Breaking News
Home / ਹਫ਼ਤਾਵਾਰੀ ਫੇਰੀ / ਕੈਨੇਡਾ ‘ਚ ਵਿਦੇਸ਼ੀ ਕਾਮਿਆਂ ‘ਤੇ ਨਿਰਭਰਤਾ ਘਟਾਉਣਾ ਜ਼ਰੂਰੀ : ਟਰੂਡੋ

ਕੈਨੇਡਾ ‘ਚ ਵਿਦੇਸ਼ੀ ਕਾਮਿਆਂ ‘ਤੇ ਨਿਰਭਰਤਾ ਘਟਾਉਣਾ ਜ਼ਰੂਰੀ : ਟਰੂਡੋ

ਵਰਕ ਪਰਮਿਟ ਸਿਸਟਮ ‘ਚ ਤਬਦੀਲੀਆਂ ਕਰਨ ਦਾ ਕੀਤਾ ਐਲਾਨ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਵਲੋਂ ਬੀਤੇ ਅੱਠ ਕੁ ਸਾਲਾਂ ਤੋਂ ਅਪਣਾਈਆਂ ਗਈਆਂ ਵਿਦੇਸ਼ੀਆਂ ਲਈ ਸਟੱਡੀ, ਵਰਕ ਪਰਮਿਟ ਤੇ ਪੱਕੀ ਇਮੀਗਰੇਸ਼ਨ ਦੀਆਂ ਬੇਲਗਾਮ ਨੀਤੀਆਂ ਕਾਰਨ ਦੇਸ਼ ਭਰ ਵਿਚ ਬਣ ਗਏ ਨਿਰਾਸ਼ਾਜਨਕ ਹਾਲਾਤ ਦੇ ਚੱਲਦਿਆਂ ਸਖਤ ਆਲੋਚਨਾਵਾਂ ਅਤੇ ਹਰਮਨਪਿਆਰਤਾ ਨੂੰ ਵੱਡੇ ਖੋਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਵਿਚ ਬੀਤੇ ਮਹੀਨਿਆਂ ਤੋਂ ਉਨ੍ਹਾਂ ਅਤੇ ਉਨ੍ਹਾਂ ਦੇ ਇਮੀਗਰੇਸ਼ਨ ਅਤੇ ਰੋਜ਼ਗਾਰ ਮੰਤਰੀਆਂ ਵਲੋਂ ਯੂ-ਟਰਨ ਲੈਣ ਦੇ ਐਲਾਨ ਕਰਨਾ ਜਾਰੀ ਰੱਖਿਆ ਜਾ ਰਿਹਾ ਹੈ। ਇਸ ਵਿਚ ਵਿਦੇਸ਼ੀ ਵਿਦਿਆਰਥੀਆਂ ਲਈ ਸਟੱਡੀ ਪਰਮਿਟ ਘੱਟ ਕਰਨਾ, ਕੈਨੇਡਾ ਵਿਚ ਪੜ੍ਹਾਈ ਕਰਨ ਦੇ ਨਿਯਮ ਸਖਤ ਕਰਨੇ, ਕੈਨੇਡਾ ਵਿਚ ਕੰਮ ਕਰਨ ਦੇ ਘੰਟਿਆਂ ਨੂੰ ਨਿਯਮਤ ਕਰਨਾ ਅਤੇ ਪੱਕੀ ਇਮੀਗਰੇਸ਼ਨ ਦੀ ‘ਸੀਰਨੀ ਨਾ ਵੰਡਣਾ’ ਆਦਿਕ ਸ਼ਾਮਲ ਹੈ। ਇਸੇ ਦੌਰਾਨ ਦੇਸ਼ ਵਿਚ ਵਰਕ ਪਰਮਿਟ ਵਾਸਤੇ ਲੇਬਰ ਮਾਰਕਿਟ ਇੰਪੈਕਟ ਅਸੈਸਮੈਂਟ (ਐਲ.ਐਮ.ਆਈ.ਏ.) ਦੇ ਢਿੱਲੇ ਸਿਸਟਮ ਨਾਲ ਵੱਡੇ ਪੱਧਰ ‘ਤੇ ਹੋ ਰਹੀਆਂ ਘਪਲੇਬਾਜ਼ੀਆਂ ਅਤੇ ਕੈਨੇਡਾ ਦੇ ਲੋਕਾਂ ਦੀ ਅਣਦੇਖੀ ਕਰਕੇ ਵਿਦੇਸ਼ੀਆਂ ਨੂੰ ਐਲ.ਐਮ.ਆਈ.ਏ. ਵੇਚਣ ਦੇ ਪ੍ਰਚਲਣ ਕਾਰਨ ਕੈਨੇਡਾ ਦੀ ਵੱਡੀ (ਯੂ.ਐਨ.ਓ. ਤੱਕ) ਰਸਵਾਈ ਹੋ ਰਹੀ ਸੀ, ਜਿਸ ਨੂੰ ਰੋਕਣ ਲਈ ਟਰੂਡੋ ਸਰਕਾਰ ਨੇ ਬੀਤੇ ਸਾਲਾਂ ਦੌਰਾਨ ਗੰਭੀਰਤਾ ਨਹੀਂ ਦਿਖਾਈ, ਪਰ ਹੁਣ ਬੀਤੇ ਹੈਲੀਫੈਕਸ ਵਿਚ ਕੈਬਨਿਟ ਮੰਤਰੀਆਂ ਦੀ ਬੈਠਕ ਦੌਰਾਨ ਵਰਕ ਪਰਮਿਟ ਸਿਸਟਮ ਵਿਚ ਸੁਧਾਰ ਕਰਨ ਅਤੇ ਐਲ.ਐਮ.ਆਈ.ਏ. ਮਨਜੂਰ ਕਰਨ ਦੀ ਗਿਣਤੀ ਘਟਾਉਣ ਅਤੇ ਕਮਜ਼ੋਰ ਐਲ.ਐਮ.ਆਈ.ਏ. ਸਿਸਟਮ ਨੂੰ ਦਰੁੱਸਤ ਕਰਨ ਦਾ ਐਲਾਨ ਕੀਤਾ ਗਿਆ। ਇਸ ਵਿਚ ਘੱਟ ਤਨਖਾਹ (ਸਸਤੀ ਲੇਬਰ) ਵਾਸਤੇ ਐਲ.ਐਮ.ਆਈ.ਏ. ਬੰਦ ਕਰਨ ਦਾ ਐਲਾਨ ਸ਼ਾਮਲ ਹੈ। ਮੀਟਿੰਗ ਦੇ ਦੂਸਰੇ ਦਿਨ ਟਰੂਡੋ ਨੇ ਕਿਹਾ ਕਿ ਸਾਨੂੰ ਵਿਦੇਸ਼ੀ ਕਾਮਿਆਂ ਉਪਰ ਨਿਰਭਰਤਾ ਘਟਾਉਣੀ ਪਵੇਗੀ ਤਾਂ ਜੋ ਕੈਨੇਡਾ ਦੇ ਲੋਕਾਂ ਨੂੰ ਕੰਮਾਂ ਉਪਰ ਰੱਖਣ ਨੂੰ ਪਹਿਲ ਮਿਲ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਇਮੀਗਰੇਸ਼ਨ ਨੀਤੀ ਵਿਚ ਸੁਧਾਰ ਕਰਨਾ ਜ਼ਰੂਰੀ ਹੈ, ਜਿਸ ਨਾਲ ਵਿਦੇਸ਼ਾਂ ਤੋਂ ਆ ਰਹੇ ਲੋਕਾਂ ਨੂੰ ਕੈਨੇਡਾ ਵਿਚ ਆ ਕੇ ਸਥਾਪਿਤ ਹੋਣਾ ਸੌਖਾ ਰਹੇ। ਇਸ ਸਮੇਂ ਕੈਨੇਡਾ ਵਿਚ ਰਿਹਾਇਸ਼ ਦੀ ਘਾਟ ਮਹਿੰਗਾਈ ਅਤੇ ਨੌਕਰੀਆਂ ਤੋਂ ਘਰਾਂ ਦੇ ਖਰਚੇ ਚਲਾਉਣ ਜੋਗੀ ਆਮਦਨ ਨਾ ਹੁੰਦੀ ਹੋਣ ਕਰਕੇ ਸਥਾਨਕ ਲੋਕ ਨਿਰਾਸ਼ਾ ਵਿਚ ਹਨ ਅਤੇ ਬੇਘਰੇ ਲੋਕ ਵਧੇ ਹਨ ਜੋ ਸੜਕਾਂ ਅਤੇ ਪਾਰਕਾਂ ਵਿਚ ਰਾਤਾਂ ਕੱਟਣ ਲਈ ਮਜਬੂਰ ਹੋ ਰਹੇ ਹਨ। ਦੂਸਰੇ ਪਾਸੇ ਦੇਸ਼ ਦੀ ਨੁਕਸਦਾਰ (ਕੰਪਿਊਟਰ) ਵਿਜ਼ਟਰ ਵੀਜ਼ਾ ਨੀਤੀ ਕਾਰਨ ਵਿਦੇਸ਼ਾਂ ਤੋਂ ਕੈਨੇਡਾ ਵਿਚ ਪਹੁੰਚ ਕੇ ਸ਼ਰਨ ਅਪਲਾਈ ਕਰਨ ਵਾਲੇ ਵਿਦੇਸ਼ੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਜਿਸ ਵਿਚ 2024 ਦੇ ਬੀਤੇ ਕੁਝ ਮਹੀਨਿਆਂ ਦੌਰਾਨ ਸ਼ਰਨ ਮੰਗਣ ਵਾਲੇ ਭਾਰਤੀ ਨਾਗਰਿਕਾਂ (ਵੱਡੇ ਪੱਧਰ ‘ਤੇ ਪੰਜਾਬੀਆਂ) ਦੀ ਗਿਣਤੀ ਵਿਚ ਬੀਤੇ ਸਾਲ ਦੇ ਮੁਕਾਬਲੇ 500 ਫੀਸਦੀ ਅਤੇ ਬੰਗਲਾਦੇਸ਼ ਦੇ ਸ਼ਰਨਾਰਥੀਆਂ ਦੀ ਗਿਣਤੀ 1200 ਫੀਸਦੀ ਵਾਧਾ ਹੋਣ ਦੀ ਤਾਜ਼ਾ ਖਬਰ ਸ਼ਾਮਲ ਹੈ।
ਕੈਨੇਡਾ ਸਰਕਾਰ ਵਲੋਂ 2023 ਵਿਚ 183820 ਵਰਕ ਪਰਮਿਟ ਜਾਰੀ ਕੀਤੇ ਗਏ ਸਨ ਅਤੇ ਇਹ ਨੰਬਰ ਪਿਛਲੇ ਚਾਰ ਸਾਲਾਂ ਦੌਰਾਨ ਲਗਭਗ ਦੁੱਗਣਾ ਹੋ ਗਿਆ ਹੈ। ਟਰੂਡੋ ਨੇ ਆਖਿਆ ਕਿ ਇਸ ਨੀਤੀ ਨੂੰ ਬਦਲਿਆ ਜਾਵੇਗਾ। 26 ਸਤੰਬਰ 2024 ਤੋਂ ਕੈਨੇਡੀਅਨ ਕਾਰੋਬਾਰਾਂ ਵਿਚ 10 ਫੀਸਦੀ ਤੋਂ ਵੱਧ ਵਿਦੇਸ਼ੀ ਕਾਮੇ ਨਹੀਂ ਰੱਖੇ ਜਾ ਸਕਣਗੇ।

Check Also

ਅਦਾਰਾ ਪਰਵਾਸੀ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ

ਅਦਾਰਾ ‘ਪਰਵਾਸੀ’ ਦੇ ਸਹਿਯੋਗੀਆਂ, ਸਨੇਹੀਆਂ, ਨਜ਼ਦੀਕੀਆਂ ਤੇ ਪਾਠਕਾਂ ਨੂੰ ਮਿਠਾਸ ਭਰੇ, ਮਹਿਕਾਂ ਭਰੇ, ਰੋਸ਼ਨੀਆਂ ਵੰਡਦੇ, …