ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਬੀਤੇ ਸ਼ਨਿਚਰਵਾਰ ਬਰੈਂਪਟਨ ਦੇ ਕਲੀਵਵਿਊ ਸੀਨੀਅਰਜ਼ ਕਲੱਬ ਵਲੋਂ ਨਿਆਗਰਾ ਫਾਲਜ਼ ਦੇ ਟੂਰ ਦਾ ਪ੍ਰਬੰਧ ਕੀਤਾ ਗਿਆ। ਸਫਰ ਲਈ ਲਿਆਂਦੀ ਵੱਡੀ ਬੱਸ ਸਵਾਰੀਆਂ ਨਾਲ ਪੂਰੀ ਤਰ੍ਹਾਂ ਭਰੀ ਹੋਈ ਸੀ, ਜਿਸ ਵਿੱਚ ਜਾਣ ਸਮੇਂ ਸਿੱਧੇ ਰਸਤੇ ਵਿੱਚ ਟਰੈਫਿਕ ਰੁਕਾਵਟ ਆਉਣ ਕਾਰਨ ਬੇਸ਼ਕ 2 ਘੰਟਿਆਂ ਤੋਂ ਵੀ ਵੱਧ ਸਮਾਂ ਲੱਗਿਆ, ਪਰ ਫਿਰ ਵੀ ਸਫ਼ਰ ਅਰਾਮਦਾਇਕ ਰਿਹਾ। ਬੱਸ ਦੇ ਚੱਲਣ ਸਮੇਂ ਹੀ ਹਲਕੇ ਬਰੇਕਫ਼ਾਸਟ ਵਜੋਂ ਮੈਂਬਰਾਂ ਨੂੰ ਖਾਣ ਲਈ ਕੇਲੇ ਸੰਤਰੇ ਵੰਡ ਦਿੱਤੇ ਗਏ ਜਿਸ ਦਾ ਸਭ ਨੇ ਚੰਗਾ ਆਨੰਦ ਮਾਣਿਆਂ। ਜੋ ਸੀਨੀਅਰ ਨਿਆਗਰਾ ਫਾਲਜ਼ ਵੱਲ ਪਹਿਲੀ ਵਾਰ ਗਏ ਸਨ, ਉਨ੍ਹਾਂ ਲਈ ਰਸਤੇ ਵਿੱਚ ਫੈਲੇ, ਅੰਗੂਰਾਂ, ਨਾਸ਼ਪਾਤੀਆਂ, ਸੇਬਾਂ ਆਦਿ ਦੇ ਬਾਗ ਖਿੱਚ ਦਾ ਕੇਂਦਰ ਬਣੇ ਰਹੇ।
ਬੱਸ ਵਿੱਚੋਂ ਉਤਰਦਿਆਂ ਹੀ ਝਰਨੇ ਦੇ ਆਲੇ ਦੁਆਲੇ ਦੇ ਵੱਡੇ ਦਰੱਖਤਾਂ, ਝਾੜੀਆਂ ਅਤੇ ਘਾਹ ਦੇ ਮੈਦਾਨਾਂ ਨੇ ਸਭ ਦਾ ਮਨ ਮੋਹ ਲਿਆ। ਹੇਠਾਂ ਉਤਰ ਕੇ ਕੁਝ ਖਾ ਪੀ ਸਾਰੇ ਵੱਡੇ ਝਰਨੇ ਦੇ ਆਸ ਪਾਸ ਸੈਰ ਸਪਾਟਾ ਕਰਨ ਅਤੇ ਫੋਟੋਆਂ ਖਿਚਣ ਚਲੇ ਗਏ। ਛੋਟੇ ਗਰੁੱਪਾਂ ਵਿੱਚ ਵੰਡੇ ਮੈਂਬਰ ਆਪੋ ਆਪਣੇ ਗਰੁੱਪਾਂ ਵਿੱਚ ਘਾਹ ‘ਤੇ ਚਾਦਰਾਂ ਵਿਛਾ ਵੱਡੇ ਦਰੱਖਤਾਂ ਦੀ ਛਾਂ ਹੇਠਾਂ ਬੈਠ ਗੱਲਾਂ ਬਾਤਾਂ ਵਿੱਚ ਰੁੱਝ ਗਏ।
ਕੁਝ ਕੁ ਮੈਂਬਰਾਂ ਨੇ ਆਸ ਪਾਸ ਦੇ ਬਜ਼ਾਰਾਂ ਵਿੱਚ ਤੁਰ ਫਿਰ ਕੇ ਅਪਣਾ ਮੰਨੋਰੰਜਨ ਕੀਤਾ। ਦੁਨੀਆਂ ਦੇ ਪ੍ਰਸਿੱਧ ਝਰਨਿਆਂ ਵਿੱਚ ਗਿਣੇ ਜਾਣ ਵਾਲੇ ਨਿਆਗਰਾ ਫਾਲ ਦਾ ਆਪਣਾ ਹੀ ਨਜ਼ਾਰਾ ਹੈ, ਜਿਸ ਵਿਚ ਹਰ ਮਿੰਟ ਤਕਰੀਬਨ 59 ਲੱਖ ਘਣ ਫੁੱਟ ਪਾਣੀ ਪ੍ਰਤੀ ਮਿੰਟ 160 ਫੁੱਟ ਹੇਠਾਂ ਡਿਗਦਾ ਹੈ। ਇਹ ਇਰੀ ਝੀਲ ਨੂੰ ਓਨਟਾਰੀਓ ਝੀਲ ਨਾਲ ਮਿਲਾਉਂਦੇ ਨਿਆਗਰਾ ਦਰਿਆ ਜੋ ਇਸ ਥਾਂ ਅਮਰੀਕਾ ਅਤੇ ਕੈਨੇਡਾ ਦੀ ਹੱਦ ਬਣਾਉਂਦਾ ਹੈ ‘ਤੇ ਸਥਿਤ ਹੈ।
ਡਿਗਦੇ ਪਾਣੀ ਵਿੱਚੋਂ ਹਵਾ ਵਿੱਚ ਰਲੀਆਂ ਪਾਣੀ ਦੀਆਂ ਬਰੀਕ ਬੂੰਦਾਂ ਉਪਰ ਉੱਠ ਬਦਲ ਦਾ ਰੂਪ ਧਾਰ ਲੈਂਦੀਆਂ ਹਨ, ਜਿਸ ਵਿੱਚ ਆਮ ਤੌਰ ‘ਤੇ ਸਤਰੰਗੀ ਪੀਂਘ ਦਿਸਦੀ ਹੈ ਅਤੇ ਨਾਲ ਹੀ ਇਹ ਕੁਝ ਕੁ ਮਿੰਟਾਂ ਦੇ ਫ਼ਰਕ ਨਾਲ ਮਹੀਨ ਬੂੰਦਾ ਬਾਂਦੀ ਦੇ ਰੂਪ ਵਿੱਚ ਇਕੱਠੀ ਹੋਈ ਭੀੜ ਤੇ ਛਿੜਕਾ ਕਰ ਜਾਂਦੀਆਂ ਹਨ। ਇਸ ਥਾਂ ਘੁੰਮ ਫਿਰ ਮੈਂਬਰਾਂ ਨੇ ਅਨੰਦ ਮਾਣਿਆਂ ਅਤੇ ਸ਼ਾਮ ਪੰਜ ਵਜੇ ਬੱਸ ‘ਤੇ ਵਾਪਸ ਜਾਣ ਲਈ ਨਿਰਧਾਰਤ ਥਾਂ ‘ਤੇ ਆ ਗਏ।
ਬੱਸ ਦੀ ਵਾਪਸੀ ਦਾ ਸਫ਼ਰ ਵੀ ਬੜਾ ਸੁਹਾਵਣਾ ਰਿਹਾ, ਜਿਸ ਵਿਚ ਇੱਕ ਥਾਂ ਰੁਕਦਿਆਂ ਸਭ ਨੇ ਚਾਹ ਕੌਫੀ ਵਗੈਰਾ ਪੀ ਬਰੈਂਪਟਨ ਵੱਲ ਨੂੰ ਚਾਲੇ ਪਾ ਲਏ। ਵਧੀਆ ਸਮੇਂ ਸਿਰ ਸਾਰੇ ਘਰੋ ਘਰੀ ਪਹੁੰਚ ਗਏ। ਕਲੱਬ ਬਾਰੇ ਹੋਰ ਜਾਣਕਾਰੀ ਲਈ ਗੁਰਸੇਵਕ ਸਿੰਘ ਸਿੱਧੂ (647 510 1616) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …