ ਹੋ ਗਿਆ ਸੀ। ਬੀਬੀ ਸਤਵਿੰਦਰ ਕੌਰ ਤੇ ਬੀਬੀ ਅਮਰਜੀਤ ਕੌਰ ਬਾਜਾਖ਼ਾਨਾ ਵੱਲੋਂ ਬੀਬੀਆਂ ਨੂੰ ਅਤੇ ਹਰਦੀਪ ਸਿੰਘ ਮੋਮੀ ਵੱਲੋੇਂ ਆਪਣੇ ਸਾਥੀਆਂ ਨੂੰ ਵਾਪਸੀ ਲਈ ਬੱਸ ਕੋਲ ਪਹੁੰਚਣ ਲਈ ਬੇਨਤੀ ਕੀਤੀ ਗਈ। ਰਸਤੇ ਵਿਚ ਛੋਟਾ ਜਿਹਾ ਪੜਾਅ ਕਰਕੇ ਸਾਰਿਆਂ ਨੇ ਇਕ ਟਿੰਮ ਹੌਰਟਨ ‘ਤੇ ਕੌਫ਼ੀ ਦਾ ਅਨੰਦ ਲਿਆ ਅਤੇ ਮੁੜ ਬੱਸ ਵਿਚ ਸਵਾਰ ਹੋ ਗਏ। ਰਸਤੇ ਵਿਚ ਮੀਂਹ ਵੀ ਕਾਫ਼ੀ ਜ਼ੋਰਦਾਰ ਪਿਆ। ਇਸ ਦਾ ਵੀ ਪੂਰਾ ਲੁਤਫ਼ ਲੈਂਦੇ ਹੋਏ ਲੱਗਭੱਗ 8.45 ਵਜੇ ਸਾਰਿਆਂ ਦੀ ਘਰ ਵਾਪਸੀ ਹੋਈ। ਇਸ ਤਰ੍ਹਾਂ ਗੌਡਰਿਚ ਅਤੇ ਗਰੇਟ ਬੈਂਡ ਦਾ ਇਹ ਟੂਰ ਸਾਰੇ ਮੈਂਬਰਾਂ ਲਈ ਬੜਾ ਦਿਲਚਸਪ ਤੇ ਯਾਦਗਾਰੀ ਸਾਬਤ ਹੋਇਆ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …