ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੀ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੇ ਦੇਸ਼ ਦੀ ਗਵਰਨਰ ਜਨਰਲ ਜੂਲੀ ਪੇਅਟ ਨਾਲ ਮੁਲਾਕਾਤ ਕਰਕੇ ਅਗਲੀ ਸਰਕਾਰ ਦਾ ਗਠਨ ਕਰਨ ਦਾ ਦਾਅਵਾ ਪੇਸ਼ ਕੀਤਾ ਹੈ। ਲੰਘੀ 21 ਅਕਤੂਬਰ ਨੂੰ ਹੋਈ ਸੰਸਦੀ ਚੋਣ ਵਿਚ ਉਨ੍ਹਾਂ ਦੀ ਲਿਬਰਲ ਪਾਰਟੀ ਨੂੰ 338 ਵਿਚੋਂ 157 ਸੀਟਾਂ ‘ਤੇ ਜਿੱਤ ਮਿਲੀ ਸੀ ਜੋ ਬਹੁਮਤ ਨਾਲੋਂ 13 ਘੱਟ ਹਨ ਪਰ ਕਿਸੇ ਹੋਰ ਪਾਰਟੀ ਨੂੰ ਉਨ੍ਹਾਂ ਤੋਂ ਵੱਧ ਸੀਟਾਂ ਨਹੀਂ ਮਿਲੀਆਂ। ਟਰੂਡੋ ਪਹਿਲਾਂ ਹੀ ਆਖ ਚੁੱਕੇ ਹਨ ਕਿ ਉਨ੍ਹਾਂ ਦੀ ਨਵੀਂ ਸਰਕਾਰ ਦਾ ਸਹੁੰ-ਚੁੱਕ ਸਮਾਗਮ 20 ਨਵੰਬਰ ਨੂੰ ਰਾਜਧਾਨੀ ਓਟਾਵਾ ਵਿਖੇ ਹੋਵੇਗਾ ਅਤੇ ਕਿਸੇ ਹੋਰ ਰਾਜਨੀਤਕ ਪਾਰਟੀ ਨਾਲ਼ ਗਠਜੋੜ ਨਹੀਂ ਕੀਤਾ ਜਾਵੇਗਾ। ਇਸ ਦੌਰਾਨ ਇਨ੍ਹੀਂ ਦਿਨੀਂ ਜਿਥੇ ਟਰੂਡੋ ਆਪਣੀ ਕੈਬਨਿਟ ਦਾ ਗਠਨ ਕਰਨ ਵਿਚ ਰੁੱਝੇ ਹਨ ਓਥੇ ਗਵਰਨਰ ਜਨਰਲ ਹਾਊਸ ਵਿਖੇ ਸਹੁੰ ਚੁੱਕ ਸਮਾਗਮ ਦੇ ਪ੍ਰਬੰਧ ਆਰੰਭੇ ਜਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਜਸਟਿਨ ਟਰੂਡੋ ਆਖ ਚੁੱਕੇ ਹਨ ਕਿ ਅਸੀਂ ਕਿਸੇ ਤੋਂ ਸਮਰਥਨ ਨਹੀਂ ਮੰਗਾਂਗੇ, ਉਥੇ ਹੀ ਐਨਡੀਪੀ ਆਗੂ ਜਗਮੀਤ ਸਿੰਘ ਪਹਿਲਾਂ ਹੀ ਆਖ ਚੁੱਕੇ ਹਨ ਕਿ ਕੈਨੇਡਾ ਦੇ ਹਿਤ ਵਿਚ ਅਸੀਂ ਲਿਬਰਲ ਨੂੰ ਸਮਰਥਨ ਦੇਵਾਂਗੇ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …