Breaking News
Home / ਹਫ਼ਤਾਵਾਰੀ ਫੇਰੀ / ਚੋਣਾਂ ਤੋਂ ਪਹਿਲਾਂ ਦਾ ਦੰਗਲ

ਚੋਣਾਂ ਤੋਂ ਪਹਿਲਾਂ ਦਾ ਦੰਗਲ

balwinder-singh-bains-1-copy-copyਪੰਜਾਬ ਵਿਧਾਨ ਸਭਾ ਲਾਇਵ
ਸ਼ੁੱਕਰਵਾਰ : ਬੈਂਸ ਭਰਾ ਵਿਧਾਨ ਸਭਾ ਤੋਂ ਬਾਹਰ ਸੁੱਟੇ
ਸੋਮਵਾਰ : ਕਾਂਗਰਸੀਆਂ ਨੇ ਅੰਦਰ ਹੀ ਲਾਏ ਡੇਰੇ
ਮੰਗਲਵਾਰ : ਬਾਦਲ ਦੇ ਮਨਾਏ ਵੀ ਨਾ ਮੰਨੇ ਕਾਂਗਰਸੀ
ਬੁੱਧਵਾਰ : ਪਹਿਲਾਂ ਗਾਲ਼ ਆਈ ਫਿਰ ਜੁੱਤਾ ਗਿਆ
ਕਾਂਗਰਸੀ ਵਿਧਾਇਕ ਸੂੰਢ ਨੇ ਅਕਾਲੀ ਮੰਤਰੀ ਮਜੀਠੀਆ ‘ਤੇ ਸੁੱਟੀ ਜੁੱਤੀ
ਫਿਰ ਕਿਹਾ-ਮੈਂ ਤਾਂ ਜੁੱਤੀ ਵਲਟੋਹਾ ਨੂੰ ਮਾਰੀ ਸੀ
ਗੁੱਸੇ ‘ਚ ਆਏ ਮਜੀਠੀਆ ਨੇ ਮਾਰਿਆ ਲਲਕਾਰਾ : ਜੇ ਮਾਂ ਦਾ ਦੁੱਧ ਪੀਤਾ ਏ ਤਾਂ ਸਾਹਮਣੇ ਆ ਕੇ ਲੜੋ
ਚੰਡੀਗੜ੍ਹ/ਬਿਊਰੋ ਨਿਊਜ਼
14ਵੀਂ ਪੰਜਾਬ ਵਿਧਾਨ ਸਭਾ ਦੇ ਆਖ਼ਰੀ ਦਿਨ ਵਿਰੋਧੀ ਧਿਰ ਕਾਂਗਰਸ ਨੇ ਜਿਥੇ ਜੰਮ ਕੇ ਹੰਗਾਮਾ ਕੀਤਾ ਉਥੇ ਹੀ ਸਦਨ ਦੀ ਮਰਿਯਾਦਾ ਨੂੰ ਵੀ ਲੀਰੋ-ਲੀਰ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਵਿਧਾਨ ਸਭਾ ਦਾ ਇਹ ਦਿਨ ਕਾਲੇ ਪੰਨਿਆਂ ਵਿਚ ਹਮੇਸ਼ਾ ਲਈ ਦਰਜ ਹੋ ਗਿਆ ਹੈ ਕਿਉਂਕਿ ਵਿਧਾਨ ਸਭਾ ਦੇ ਇਤਿਹਾਸ ਵਿਚ ਕਦੇ ਵੀ ਅਜਿਹਾ ਕੁੱਝ ਨਹੀਂ ਵਾਪਰਿਆ ਜੋ ਪਿਛਲੇ ਸੋਮਵਾਰ ਤੋਂ ਲੈ ਕੇ ਬੁੱਧਵਾਰ ਦੇ ਸਮੇਂ ਦੌਰਾਨ ਵਾਪਰਿਆ। ਵਿਰੋਧੀ ਧਿਰ ਕਾਂਗਰਸ ਦੇ ਵਿਧਾਇਕਾਂ ਨੇ ਜਿੱਥੇ ਦੋ ਰਾਤਾਂ ਅਤੇ ਇੱਕ ਛੁੱਟੀ ਵਾਲਾ ਦਿਨ ਵਿਧਾਨ ਸਭਾ ਦੇ ਅੰਦਰ ਸਦਨ ਵਿਚ ਬਿਤਾਇਆ ਉਥੇ ਹੀ ਸੱਤਾ ਧਿਰ ਅਕਾਲੀ ਦਲ ਦੇ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੂੰ ਨਿਸ਼ਾਨਾ ਬਣਾ ਕੇ ਅਚਾਨਕ ਕਾਂਗਰਸ ਦੇ ਵਿਧਾਇਕ ਤਰਲੋਚਨ ਸਿੰਘ ਸੂੰਢ ਵਲੋਂ ਸੁੱਟੀ ਜੁੱਤੀ, ਜੋ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਮੰਤਰੀ ਭਗਤ ਚੁੰਨੀ ਲਾਲ ਦੇ ਉਪਰੋਂ ਦੀ ਲੰਘਦੀ ਹੋਈ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਅਗਲੇ ਬੈਂਚਾਂ ਦੇ ਵਿਚਕਾਰ ਜਾ ਕੇ ਡਿੱਗੀ, ਨੇ ਵੀ ਮਰਿਯਾਦਾ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ।
ਵਿਧਾਨ ਸਭਾ ਵਿਚ ਤਰਲੋਚਨ ਸਿੰਘ ਸੂੰਢ ਵਲੋਂ ਸ਼ੋਰ-ਸ਼ਰਾਬੇ ਦੌਰਾਨ ਕੀਤੀ ਗਈ ਜੁੱਤੀ ਸੁੱਟਣ ਦੀ ਹਰਕਤ ਜਿਥੇ ਉਸ ਸਮੇਂ ਵਿਵਾਦਾਂ ਵਿਚ ਘਿਰ ਗਈ ਜਦੋਂ ਸੂੰਢ ਵਲੋਂ ਖ਼ੁਦ ਪ੍ਰੈੱਸ ਕਾਨਫਰੰਸ ਕਰਕੇ ਸਪੱਸ਼ਟ ਕੀਤਾ ਗਿਆ ਕਿ ਉਸ ਨੇ ਜੁੱਤੀ ਵਿਰਸਾ ਸਿੰਘ ਵਲਟੋਹਾ ਵੱਲ ਸੁੱਟੀ ਸੀ ਨਾ ਕਿ ਬਿਕਰਮ ਸਿੰਘ ਮਜੀਠੀਆ ‘ਤੇ। ਉਨ੍ਹਾਂ ਮੰਨਿਆ ਕਿ ਵਲਟੋਹਾ ਨੇ ਮੇਰੇ ਭਾਈਚਾਰੇ ਖ਼ਿਲਾਫ਼ ਗ਼ਲਤ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਮੈਂ ਉਨ੍ਹਾਂ ਵੱਲ ਗੁੱਸੇ ਵਿਚ ਆ ਕੇ ਜੁੱਤੀ ਸੁੱਟੀ। ਉਧਰ ਵਿਰਸਾ ਸਿੰਘ ਵਲਟੋਹਾ ਨੇ ਸੂੰਢ ਦੇ ਦਾਅਵੇ ਨੂੰ ਪ੍ਰੈੱਸ ਕਾਨਫਰੰਸ ਕਰਕੇ ਝੂਠਾ ਦੱਸਦਿਆਂ ਕਿਹਾ ਕਿ ਸੂੰਢ ਉਨ੍ਹਾਂ ‘ਤੇ ਲਗਾਏ ਦੋਸ਼ ਜੇਕਰ ਸਾਬਤ ਕਰ ਦੇਣ ਤਾਂ ਮੈਂ ਸਿਆਸਤ ਛੱਡ ਦੇਵਾਂਗਾ ਅਤੇ ਮਾਫ਼ੀ ਮੰਗਾਂਗਾ। ਉਨ੍ਹਾਂ ਕਿਹਾ ਕਿ ਸੂੰਢ ਬੀਤੀ ਰਾਤ ਸ਼ਰਾਬ ਦੇ ਨਸ਼ੇ ਵਿਚ ਸਨ ਇਸ ਕਰਕੇ ਉਸ ਨੂੰ ਪਤਾ ਨਹੀਂ ਲੱਗਾ ਕਿ ਉਹ ਕੀ ਕਰ ਰਿਹਾ ਹੈ। ਦੂਜੇ ਪਾਸੇ ਆਪਣੇ ਵੱਲ ਜੁੱਤੀ ਆਉਣ ‘ਤੇ ਗੁੱਸੇ ‘ਚ ਆਏ ਬਿਕਰਮ ਮਜੀਠੀਆ ਨੇ ਲਲਕਾਰਾ ਮਾਰਦਿਆਂ ਕਿਹਾ ਕਿ ਜੇ ਮਾਂ ਦਾ ਦੁੱਧ ਪੀਤਾ ਏ ਤਾਂ ਸਾਹਮਣੇ ਆ ਕੇ ਲੜੋ। ਕਾਂਗਰਸੀ ਵਿਧਾਇਕਾਂ ਨੇ ਪਹਿਲਾਂ ਤੋਂ ਬਣਾਈ ਹੋਈ ਰਣਨੀਤੀ ਤਹਿਤ ਸਪੀਕਰ ਵੱਲ ਸਦਨ ਵਿਚ ਪੇਸ਼ ਕੀਤੀਆਂ ਗਈਆਂ ਰਿਪੋਰਟਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਪਹਿਲਾਂ ਤਾਂ ਰਿਪੋਰਟਾਂ ਦੇ ਕਾਗਜ਼ ਹਵਾ ਵਿਚ ਉਛਾਲੇ ਗਏ ਪ੍ਰੰਤੂ ਬਾਅਦ ਵਿਚ ਸਪੀਕਰ ਨੂੰ ਨਿਸ਼ਾਨਾ ਬਣਾ-ਬਣਾ ਕੇ ਕਾਗਜ਼ ਦੇ ਗੋਲੇ ਬਣਾ ਕੇ ਉਨ੍ਹਾਂ ਵੱਲ ਸੁੱਟੇ ਗਏ।
ਵਿਰੋਧੀ ਧਿਰ ਕਾਂਗਰਸ ਦੀ ਇਸ ਹਰਕਤ ‘ਤੇ ਸੱਤਾ ਧਿਰ ਅਕਾਲੀ-ਭਾਜਪਾ ਦੇ ਵਿਧਾਇਕਾਂ ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ ਅਤੇ ਇਸ ਦੇ ਬਾਅਦ ਕਾਂਗਰਸ ਬੈਕ ਫੁੱਟ ‘ਤੇ ਆ ਗਈ। ਥੋੜ੍ਹੀ ਦੇਰ ਬਾਅਦ ਕਾਂਗਰਸ ਵਾਪਸ ਆਪਣੇ ਰਵੱਈਏ ‘ਤੇ ਆ ਗਈ ਅਤੇ ਨਾਅਰੇਬਾਜ਼ੀ ਕਰਦੇ ਹੋਏ ਸਪੀਕਰ ਵੱਲ ਰਿਪੋਰਟਾਂ ਦੇ ਕਾਗਜ਼ ਸੁੱਟਣ ਦਾ ਕੰਮ ਜਾਰੀ ਰੱਖਿਆ। ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤਾਂ ਨਿਸ਼ਾਨਾ ਲਗਾ-ਲਗਾ ਕੇ ਸਪੀਕਰ ਵੱਲ ਕਾਗਜ਼ਾਂ ਦੇ ਰੋਲ ਸੁੱਟੇ। ਉਥੇ ਹੀ ਭਾਰਤ ਭੂਸ਼ਣ ਆਸ਼ੂ, ਸੁਖਜਿੰਦਰ ਰੰਧਾਵਾ, ਰਾਣਾ ਗੁਰਜੀਤ ਸਿੰਘ, ਤਰਲੋਚਨ ਸੂੰਢ, ਅਜੀਤ ਇੰਦਰ ਸਿੰਘ ਮੋਫਰ ਲਗਾਤਾਰ ਵਾਰੋ-ਵਾਰੀ ਕਾਗਜ਼ਾਂ ਦੇ ਰੋਲ ਬਣਾ ਕੇ ਸੁੱਟਦੇ ਰਹੇ। ਉਥੇ ਹੀ ਗੁਰਕੀਰਤ ਕੋਟਲੀ ਅਤੇ ਕਰਨ ਕੌਰ ਬਰਾੜ ਵੀ ਸਮੇਂ-ਸਮੇਂ ‘ਤੇ ਹਾਊਸ ਦੇ ਅੰਦਰ ਦੀ ਫੋਟੋ ਤੇ ਵੀਡੀਓ ਬਣਾਉਂਦੇ ਰਹੇ। ਇਸ ਦੌਰਾਨ ਵਿਧਾਨ ਸਭਾ ਵਿਚ 20 ਬਿੱਲ ਬਗੈਰ ਬਹਿਸ ਦੇ ਪਾਸ ਕਰ ਦਿੱਤੇ ਗਏ। ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਨੇ ਸਪੀਕਰ ਤੋਂ ਮੰਗ ਕੀਤੀ ਕਿ ਵਿਧਾਇਕ ਅਤੇ ਮੰਤਰੀ ‘ਤੇ ਜੁੱਤਾ ਸੁੱਟਣ ਵਾਲੇ ਤਰਲੋਚਨ ਸਿੰਘ ਸੂੰਢ ਨੂੰ ਆਪਣੀ ਇਸ ਕਾਰਵਾਈ ਦੇ ਲਈ ਸ਼ਰਮ ਦਾ ਅਹਿਸਾਸ ਕਰਵਾਇਆ ਜਾਵੇ।

Check Also

ਭਾਰਤੀ ਵਿਦਿਆਰਥੀਆਂ ਲਈ ਕੈਨੇਡਾ ‘ਚ ਮੁਸ਼ਕਲਾਂ ਵਧੀਆਂ

ਸਟੱਡੀ ਵੀਜ਼ਾ ‘ਚ 50 ਫੀਸਦੀ ਦੀ ਗਿਰਾਵਟ ਓਟਵਾ : ਕੈਨੇਡਾ ਵਿਚ ਸਟੱਡੀ ਦੀ ਚਾਹਤ ਰੱਖਣ …